ਲਾਲਚ ਬੁਰੀ ਬਲਾ ਹੈ
Lalach Buri Bala Hai
ਉਦੇਸ਼— “ਸੁੱਖ ਨੂੰ ਪਰਮ ਸੁੱਖ ਆਖਿਆ ਗਿਆ ਹੈ।” ਲੋਭੀ ਅਤੇ ਲਾਲਚੀ ਵਿਅਕਤੀ ਦੇ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ। ਉਹ ਲਾਲਚ ਅਤੇ ਲੋਭ ਦੇ ਵਸ ਵਿਚ ਆ ਕੇ ਹੱਥਲੀ ਚੀਜ਼ ਤੋਂ ਵੀ ਹੱਥ ਧੋ ਬੈਠਦਾ ਹੈ। ਇਹ ਵਿਚਾਰ ਹੇਠ ਲਿਖੀ ਕਹਾਣੀ ਦੁਆਰਾ ਸਪੱਸ਼ਟ ਕੀਤਾ ਗਿਆ ਹੈ।
ਇਕ ਵਾਰੀ ਦੀ ਗੱਲ ਹੈ ਕਿ ਇਕ ਕੁੱਤੇ ਨੂੰ ਭੁੱਖ ਲੱਗੀ ਹੋਈ ਸੀ। ਭੁੱਖ ਨਾਲ ਉਸ ਦੇ ਢਿੱਡ ਵਿਚ ਚੂਹੇ ਨੱਚ ਰਹੇ ਸਨ। ਉਹ ਭੋਜਨ ਦੀ ਭਾਲ ਵਿਚ ਇੱਧਰ-ਉੱਧਰ ਘੁੰਮਿਆ, ਪਰ ਉਸ ਨੂੰ ਕਿਤੇ ਵੀ ਕੁਝ ਵੀ ਖਾਣ ਨੂੰ ਨਾ ਮਿਲਿਆ।
ਹੁਣ ਉਹ ਬਜ਼ਾਰ ਵਿਚੋਂ ਲੰਘ ਰਿਹਾ ਸੀ। ਰਸਤੇ ਵਿਚ ਇਕ ਮੀਟ ਦੀ ਦੁਕਾਨ ਸੀ। ਉੱਥੇ ਉਸ ਨੇ ਇਕ ਮਾਸ ਦਾ ਟੁਕੜਾ ਖਿਸਕਾ ਲਿਆ ਅਤੇ ਬਹੁਤ ਖੁਸ਼ ਹੋਇਆ। ਉਹ ਮਾਸ ਦੇ ਟੁਕੜੇ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਕਿਸੇ ਨਿਵੇਕਲੀ ਥਾਂ ਉੱਤੇ ਬੈਠ ਕੇ ਖਾਣਾ ਚਾਹੁੰਦਾ ਸੀ। ਇਸ ਲਈ ਉਹ ਸ਼ਹਿਰ ਤੋਂ ਬਾਹਰ ਵੱਲ ਤੁਰ ਪਿਆ।
ਸ਼ਹਿਰ ਤੋਂ ਬਾਹਰ ਇਕ ਨਦੀ ਵਗਦੀ ਸੀ। ਉਸ ਉੱਤੇ ਇਕ ਪੁੱਲ ਸੀ। ਜਦੋਂ ਉਹ ਨਦੀ ਉੱਤੇ ਪੁਲ ਨੂੰ ਪਾਰ ਕਰ ਰਿਹਾ ਸੀ ਤਾਂ ਉਸ ਨੇ ਪਾਣੀ ਵਿਚ ਆਪਣਾ ਪਰਛਾਵਾਂ ਦੇਖਿਆ।
ਉਸ ਨੇ ਆਪਣੇ ਪਰਛਾਵੇਂ ਨੂੰ ਇਕ ਹੋਰ ਕੁੱਤਾ ਸਮਝਿਆ।ਉਸ ਨੇ ਇਸ ਦਾ ਮਾਸ ਦਾ ਟੁਕੜਾ ਵੀ ਖੋਹਣਾ ਚਾਹਿਆ। ਉਸ ਨੇ ਭੌਂਕਣ ਲਈ ਆਪਣਾ ਮੂੰਹ ਖੋਲ੍ਹਿਆ। ਮੂੰਹ ਦਾ ਖੁਲ੍ਹਣਾ ਹੀ ਸੀ ਕਿ ਉਸ ਦਾ ਆਪਣਾ ਮੂੰਹ ਵਾਲਾ ਟੁਕੜਾ ਵੀ ਪਾਣੀ ਵਿਚ ਡਿਗ ਪਿਆ। ਕੁੱਤਾ ਆਪਣਾ ਮੂੰਹ ਲੈ ਕੇ ਰਹਿ ਗਿਆ। ਉਹ ਆਪਣੀ ਮੂਰਖਤਾ ਤੇ ਪਛਤਾਉਣ ਲੱਗਾ।
0 Comments