ਅਖਬਾਰ ਦੇ ਲਾਭ
Akhbara de Labh
ਸਵੇਰੇ ਉੱਠੋ, ਉਠ ਕੇ ਪੜ੍ਹੋ ਅਖ਼ਬਾਰ,
ਘਰ ਬੈਠਿਆਂ ਜਾਣੋ, ਜੋ ਹੁੰਦਾ ਵਿਚ ਸਾਰੇ ਸੰਸਾਰ।
ਅਖ਼ਬਾਰ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹੈ। ਅਖ਼ਬਾਰ ਜੀਵਨ ਦੀ ਉਹ ਅੱਖ ਹੈ ਜੋ ਬਾਹਰ ਦੁਨੀਆਂ ਵਿਚ ਜੋ ਕੁਝ ਵਾਪਰਦਾ ਹੈ ਉਸ ਤੋਂ ਸਾਨੂੰ ਜਾਣੂ ਕਰਵਾਉਂਦੀ ਹੈ। ਤਿੰਨ ਰੁਪਏ ਦੀ ਅਖ਼ਬਾਰ ਸਾਨੂੰ ਸਾਰੀ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਦੀ ਜਾਣਕਾਰੀ ਦੇ ਦਿੰਦੀ ਹੈ, ਉਹ ਵੀ ਸਵੇਰੇ-ਸਵੇਰੇ। ਇਸ ਲਈ ਸਾਨੂੰ ਆਪਣੀ ਜਾਣਕਾਰੀ ਵਿਚ ਵੱਡਾ ਵਾਧਾ ਕਰਨ ਲਈ ਅਖ਼ਬਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਅਖ਼ਬਾਰ ਪੜ੍ਹਨ ਦੇ ਅਣਗਿਣਤ ਲਾਭ ਹਨ।
ਅਖ਼ਬਾਰਾਂ ਵਿਚ ਛੋਟੇ ਤੋਂ ਛੋਟੇ ਪਿੰਡ ਤੋਂ ਲੈ ਕੇ ਦੁਨੀਆਂ ਦੇ ਵੱਡੇ ਤੋਂ ਵੱਡੇ ਦੇਸ ਦੀਆਂ ਖ਼ਬਰਾਂ ਛਪਦੀਆਂ ਹਨ। ਇੱਥੋਂ ਤੱਕ ਕਿ ਧਰਤੀ, ਪਤਾਲ ਜਾਂ ਅਕਾਸ਼ ਵਿਚ ਕਿਹੜੀਆਂ ਨਵੀਆਂ ਖੋਜਾਂ ਹੋ ਰਹੀਆਂ ਹਨ, ਉਹਨਾਂ ਦੀ ਤਾਜ਼ਾ ਜਾਣਕਾਰੀ ਵੀ ਅਖ਼ਬਾਰਾਂ ਵਿੱਚੋਂ ਮਿਲ ਜਾਂਦੀ ਹੈ।
ਅਖ਼ਬਾਰਾਂ ਪੜ੍ਹ ਕੇ ਅਸੀਂ ਆਪਣੇ ਦੇਸ ਦੀ ਰਾਜਨੀਤੀ, ਆਪਣੇ ਦੇਸ ਦੀ ਤਾਕਤ, ਸਮਰਥਾ, ਆਪਣੇ ਦੇਸ ਦੀਆਂ ਨੀਤੀਆਂ, ਆਪਣੇ ਦੇਸ ਨਾਲ ਵਿਦੇਸਾਂ ਦੇ ਸੰਬੰਧ, ਆਪਣੇ ਦੇਸ਼ ਦੀ ਆਰਥਿਕ ਹਾਲਤ, ਆਪਣੇ ਦੇਸ਼ ਦੀਆਂ ਸਮੱਸਿਆਵਾਂ, ਤਰੱਕੀ ਜਾਂ ਵਿਕਾਸ ਦੀ ਭਰਪੂਰ ਜਾਣਕਾਰੀ ਲੈ ਸਕਦੇ ਹਾਂ।
ਅਖ਼ਬਾਰਾਂ ਵਿਚ ਸੰਪਾਦਕੀ ਲੇਖ ਛਪਦੇ ਹਨ ਜੋ ਕਿ ਸਮਝਦਾਰੀ ਅਤੇ ਜਾਣਕਾਰੀ ਨਾਲ ਸੰਬੰਧਤ ਹੁੰਦੇ ਹਨ, ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਵੱਡੇ-ਵੱਡੇ ਅਰਥ-ਸ਼ਾਸਤਰੀਆਂ, ਸਮਾਜ ਸ਼ਾਸਤਰੀਆਂ, ਵਿਗਿਆਨਕਾਂ, ਇੰਜੀਨੀਅਰਾਂ, ਕਲਾਕਾਰਾਂ, ਲੇਖਕਾਂ ਅਤੇ ਵਿਦਵਾਨਾਂ ਦੇ ਵੱਖ-ਵੱਖ ਵਿਸ਼ਿਆਂ ਉੱਤੇ ਲੇਖ ਛਪਦੇ ਰਹਿੰਦੇ ਹਨ। ਇਹਨਾਂ ਮੁੱਲਵਾਨ ਵਿਚਾਰਾਂ ਨੂੰ ਅਸੀਂ ਥੋੜ੍ਹੇ ਜਿਹੇ ਪੈਸੇ ਖਰਚ ਕੇ ਪੜ੍ਹ ਸਕਦੇ ਹਾਂ ਅਤੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਾਂ।
ਅੱਜ ਦਾ ਯੁੱਗ ਇਸ਼ਤਿਹਾਰਬਾਜ਼ੀ ਦਾ ਯੁੱਗ ਹੈ। ਅਸੀਂ ਅਖ਼ਬਾਰਾਂ ਵਿੱਚੋਂ ਇਸ਼ਤਿਹਾਰ ਪੜ੍ਹ ਕੇ ਨਵੀਆਂ-ਨਵੀਆਂ ਬਣ ਰਹੀਆਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਮੰਡੀਆਂ ਦੇ ਭਾਅ ਵੀ ਅਖ਼ਬਾਰ ਵਿਚ ਪਤਾ ਲੱਗ ਜਾਂਦੇ ਹਨ। ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਪੜ੍ਹ वे ਵਿਆਹ ਕਰਨ ਲਈ ਕੁੜੀ ਲਈ ਮੁੰਡਾ ਅਤੇ ਮੁੰਡੇ ਲਈ ਕੁੜੀ ਲੱਭਣੀ ਅਸਾਨ ਹੋ ਜਾਂਦੀ ਹੈ।
ਅਖ਼ਬਾਰਾਂ ਵਿਚ ਕਈ ਕਿਸਮ ਦੀਆਂ ਕਹਾਣੀਆਂ, ਕਵਿਤਾਵਾਂ, ਗੀਤ, ਲੜੀਵਾਰ ਨਾਵਲ, ਕਾਰਟੂਨ, ਬੁਝਾਰਤਾਂ, ਚੁਟਕਲੇ ਆਦਿ ਛਪਦੇ ਰਹਿੰਦੇ ਹਨ, ਜਿਹੜੇ ਮਨੋਰੰਜਨ ਦਾ ਵਧੀਆ ਸਾਧਨ ਹੁੰਦੇ ਹਨ।
ਅਖ਼ਬਾਰਾਂ ਵਿਚ ਅਸੀਂ ਵੀ ਆਪਣੇ ਵਿਚਾਰ ਲਿਖ ਕੇ ਭੇਜ ਸਕਦੇ ਹਾਂ। ਠੀਕ ਨਿਯਮਾਂ ਅਨੁਸਾਰ ਕਿਸੇ ਵਿਸ਼ੇ ਉੱਤੇ ਵਿਚਾਰ ਲਿਖ ਕੇ ਅਖ਼ਬਾਰ ਦੇ ਸੰਪਾਦਕ ਨੂੰ ਭੇਜੇ ਜਾਂਦੇ ਹਨ, ਜੋ ਕਿ ਅਖ਼ਬਾਰ ਵਿਚ ਛਪ ਸਕਦੇ ਹਨ। ਅਸੀਂ ਆਪਣੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਵੀ ਅਖ਼ਬਾਰਾਂ ਵਿਚ ਛਪਣ ਲਈ ਭੇਜ ਸਕਦੇ ਹਾਂ। ਅਖ਼ਬਾਰਾਂ ਕਲਮ ਦੀ ਸ਼ਕਤੀ ਦਾ ਮਹੱਤਵਪੂਰਨ ਸਾਧਨ ਹਨ। ਅਖ਼ਬਾਰਾਂ ਵਿਚਲੇ ਲੇਖਾਂ, ਵਿਚਾਰਾਂ, ਖ਼ਬਰਾਂ ਅਤੇ ਸੰਪਾਦਕੀ ਲੇਖਾਂ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਕਈ ਵਾਰ ਸਮਾਜ ਦੀ ਸੋਚ ਹੀ ਬਦਲ ਜਾਂਦੀ ਹੈ। ਲੋਕਾਂ ਦੀ ਸੋਚ ਨੂੰ ਬਦਲਣ ਦੀ ਤਾਕਤ ਅਖ਼ਬਾਰ ਕੋਲ ਹੁੰਦੀ ਹੈ।
ਕੁੱਲ ਮਿਲਾ ਕੇ ਅਸੀਂ ਆਖ ਸਕਦੇ ਹਾਂ ਕਿ ਅੱਜ ਦੇ ਜ਼ਮਾਨੇ ਵਿਚ ਜਿਹੜਾ ਵਿਅਕਤੀ ਅਖ਼ਬਾਰ ਨਹੀਂ ਪੜ੍ਹਦਾ ਉਹ ਸਮੇਂ ਦੇ ਨਾਲ ਨਹੀਂ ਤੁਰ ਸਕਦਾ। ਜੇਕਰ ਉਸ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਨਹੀਂ ਹੋਵੇਗੀ ਤਾਂ ਪੜ੍ਹ ਲਿਖ ਕੇ ਵੀ ਉਸ ਦਾ ਗਿਆਨ ਅੱਧਾ ਅਧੂਰਾ ਹੀ ਰਹਿ ਜਾਵੇਗਾ। ਇਸ ਤੋਂ ਪਹਿਲਾਂ ਕਿ ਅਸੀਂ ਸਮੇਂ ਤੋਂ ਪਿੱਛੇ ਰਹਿ ਜਾਈਏ, ਸਾਨੂੰ ਅਖ਼ਬਾਰਾਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
0 Comments