ਹੱਥ ਨਾ ਪਹੁੰਚੇ ਥਾਂ ਕੋੜੀ
Hath na Pahuche tha Kodi
ਉਦੇਸ਼— ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਿਚ ਅਸਮਰਥ ਹੋ ਜਾਂਦਾ ਹੈ ਤਾਂ ਉਸ ਤੋਂ ਆਪਣੀ ਚਮੜੀ ਬਚਾਉਣ ਲਈ ਕੋਈ ਨਾ ਕੋਈ ਬਹਾਨਾ ਘੜ ਲੈਂਦਾ ਹੈ। ਹੇਠ ਲਿਖੀ ਕਹਾਣੀ ਇਸ ਸੱਚਾਈ ਦਾ ਪ੍ਰਮਾਣ ਹੈ—
ਮਈ-ਜੂਨ ਦੇ ਦਿਨ ਸਨ। ਸੂਰਜ ਦੇਵਤਾ ਰੋਹ ਵਿਚ ਆ ਕੇ ਲਾਲ ਪੀਲਾ ਹੋਇਆ ਧਰਤੀ ਨੂੰ ਲੂਹੀ ਜਾ ਰਿਹਾ ਸੀ। ਇਕ ਭੁੱਖੀ ਲੂੰਬੜੀ ਸ਼ਿਕਾਰ ਦੀ ਭਾਲ ਵਿਚ ਨਿਕਲੀ। ਉਹ ਚੋਖਾ ਚਿਰ ਇਧਰ ਉੱਧਰ ਫਿਰਦੀ ਰਹੀ, ਪਰ ਉਸ ਨੂੰ ਖਾਣ ਨੂੰ ਕੁਝ ਵੀ ਪ੍ਰਾਪਤ ਨਾ ਹੋਇਆ। ਉਹ ਨਿਮੋਝੂਣੀ ਹੋਈ ਵਾਪਸ ਪਰਤਣ ਹੀ ਲੱਗੀ ਸੀ ਕਿ ਉਸ ਨੂੰ ਸਾਹਮਣੇ ਇਕ ਬਾਗ ਦਿਖਾਈ ਦਿੱਤਾ। ਉਹ ਝੱਟ ਬਾਗ ਵਿਚ ਪਹੁੰਚ ਗਈ।
ਲੂੰਬੜੀ ਨੇ ਬਾਗ ਵਿਚ ਇੱਧਰ-ਉੱਧਰ ਘੁੰਮ ਕੇ ਦੇਖਿਆ। ਉਸ ਨੂੰ ਬਾਗ ਦੇ ਇਕ ਕੋਨੇ ਵਿਚ ਪੱਕੇ ਹੋਏ ਅੰਗੂਰਾਂ ਦੀਆਂ ਵੇਲਾਂ ਦਿਖਾਈ ਦਿੱਤੀਆਂ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਦੀ ਖੁਸ਼ੀ ਰੱਦ ਨਾ ਰਹੀ। ਉਹ ਬੋਲੀ, ‘ਵਾਹ ਕੰਮ ਹੀ ਬਣ ਗਿਆ, ਮੈਂ ਮਜ਼ੇ ਨਾਲ ਰੱਜ ਕੇ ਅੰਗੂਰ ਖਾਵਾਂਗੀ।”
ਬਾਗ ਦਾ ਰਾਖਾ ਬਹੁਤ ਸਿਆਣਾ ਅਤੇ ਸਮਝਦਾਰ ਸੀ। ਉਸ ਨੇ ਇਕ ਜ਼ਰੂਰੀ ਕੰਮ ਜਾਣਾ ਸੀ। ਇਸ ਲਈ ਜਾਣ ਤੋਂ ਪਹਿਲਾਂ ਉਸ ਨੇ ਅੰਗੂਰਾਂ ਦੇ ਗੁੱਛੇ ਉੱਚੇ ਬੰਨ ਦਿੱਤੇ ਤਾਂ ਕਿ ਕੋਈ ਜਾਨਵਰ ਨਾ ਖਾ ਜਾਵੇ।
ਲੂੰਬੜੀ ਨੇ ਅੰਗੂਰਾਂ ਵੱਲ ਬੜੇ ਗੌਰ ਨਾਲ ਤੱਕਿਆ ਅਤੇ ਉਹਨਾਂ ਤੱਕ ਅਪੜਨ ਦੀ ਕੋਸ਼ਿਸ਼ ਕਰਨ ਲੱਗੀ। ਉਹ ਚੋਖਾ ਚਿਰ ਅੰਗੂਰਾਂ ਨੂੰ ਪ੍ਰਾਪਤ ਕਰਨ ਲਈ ਉਛਲਦੀ ਕੁੱਦਦੀ ਰਹੀ। ਅੰਗੂਰ ਪ੍ਰਾਪਤ ਕਰਨ ਲਈ ਅੱਡੀ-ਚੋਟੀ ਤੀਕ ਆਪਣਾ ਪੂਰਾ ਜ਼ੋਰ ਲਾਇਆ ਪਰ ਉਹ ਅੰਗੂਰਾਂ ਤੱਕ ਨਾ ਪਹੁੰਚ ਸਕੀ।
ਅੰਤ ਲੂੰਬੜੀ ਨੇ ਇਹ ਆਖ ਕੇ ਆਪਣੀ ਰਾਹ ਲਈ ਕਿ ਅੰਗੂਰ ਖੱਟੇ ਹਨ।ਜੇਕਰ ਮੈਂ ਇਹਨਾਂ ਨੂੰ ਖਾਵਾਂਗੀ ਤਾਂ ਬਿਮਾਰ ਹੋ ਜਾਵਾਂਗੀ।
0 Comments