Punjabi Story, Essay on "ਏਕਤਾ ਵਿਚ ਬਲ ਹੈ" "Ekta vich bal hai" for Class 7, 8, 9, 10 and 12 Students.

ਏਕਤਾ ਵਿਚ ਬਲ ਹੈ 
Ekta vich bal hai

ਉਦੇਸ਼— ਘਾਹ ਅਤੇ ਸਣ ਦੀਆਂ ਤਿੜ੍ਹਾਂ ਹਵਾ ਦੇ ਬੁੱਲਿਆਂ ਨਾਲ ਇੱਧਰ-ਉੱਧਰ ਉੱਡ ਜਾਂਦੀਆਂ ਹਨ, ਪਰ ਉਹੀ ਤਿੜ੍ਹਾਂ ਜਦੋਂ ਇਕੱਠੀਆਂ ਕਰਕੇ ਇਕ ਰੱਸਾ ਬਣਾ ਲਿਆ ਜਾਂਦਾ ਹੈ ਤਾਂ ਉਸ ਨਾਲ ਵੱਡੇ-ਵੱਡੇ ਝੋਟੇ ਅਤੇ ਸ਼ਕਤੀਸ਼ਾਲੀ ਘੋੜੇ ਬੰਨ੍ਹ ਕੇ ਕਾਬੂ ਕੀਤੇ ਜਾ ਸਕਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਏਕਤਾ ਵਿਚ ਬਲ ਹੁੰਦਾ ਹੈ ਜੋ ਕਿ ਹੇਠ ਲਿਖੀ ਕਹਾਣੀ ਦੁਆਰਾ ਸਪੱਸ਼ਟ ਕੀਤਾ ਗਿਆ ਹੈ।

ਇਕ ਪਿੰਡ ਵਿਚ ਇਕ ਬੁੱਢਾ ਕਿਸਾਨ ਰਹਿੰਦਾ ਸੀ।ਉਸ ਕਿਸਾਨ ਦੇ ਚਾਰ ਪੁੱਤਰ ਸਨ। ਉਹ ਆਪਸ ਵਿਚ ਸਦਾ ਲੜਦੇ ਰਹਿੰਦੇ ਸਨ। ਉਹਨਾਂ ਦੇ ਲੜਾਈ ਝਗੜੇ ਨੂੰ ਦੇਖ ਕੇ ਬੁੱਢੇ ਕਿਸਾਨ ਦਾ ਮਨ ਬਹੁਤ ਉਦਾਸ ਹੋ ਜਾਂਦਾ ਸੀ।

ਉਹਨਾਂ ਦੇ ਫਿਕਰ ਕਾਰਨ ਬੁੱਢਾ ਬਿਮਾਰ ਪੈ ਗਿਆ। ਮੌਤ ਉਸ ਦੇ ਸਾਹਮਣੇ ਖੜੀ ਸੀ। ਉਸ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ। ਉਹ ਆਪਣੇ ਅੰਤਿਮ ਸਮੇਂ ਆਪਣੇ ਪੁੱਤਰਾਂ ਨੂੰ ਸਿੱਖਿਆ ਦੇਣੀ ਚਾਹੁੰਦਾ ਸੀ।

ਬੁੱਢੇ ਕਿਸਾਨ ਨੇ ਉਹਨਾਂ ਨੂੰ ਲੱਕੜੀਆਂ ਦਾ ਗੱਠਾ ਲਿਆਉਣ ਲਈ ਕਿਹਾ। ਫਿਰ ਹਰੇਕ ਨੂੰ ਗੱਠਾ ਤੋੜਨ ਲਈ ਕਿਹਾ। ਸਾਰਿਆਂ ਨੇ ਆਪੋ-ਆਪਣਾ ਜ਼ੋਰ ਲਾਇਆ, ਪਰ ਕੋਈ ਨਾ ਤੋੜ ਸਕਿਆ। ਹੁਣ ਬੁੱਢੇ ਨੇ ਆਪਣੇ ਪੁੱਤਰਾਂ ਨੂੰ ਗੱਠਾਂ ਖੋਲ੍ਹ ਦੇਣ ਲਈ ਕਿਹਾ। ਬੁੱਢੇ ਨੇ ਪੁੱਤਰਾਂ ਨੂੰ ਇਕ-ਇਕ ਲੱਕੜੀ ਤੋੜਨ ਲਈ ਕਿਹਾ।ਹਰੇਕ ਨੇ ਆਸਾਨੀ ਨਾਲ ਲੱਕੜਾਂ ਤੋੜ ਦਿੱਤੀਆਂ।

ਬੁੱਢੇ ਕਿਸਾਨ ਨੇ ਪੁੱਤਰਾਂ ਨੂੰ ਕਿਹਾ,‘ਜੇ ਤੁਸੀਂ ਇਹਨਾਂ ਲੱਕੜਾਂ ਵਾਂਗ ਇਕੱਠੇ ਰਹੋਗੇ ਤਾਂ ਵੱਡੇ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਆਦਮੀ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ। ਜੇਕਰ ਤੁਸੀਂ ਆਪਸ ਵਿਚ ਲੜਦੇ-ਝਗੜਦੇ ਹੀ ਰਹੇ ਤਾਂ ਘਟੀਆ ਤੋਂ ਘਟੀਆ ਬੰਦਾ ਵੀ ਤੁਹਾਡੇ ਉੱਤੇ ਕਾਠੀ ਪਾ ਲਵੇਗਾ।” ਇਹ ਆਖ ਕੇ ਕਿਸਾਨ ਸਦਾ ਲਈ ਅੱਖਾਂ ਮੀਟ ਗਿਆ।

ਬੁੱਢੇ ਕਿਸਾਨ ਦੀ ਸਿੱਖਿਆ ਨੂੰ ਉਸ ਦੇ ਪੁੱਤਰਾਂ ਨੇ ਆਪਣੇ ਪੱਲੇ ਬੰਨ੍ਹ ਲਿਆ ਅਤੇ ਅੱਗੇ ਤੋਂ ਲੜਨਾ ਝਗੜਨਾ ਬੰਦ ਕਰ ਦਿੱਤਾ। ਇਹ ਆਪਸ ਵਿਚ ਪਿਆਰ ਨਾਲ ਰਹਿਣ ਲੱਗ ਪਏ। 

ਸਿੱਖਿਆ— ਏਕਤਾ ਵਿਚ ਬਰਕਤ ਹੈ।





Post a Comment

0 Comments