Punjabi Essay, Lekh, Paragraph on "ਆਦਰਸ਼ ਵਿਦਿਆਰਥੀ " "An ideal Student" Complete essay for Class 8, 9, 10, 11, 12 in Punjabi Language.

ਆਦਰਸ਼ ਵਿਦਿਆਰਥੀ 
An ideal Student



ਹਿੰਮਤ ਰੱਖ ਕੇ ਮਿਹਨਤ ਕਰਦੇ, ਗੁਰੂ ਦਾ ਮੰਨਦੇ ਕਹਿਣਾ, 

ਵਿਦਿਆ ਦੇ ਰੱਥ ਉੱਤੇ ਚੜਦੇ, ਪਾ ਕੇ ਅਭਿਆਸ ਦਾ ਗਹਿਣਾ।

ਜਿਹੜਾ ਵਿਅਕਤੀ ਈਮਾਨਦਾਰ ਹੋਵੇ, ਮਿੱਠਾ ਬੋਲਦਾ ਹੋਵੇ, ਮਿਹਨਤੀ ਹੋਵੇ, ਦੂਜਿਆਂ ਦੀ ਮਦਦ ਕਰਦਾ ਹੋਵੇ, ਉਸ ਨੂੰ ਚੰਗਾ ਅਤੇ ਨੇਕ ਇਨਸਾਨ ਕਹਿੰਦੇ ਹਨ। ਜਿਹੜਾ ਬੱਚਾ ਆਪਣੇ ਮਾਪਿਆਂ ਦਾ ਹਰ ਕਹਿਣਾ ਮੰਨੇ, ਉਸ ਨੂੰ ਲਾਇਕ ਬੱਚਾ ਆਖਦੇ ਹਨ। ਜਿਹੜਾ ਆਪਣੇ ਦੋਸਤ ਨੂੰ ਸੱਚੇ ਦਿਲੋਂ ਪਿਆਰ ਕਰੇ ਅਤੇ ਉਸ ਦੀ ਔਖੇ ਵੇਲੇ ਮਦਦ ਕਰੇ, ਉਸ ਸੱਚਾ ਮਿੱਤਰ ਆਖਦੇ ਹਨ। ਇੰਝ ਹੀ ਜਿਹੜਾ ਵਿਦਿਆਰਥੀ ਮਨ ਲਗਾ ਕੇ ਪੜ੍ਹੇ ਸਮੇਂ ਦਾ ਪਾਬੰਦ ਹੋਵੇ, ਅਧਿਆਪਕਾਂ ਦਾ ਆਦਰ ਕਰੇ ਅਤੇ ਆਪਣਾ ਉੱਚਾ ਉਦੇਸ਼ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰੇ, ਕੁਝ ਕਰ ਕੇ ਦਿਖਾਉਣ ਦੀ ਇੱਛਾ ਰੱਖੇ, ਸਾਦਾ ਜੀਵਨ ਅਪਣਾਏ, ਮਾਂ-ਬਾਪ ਦੀ ਆਗਿਆ ਦਾ ਪਾਲਣ ਕਰੇ, ਹਰ ਸਮੇਂ ਸਿੱਖਣ ਲਈ ਤਿਆਰ ਰਹੇ ਅਤੇ ਪੜ੍ਹਨ ਦੇ ਨਾਲ ਸਕੂਲ ਦੇ ਵਿਚ ਹੁੰਦੀਆਂ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲਏ, ਉਸ ਵਿਦਿਆਰਥੀ ਨੂੰ ਚੰਗਾ ਵਿਦਿਆਰਥੀ ਆਖਿਆ ਜਾਂਦਾ ਹੈ।

ਚੰਗਾ ਵਿਦਿਆਰਥੀ ਜਮਾਤ ਵਿਚ ਪੂਰੀ ਇਕਾਗਰਤਾ ਨਾਲ ਬੈਠਦਾ ਹੈ ਅਤੇ ਜੋ ਕੁਝ ਅਧਿਆਪਕ ਪੜ੍ਹਾਉਂਦੇ ਹਨ ਜਾਂ ਸਿਖਾਉਂਦੇ ਹਨ ਉਸ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਉਸ ਉੱਤੇ ਅਮਲ ਕਰਦਾ ਹੈ। 

ਚੰਗਾ ਵਿਦਿਆਰਥੀ ਜਮਾਤ ਵਿਚ ਰੌਲਾ ਨਹੀਂ ਪਾਉਂਦਾ, ਨਾ ਹੀ ਦੂਜੇ ਵਿਦਿਆਰਥੀਆਂ ਨਾਲ ਫਾਲਤੂ ਗੱਲਾਂ ਕਰਦਾ ਹੈ। ਜੇਕਰ ਜ਼ਰੂਰਤ ਪਵੇ ਤਾਂ ਅਧਿਆਪਕ ਕੋਲੋਂ ਆਗਿਆ ਲੈ ਕੇ ਗੱਲ-ਬਾਤ ਕਰਦਾ ਹੈ।

ਚੰਗਾ ਵਿਦਿਆਰਥੀ ਮਿਹਨਤ ਕਰਦਾ ਹੈ। ਸਕੂਲ ਵਿਚ ਕਰਵਾਏ ਗਏ ਕੰਮ ਦਾ ਘਰ ਆ ਕੇ ਪੂਰੀ ਲਗਨ ਨਾਲ ਅਭਿਆਸ ਕਰਦਾ ਹੈ। ਕੀਤੀਆਂ ਗਈਆਂ ਗਲਤੀਆਂ ਨੂੰ ਅਧਿਆਪਕ ਦੀ ਮਦਦ ਨਾਲ ਸੁਧਾਰਨ ਦਾ ਜਤਨ ਕਰਦਾ ਹੈ।

ਚੰਗਾ ਵਿਦਿਆਰਥੀ ਸਹਿਣਸ਼ੀਲ ਹੁੰਦਾ ਹੈ। ਉਹ ਨਿੱਕੀ-ਨਿੱਕੀ ਗੱਲ ਉੱਤੇ ਆਪਣੇ ਸਾਥੀਆਂ ਨਾਲ ਇੱਟ-ਖੜਿੱਕਾ ਨਹੀਂ ਕਰਦਾ ਅਤੇ ਨਾ ਹੀ ਵਾਰ-ਵਾਰ ਸ਼ਿਕਾਇਤਾਂ ਲੈ ਕੇ ਅਧਿਆਪਕ ਕੋਲ ਜਾਂਦਾ ਹੈ। ਜੇਕਰ ਅਧਿਆਪਕ ਜਾਂ ਮਾਂ-ਬਾਪ ਕਿਸੇ ਗੱਲੋਂ ਝਿੜਕਣ ਤਾਂ ਨਿਮਰਤਾ ਨਾਲ ਸਿਰ ਝੁਕਾ ਦਿੰਦਾ ਹੈ ਅਤੇ ਅਧਿਆਪਕ ਅਤੇ ਮਾਪਿਆਂ ਦੇ ਝਿੜਕਣ ਦਾ ਬੁਰਾ ਨਹੀਂ ਮਨਾਉਂਦਾ ਸਗੋਂ ਸੋਚਦਾ ਹੈ ਕਿ ਮੇਰੇ ਭਲੇ ਲਈ ਹੀ ਮੈਨੂੰ ਡਾਂਟ ਪਈ ਹੈ।

ਚੰਗਾ ਵਿਦਿਆਰਥੀ ਸਕੂਲ ਦੇ ਹਰ ਨਿਯਮ ਦਾ ਪਾਲਣ ਕਰਦਾ ਹੈ। ਉਹ ਸਮੇਂ ਸਿਰ ਸਕੂਲ ਪਹੁੰਚਦਾ ਹੈ। ਬਿਨਾਂ ਕਾਰਨ ਸਕੂਲ ਆਉਣ ਵਿਚ ਦੇਰੀ ਨਹੀਂ ਕਰਦਾ। ਰੋਜ਼ ਸਾਫ਼-ਸੁਥਰੀ ਵਰਦੀ ਪਾ ਕੇ ਆਉਂਦਾ ਹੈ।

ਚੰਗਾ ਵਿਦਿਆਰਥੀ ਮਨ ਵਿਚ ਕੁਝ ਬਣ ਕੇ ਵਿਖਾਉਣ ਦਾ ਸੁਪਨਾ ਲੈਂਦਾ ਹੈ ਅਤੇ ਫਿਰ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਦਿਨ-ਰਾਤ ਇਕ ਕਰ ਦਿੰਦਾ ਹੈ। ਉਹ ਪੂਰੀ ਈਮਾਨਦਾਰੀ ਨਾਲ ਪੜ੍ਹ ਕੇ ਇਮਤਿਹਾਨ ਦਿੰਦਾ ਹੈ ਅਤੇ ਇਮਤਿਹਾਨਾਂ ਵਿਚ ਮੌਕਾ ਮਿਲਣ ਉੱਤੇ ਵੀ ਨਕਲ ਨਹੀਂ ਮਾਰਦਾ।

ਚੰਗਾ ਵਿਦਿਆਰਥੀ ਸਿਰਫ਼ ਕਿਤਾਬੀ ਕੀੜਾ ਹੀ ਨਹੀਂ ਹੁੰਦਾ, ਉਹ ਆਪਣੇ ਵਿਹਲੇ ਸਮੇਂ ਵਿਚ ਖੇਡਾਂ ਖੇਡਦਾ ਹੈ, ਕਸਰਤ ਕਰਦਾ ਹੈ, ਅਖਬਾਰਾਂ ਪੜ੍ਹਦਾ ਹੈ। ਸਕੂਲ ਵਿਚ ਹੁੰਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦਾ ਹੈ ਅਤੇ ਘਰ ਵਿਚ ਲੋੜ ਪੈਣ ਉੱਤੇ ਮਾਤਾ-ਪਿਤਾ ਦੀ ਮਦਦ ਵੀ ਕਰਦਾ ਹੈ।

ਚੰਗਾ ਵਿਦਿਆਰਥੀ ਸਾਦਾ ਜੀਵਨ ਬਤੀਤ ਕਰਦਾ ਹੈ। ਉਹ ਹੋਛੇ ਫੈਸ਼ਨ ਨਹੀਂ ਕਰਦਾ। ਉਸ ਦਾ ਖਾਣ-ਪੀਣ ਸਾਦਾ ਅਤੇ ਪੌਸ਼ਟਿਕ ਹੁੰਦਾ ਹੈ। ਉਹ ਬਜ਼ਾਰ ਦੀਆਂ ਤਲੀਆਂ ਹੋਈਆਂ ਤੇ ਮਸਾਲੇਦਾਰ ਚੀਜਾਂ ਦੀ ਥਾਂ ਆਪਣੇ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ।

ਚੰਗਾ ਵਿਦਿਆਰਥੀ ਹੀ ਵੱਡਾ ਹੋ ਕੇ ਚੰਗਾ ਇਨਸਾਨ ਬਣਦਾ ਹੈ। ਜਿਹੜਾ ਵਿਦਿਆਰਥੀ ਉੱਪਰ ਲਿਖੇ ਗੁਣ ਅਪਣਾਵੇਗਾ, ਉਹ ਚੰਗਾ ਵਿਦਿਆਰਥੀ ਬਣ ਜਾਵੇਗਾ।


Post a Comment

2 Comments