ਹੰਕਾਰ ਦਾ ਸਿਰ ਨੀਵਾਂ
Hankar da sir niva
ਉਦੇਸ਼- ਹੰਕਾਰ ਵਿਚ ਆ ਕੇ ਬੰਦਾ ਸ਼ਰਤ ਤਾਂ ਲਾ ਲੈਂਦਾ ਹੈ, ਪਰ ਉਸ ਸ਼ਰਤ ਨੂੰ ਪੂਰਾ ਨਹੀਂ ਕਰ ਸਕਦਾ ਸਗੋਂ ਉਸ ਨੂੰ ਬਾਅਦ ਵਿਚ ਸ਼ਰਮਿੰਦਾ ਹੋਣਾ ਪੈਂਦਾ ਹੈ। ਇਹ ਵਿਚਾਰ ਹਵਾ ਅਤੇ ਸੂਰਜ ਕਹਾਣੀ ਦੁਆਰਾ ਸੱਪਸ਼ਟ ਕੀਤਾ ਗਿਆ ਹੈ। ਇਸ ਲਈ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਹੰਕਾਰ ਦਾ ਸਿਰ ਸਦਾ ਨੀਂਵਾ ਹੁੰਦਾ ਹੈ। ਸਗੋਂ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ।
ਇਕ ਵਾਰੀ ਦੀ ਗੱਲ ਹੈ ਕਿ ਕੁਦਰਤੀ ਸ਼ਕਤੀਆਂ ਵਿਚੋਂ ਹਵਾ ਆਪਣੇ ਆਪ ਨੂੰ ਮਹਾਂ ਸ਼ਕਤੀਸ਼ਾਲੀ ਸਮਝਣ ਲੱਗ ਪਈ। ਇਸੇ ਹੰਕਾਰੀ ਭਾਵਨਾ ਦੇ ਅਧੀਨ ਉਸਨੇ ਇਕ ਦਿਨ ਸੂਰਜ ਨਾਲ ਆਢਾ ਲਾ ਲਿਆ।ਸੂਰਜ ਵੀ ਪਿੱਛੋਂ ਹੱਟਠ ਵਾਲਾ ਨਹੀਂ ਸੀ।ਉਸ ਨੇ ਹਵਾ ਦੀ ਸ਼ਕਤੀ ਨੂੰ ਵੰਗਾਰਿਆ।
ਉਸੇ ਵੇਲੇ ਉਹਨਾਂ ਨੇ ਇਕ ਆਦਮੀ ਨੂੰ ਸੜਕ ਉੱਤੇ ਤੁਰੇ ਜਾਂਦੇ ਦੇਖਿਆ। ਦੋਹਾਂ ਨੇ ਉਸ ਆਦਮੀ ਤੇ ਆਪਮੀ ਸ਼ਕਤੀ ਦੀ ਪਰਖ ਕਰਨ ਦਾ ਫੈਸਲਾ ਕਰ ਲਿਆ। ਸਭ ਤੋਂ ਵੱਧ ਤਾਕਤਵਰ ਹੋਣ ਦਾ ਨਿਰਣਾ ਇਸ ਗਮਲ ਤੋਂ ਹੋਣਾ ਪ੍ਰਵਾਨ ਕੀਤਾ ਗਿਆ ਕਿ ਦੋਹਾਂ ਵਿਚੋਂ ਕੋਣ ਉਸ ਦੇ ਸਰੀਰ ਤੋਂ ਕੱਪੜੇ ਉਤਰਵਾਉਣ ਵਿਚ ਸਫਲ ਹੁੰਦਾ ਹੈ।
ਪਹਿਲਾਂ ਹਵਾ ਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕੀਤਾ। ਪਹਿਲਾਂ ਤਾਂ ਉਹ ਹੌਲੀ-ਹੌਲੀ ਵਗੀ। ਮੁਸਾਫਰ ਨੂੰ ਠੰਢੀ-ਠੰਢੀ ਹਵਾ ਬਹੁਤ ਚੰਗੀ ਲਗੀ। ਉਸ ਤੋਂ ਪਿਛੋਂ ਹਵਾ ਨੇ ਤੇੜ-ਤੇੜ ਵਗਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮੁਸਾਫਰ ਠੰਢ ਮਹਿਸੂਸ ਕਰਨ ਲੱਗਾ।ਉਸ ਨੇ ਸਿਰ ‘ਤੇ ਚੁੱਕੀ ਗਠੜੀ ਵਿਚੋਂ ਕੱਪੜਾ ਕੱਢ ਕੇ ਆਪਣੇ ਸਰੀਰ ਦੇ ਦੁਆਲੇ ਲਪੇਟ ਲਿਆ। ਜਿਵੇ-ਜਿਵੇਂ ਹਵਾ ਤੇਜ਼ ਵਗਦੀ ਗਈ, ਤਿਵੇਂ-ਤਿਵੇਂ ਹੀ ਮੁਸਾਫਰ ਆਪਣੇ ਸਰੀਰ ਤੋਂ ਹੋਰ ਕੱਪੜੇ ਲਪੇਟਦਾ ਗਿਆ।ਹਵਾ ਮੁਸਾਫਰ ਦੇ ਕੱਪੜੇ ਲੁਹਾਉਣ ਵਿਚ ਅਸਫਲ ਰਹੀ ਅਤੇ ਉਹ ਰੁਕ ਗਈ।
ਹੁਣ ਸੂਰਜ ਦੀ ਵਾਰੀ ਆਈ। ਸੂਰਜ ਨੇ ਆਪਣੀਆਂ ਕੋਸੀਆਂ-ਕੋਸੀਆਂ ਕਿਰਨਾਂ ਧਰਤੀ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਠੰਢ ਨਾਲ ਕੰਬਦੇ ਮੁਸਾਫਰ ਨੇ ਸੁੱਖ ਦਾ ਸਾਹ ਲਿਆ।ਉਸ ਨੇ ਆਪਣੇ ਸਰੀਰ ਉਤੇ ਲਪੇਟੇ ਹੋਏ ਕੱਪੜੇ ਇਕ -ਇਕ ਕਰ ਕੇ ਉਤਾਰ ਕੇ ਗਠੜੀ ਵਿਚ ਬੰਨ੍ਹ ਲਏ।
ਜਦੋਂ ਸੂਰਜ ਰੋਹ (ਗੁੱਸੇ) ਵਿਚ ਆ ਕੇ ਲਾਲ-ਪੀਲਾ ਹੋ ਕੇ ਚਮਕਿਆ ਤਾਂ ਮੁਸਾਫਰ ਨੇ ਗਰਮੀ ਮਹਿਸੂਸ ਕੀਤੀ।ਉਸ ਨੇ ਆਪਣਾ ਕੋਟ ਲਾਹ ਲਿਆ।ਉਸ ਤੋਂ ਪਿਛੋਂ ਸੂਰਜ ਦੀਆਂ ਕਿਰਨਾਂ ਹੋਰ ਤੇਜ਼ ਹੋ ਕੇ ਗਰਮ ਹੋ ਗਈਆਂ। ਗਰਮ ਕਿਰਨਾਂ ਨੇ ਮੁਸਾਫਰ ਦਾ ਸਰੀਰ ਲੂਹ ਸੁੱਟਿਆ। ਉਹ ਮੁੜ੍ਹਕੇ-ਮੁੜ੍ਹਕੀ ਹੋ ਗਿਆ।ਉਸ ਨੇ ਆਪਣੀ ਕਮੀਜ਼ ਵੀ ਉਤਾਰ ਲਈ।
ਇਹ ਦੇਖ ਕੇ ਹਵਾ ਨੇ ਆਪਣੀ ਹਾਰ ਮੰਨ ਲਈ। ਸੂਰਜ ਦੀ ਸ਼ਕਤੀ ਅੱਗੇ ਗੋਡੇ ਟੇਕ ਦਿੱਤੇ ਅਤੇ ਈਨ ਮੰਨ ਲਈ।
ਸਿੱਖਿਆ— ਹੰਕਾਰ ਦਾ ਸਿਰ ਨੀਵਾਂ ਹੁੰਦਾ ਹੈ।
0 Comments