ਕਰ ਮਜ਼ੂਰੀ ਖਾਹ ਚੂਰੀ
Kar Majuri Kha Churi
ਉਦੇਸ— ਮਿਹਨਤੀ ਮਨੁੱਖ ਆਪਮੀ ਕਿਸਮਤ ਆਪ ਬਣਾਉਂਦਾ ਹੈ। ਜਿਹੜੇ ਲੋਕ ਦੂਜਿਆਂ ਦੇ ਸਹਾਰੇ ਰਹਿੰਦੇ ਹਨ ਅਤੇ ਆਪ ਹੱਥੀਂ ਕੰਮ ਨਹੀਂ ਕਰਦੇ ਉਹ ਜੀਵਨ ਵਿਚ ਅਸਫਲ ਰਹਿੰਦੇ ਹਨ। ‘ਕਿਸਾਨ ਅਤੇ ਉਸ ਦੇ ਚਾਰ ਪੁੱਤਰ' ਕਹਾਣੀ ਇਸੇ ਵਿਚਾਰ ਨੂੰ ਸਪੱਸ਼ਟ ਕਰਦੀ ਹੈ।
ਇਕ ਬੁੱਢੇ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੇ ਹੀ ਵਿਹਲੜ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿਚ ਲੜਦੇ ਝਗੜਦੇ ਰਹਿੰਦੇ ਸਨ। ਬੁੱਢੇ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਤੇ ਕੋਈ ਅਸਰ ਨਾ ਹੋਇਆ।
ਬੁੱਢਾ ਕੰਧੀ ਉੱਤੇ ਰੁਖੱੜੇ ਵਾਂਗ ਮਰਨ ਕਿਨਾਰੇ ਸੀ। ਉਹ ਸੋਚਾਂ ਵਿਚ ਡੁੱਬਾ ਹੋਇਆ ਸੀ। ਪੁੱਤਰਾਂ ਦੇ ਫਿਕਰ ਨੇ ਉਸ ਦਾ ਲਹੂ ਖੁਸ਼ਕ ਕਰ ਦਿੱਤਾ ਸੀ।
ਬੜੀ ਸੋਚ ਵਿਚਾਰ ਤੋਂ ਪਿਛੋਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ,“ਪੁੱਤਰੋ! ਮੇਰੇ ਖੇਤ ਵਿਚ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ। ਤੁਸੀਂ ਉਹ ਮੇਰੇ ਖੇਤਾਂ ਵਿਚੋਂ ਪੁੱਟ ਕੇ ਕੱਢ ਲੈਣਾ।”
ਇੰਨੀ ਗੱਲ ਆਖ ਕੇ ਬੁੱਢਾ ਸਦਾ ਦੀ ਨੀਂਦ ਸੌਂ ਗਿਆ, ਪਰ ਉਸ ਦੇ ਪੁੱਤਰਾਂ ਦੇ ਕੰਨਾ ਵਿਚ ਆਪਮੇ ਪਿਓ ਦੇ ਅੰਤਿਮ ਸ਼ਬਦ ਗੂੰਜਦੇ ਰਹੇ। ਦਾਹ ਸੰਸਕਾਰ ਤੋਂ ਵਿਹਲੇ ਹੋ ਕੇ ਉਹਨਾਂ ਨੇ ਕਹੀਆਂ ਨਾਲ ਆਪਣੇ ਖੇਤਾਂ ਨੂੰ ਖੂਬ ਪੁੱਟਿਆ, ਉਹਨਾਂ ਦੇ ਹੱਥ-ਪੱਲੇ ਕੁੱਝ ਵੀ ਨਾ ਪਿਆ।ਅੰਤ ਉਹ ਥੱਕ ਟੁੱਟ ਕੇ ਬੈਠ ਗਏ।
ਬਿਜਾਈ ਦੀ ਰੁੱਤ ਮਾਰੋ-ਮਾਰ ਕਰਦੀ ਆ ਗਈ।ਕਿਸਾਨ ਦੇ ਪੁਤਰਾਂ ਨੇ ਆਪਣੇ ਖੇਤਾਂ ਵਿਚ ਕਣਕ ਬੀਜੀ। ਉਹਨਾਂ ਦੀ ਕਣਕ ਥੋੜ੍ਹੇ ਚਿਰ ਵਿਚ ਹੀ ਲਹਿ-ਲਹਿ ਕਰਦੀ ਕੋਠੇ ਜਿੱਡੀ ਉੱਚੀ ਹੋ ਗਈ। ਕਣਕ ਨੂੰ ਦੇਖ ਕੇ ਉਹਨਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ— “ਵਾਹ ਗੁੱਪਤ ਖਜ਼ਾਨਾ ਲੱਭ ਪਿਆ ਹੈ।”
ਹੁਣ ਕਿਸਾਨ ਦੇ ਪੁੱਤਰਾਂ ਨੂੰ ਇਹ ਸਮਝ ਆ ਗਈ ਕਿ ਗੁਪਤ ਖਜ਼ਾਨਾ ਮਿਹਨਤ ਹੀ ਹੈ। ਇਸ ਤੋਂ ਪਿਛੋਂ ਉਹਨਾਂ ਨੇ ਖਜ਼ਾਨੇ ਦੀ ਆਸ ਛੱਡ ਦਿੱਤੀ। ਉਹਨਾਂ ਨੇ ਆਪਸ ਵਿਚ ਲੜਨਾ ਝਗੜਨਾ ਛੱਡ ਕੇ ਹੱਡ ਭੰਨਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।
ਸਿੱਖਿਆ— ਕਰ ਮਜ਼ੂਰੀ ਖਾਹ ਚੂਰੀ
0 Comments