Punjabi Essay, Lekh, Paragraph on "ਜੇ ਮੈਂ ਅਧਿਆਪਕਾ ਹੋਵਾਂ?" "Je mein Adhiyapak hova?" Complete essay for Class 8, 9, 10, 11, 12 in Punjabi Language.

ਜੇ ਮੈਂ ਅਧਿਆਪਕਾ ਹੋਵਾਂ? 
Je mein Adhiyapak hova?



ਕਾਸ਼! ਕਿ ਜੇ ਮੈਂ ਅਧਿਆਪਕਾ ਹੋਵਾਂ

ਆਪਣੇ ਦੇਸ ਵਿੱਚੋਂ ਅਨਪੜ੍ਹਤਾ ਦਾ ਦਾਗ ਮੈਂ ਧੋਵਾਂ।

ਸੁਪਨੇ ਲੈਣਾ ਮਨੁੱਖ ਦਾ ਸੁਭਾਅ ਹੈ। ਹਰ ਸੋਚਵਾਨ ਮਨੁੱਖ ਦਾ ਕੋਈ ਨਾ ਕੋਈ ਸੁਪਨਾ, ਕੋਈ ਇੱਛਾ ਜ਼ਰੂਰ ਹੁੰਦੀ ਹੈ। ਕਿਸੇ ਦੀ ਇੱਛਾ ਡਾਕਟਰ ਬਣਨ ਦੀ ਹੁੰਦੀ ਹੈ, ਕਿਸੇ ਦੀ ਇੰਜੀਨੀਅਰ, ਕਿਸੇ ਦੀ ਨੇਤਾ, ਤੇ ਕਿਸੇ ਦੀ ਇੱਛਾ ਫ਼ੌਜੀ ਬਣ ਕੇ ਦੇਸ ਦੀ ਸੇਵਾ ਕਰਨ ਦੀ ਹੁੰਦੀ ਹੈ। ਮੇਰੀ ਇੱਛਾ ਅਧਿਆਪਕਾ ਬਣਨ ਦੀ ਹੈ। ਮੈਂ ਅਕਸਰ ਸੋਚਦੀ ਹਾਂ ਕਿ ਕਾਸ਼! ਮੈਂ ਅਧਿਆਪਕਾ ਹੋਵਾਂ। ਮੇਰਾ ਅਧਿਆਪਕਾ ਬਣਨ ਦਾ ਸੁਪਨਾ ਹਕੀਕਤ ਵਿਚ ਬਦਲ ਜਾਵੇ। ਪਰ ਕਿਸੇ ਵੀ ਸੁਪਨੇ ਨੂੰ ਸੱਚਾ ਹੋਣ ਲਈ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। 

ਸਭ ਤੋਂ ਪਹਿਲਾਂ ਸੁਪਨਾ ਜਨਮ ਲੈਂਦਾ ਹੈ। ਸੁਪਨੇ ਦਾ ਜਨਮ ਕਿਸੇ ਪ੍ਰੇਰਨਾ ਰਾਹੀਂ ਹੁੰਦਾ ਹੈ। ਮੇਰੇ ਅਧਿਆਪਕਾ ਬਣਨ ਦੇ ਸੁਪਨੇ ਦੀ ਪ੍ਰੇਰਨਾ ਮੇਰੀ ਪੰਜਾਬੀ ਭਾਸ਼ਾ ਦੀ ਅਧਿਆਪਕਾ ਸੁਖਜੀਤ ਮੈਡਮ ਹਨ। ਉਹ ਪੂਰੀ ਲਗਨ ਤੇ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ। ਉਹਨਾਂ ਕੋਲ ਵਿਸ਼ਾਲ ਗਿਆਨ ਭੰਡਾਰ ਹੈ। ਉਹ ਜਦੋਂ ਪੜ੍ਹਾਉਂਦੇ ਹਨ ਤੇ ਵਿਦਿਆਰਥੀ ਮੰਤਰ ਮੁਗਧ ਹੋ ਕੇ ਸੁਣਦੇ ਤੇ ਸਮਝਦੇ ਹਨ। ਉਹਨਾਂ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਹੈ। ਇਹਨਾਂ ਸਾਰੀਆਂ ਗੱਲਾਂ ਨੇ ਪ੍ਰੇਰਨਾ ਬਣ ਕੇ ਮੇਰੇ ਸੁਪਨੇ ਨੂੰ ਜਨਮ ਦਿੱਤਾ ਕਿ ਕਾਸ਼! ਮੈਂ ਵੀ ਅਧਿਆਪਕਾ ਹੋਵਾਂ।

ਮੈਂ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਆਪਣੇ ਮਾਤਾ-ਪਿਤਾ ਜੀ ਨਾਲ ਗੱਲ ਕੀਤੀ ਹੈ। ਉਹਨਾਂ ਨੇ ਮੇਰੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਉਹਨਾਂ ਦੀ ਅਤੇ ਅਧਿਆਪਕਾਂ ਦੀ ਮਦਦ ਨਾਲ ਮੈਂ ਐਮ.ਏ. (ਪੰਜਾਬੀ) ਕਰਾਂਗੀ ਤੇ ਫਿਰ ਬੀ.ਐਡ. ਕਰਾਂਗੀ, ਫਿਰ ਐਮ.ਫਿਲ. ਤੇ ਫਿਰ ਪੰਜਾਬੀ ਭਾਸ਼ਾ ਵਿਚ ਪੀ.ਐਚ.ਡੀ. ਕਰਾਂਗੀ। ਇੰਝ ਮੈਂ ਸਖ਼ਤ ਮਿਹਨਤ ਕਰਕੇ ਅਧਿਆਪਕਾ ਬਣਨ ਦੀ ਸਿੱਖਿਆ ਪ੍ਰਾਪਤ ਕਰਨ ਵਿਚ ਕਾਮਯਾਬ ਹੋਵਾਂਗੀ।

ਆਪਣੀ ਯੋਗਤਾ ਦਾ ਸਦਕਾ ਮੈਂ ਕਿਸੇ ਸ਼ਹਿਰ ਦੇ ਵਿਦਿਆਲੇ ਵਿਚ ਨਹੀਂ ਸਗੋਂ ਕਿਸੇ ਪਿੰਡ ਦੇ ਵਿਦਿਆਲੇ ਵਿਚ ਨੌਕਰੀ ਕਰਾਂਗੀ। ਉੱਥੇ ਪਿੰਡ ਦੇ ਘੱਟ ਸਾਧਨਾਂ ਵਾਲੇ ਪੇਂਡੂ ਬੱਚਿਆਂ ਨੂੰ ਪੜ੍ਹਾਵਾਂਗੀ। ਪਿੰਡਾਂ ਦੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੇ ਬੜੇ ਘੱਟ ਮੌਕੇ ਮਿਲਦੇ ਹਨ। ਮੈਂ ਉਹਨਾਂ ਨੂੰ ਅੱਗੇ ਵੱਧਣ ਲਈ ਵੱਧ ਤੋਂ ਵੱਧ ਸਹਾਇਤਾ ਕਰਾਂਗੀ। ਮੈਂ ਵਿਦਿਆਰਥੀਆਂ ਨੂੰ ਸਰਲ ਅਤੇ ਰੌਚਕ ਢੰਗ ਨਾਲ ਪੜ੍ਹਾਵਾਂਗੀ। ਉਹਨਾਂ ਦੀਆਂ ਸਮੱਸਿਆਵਾਂ ਨੂੰ- ਪਿਆਰ ਨਾਲ ਹੱਲ ਕਰਾਂਗੀ। ਗਰੀਬ ਵਿਦਿਆਰਥੀਆਂ ਦੀ ਆਰਥਕ ਮਦਦ ਕਰਨੀ ਪਈ ਤਾਂ ਪਿੱਛੇ ਨਹੀਂ ਹਟਾਂਗੀ। ਮੈਂ ਅਨੁਸ਼ਾਸਨ ਦੀ ਪਾਬੰਦ ਰਹਿ ਕੇ ਸਾਦਾ ਜੀਵਨ ਤੇ ਉੱਚੀ ਸੋਚ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਕੇ ਵਿਦਿਆਰਥੀਆਂ ਲਈ ਮਿਸਾਲ ਬਣਾਂਗੀ। ਮੈਂ ਕਦੀ ਟਿਊਸ਼ਨ ਨਹੀਂ ਕਰਾਂਗੀ, ਸਗੋਂ ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਆਪਣੇ ਵਿਹਲੇ ਸਮੇਂ ਵਿਚ ਪੜ੍ਹਾ ਕੇ ਪੁੰਨ ਖੱਟਾਂਗੀ।

ਰੱਬ ਕਰੇ ਮੇਰਾ ਸੁਪਨਾ ਸੱਚ ਹੋ ਜਾਏ 

ਅਧਿਆਪਕਾ ਬਣਨ ਦੀ ਮੇਰੀ ਰੀਝ ਪੂਰੀ ਹੋ ਜਾਏ।


Post a Comment

0 Comments