ਡਾਢੇ ਦਾ ਸੱਤੀ ਵੀਂਹੀ
Dade da sati vihi
ਉਦੇਸ਼— ਇਹ ਅਟਲ ਸੱਚਾਈ ਹੈ ਕਿ ਸੰਸਾਰ ਵਿਚ ਡਾਢੇ ਅਤੇ ਤਕੜੇ ਵਿਅਕਤੀ ਦੀ ਹੀ ਜੈ- ਜੈਕਾਰ ਹੁੰਦੀ ਹੈ। ਪਿਸਤੌਲ ਵਾਲੇ ਤੋਂ ਸਾਰੇ ਡਰਦੇ ਹਨ, ਤਕੜੇ ਵਿਅਕਤੀ ਦਾ ਸਾਰੇ ਪਾਣੀ ਭਰਦੇ ਹਨ। ਡਾਢੇ ਅੱਗੇ ਕੋਈ ਬੋਲ ਵੀ ਨਹੀਂ ਸਕਦਾ। ਇਹ ਵਿਚਾਰ ‘ਲੇਲੇ ਅਤੇ ਬਘਿਆੜ' ਕਹਾਣੀ ਦੁਆਰਾ ਉਜਾਗਰ ਕੀਤਾ ਗਿਆ ਹੈ।
ਗਰਮੀ ਦੀ ਰੁੱਤ ਸੀ। ਇਕ ਲੇਲੇ ਨੂੰ ਬੜੀ ਪਿਆਸ ਲਗੀ। ਉਹ ਪਾਣੀ ਪੀਣ ਲਈ ਨਦੀ ਤੇ ਗਿਆ। ਪਾਣੀ ਬੜਾ ਸਾਫ ਤੇ ਠੰਢਾ ਸੀ। ਜਦੋਂ ਉਹ ਪਾਣੀ ਪੀਣ ਲਗਾ ਤਾਂ ਇੰਨੇ ਨੂੰ ਇਕ ਬਘਿਆੜ ਵੀ ਉੱਧਰ ਆ ਨਿਕਲਿਆ। ਉਹ ਵੀ ਲੇਲੇ ਤੋਂ ਥੋੜ੍ਹੀ ਦੂਰ ਨਦੀ ਦੇ ਉਪੱਰਲੇ ਪਾਸੇ ਵੱਲ ਪੀਣ ਲੱਗ ਪਿਆ। ਬਘਿਆੜ ਨੇ ਜਦੋਂ ਸਿਰ ਉੱਪਰ ਚੁੱਕਿਆ ਤਾਂ ਅਚਾਨਕ ਉਸ ਦੀ ਨਜ਼ਰ ਲੇਲੇ ਤੇ ਪਈ। ਲੇਲਾ ਕਾਫੀ ਮੋਟਾ-ਤਾਜ਼ਾ ਸੀ। ਬਘਿਆੜ ਦੇ ਮੂੰਹ ਵਿਚ ਪਾਣੀ ਭਰ ਆਇਆ। ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀ। ਝੱਟ ਹੀ ਉਸ ਨੂੰ ਇਕ ਬਹਾਨਾ ਸੁਝਿਆ ਅਤੇ ਲੇਲੇ ਕੋਲ ਜਾ ਕੇ ਗੁੱਸੇ ਵਿਚ ਆਖਿਆ,“ ਹੇ ਲੇਲੇ ਦਿਆ ਪੁੱਤਰਾ ! ਤੈਨੂੰ ਪਤਾ ਨਹੀਂ ਕਿ ਮੈਂ ਪਾਣੀ ਪੀ ਰਿਹਾ ਹਾਂ ? ਤੂੰ ਪਾਣੀ ਕਿਉਂ ਜੂਠਾ ਕਰ ਰਿਹਾ ਹੈਂ ? ਲੇਲੇ ਨੇ ਬੜੀ ਡਰੂ ਆਵਾਜ਼ ਵਿਚ ਨਿਮਰਤਾ ਨਾਲ ਕਿਹਾ “ਮਹਾਰਾਜ! ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਵੱਲ ਨੂੰ ਆ ਰਿਹਾ ਹੈ। ਮੈਂ ਇਸ ਨੂੰ ਕਿਵੇਂ ਜੂਠਾ ਕਰ ਸਕਦਾ ਹਾਂ?
ਆਪਣਾ ਜਤਨ ਅਸਫਲ ਜਾਂਦਾ ਵੇਖ ਕੇ ਕੁਝ ਚਿਰ ਬਾਅਦ ਬਘਿਆੜ ਨੇ ਫੇਰ ਗੁੱਸੇ ਵਿੱਚ ਕੜਕ ਕੇ ਕਿਹਾ, “ਤੂੰ ਪਿਛਲੇ ਸਾਲ ਮੈਨੂੰ ਗਾਲ੍ਹਾਂ ਕਿਉਂ ਕੱਢੀਆਂ ਸਨ ? ਲੇਲੇ ਨੇ ਬੜੀ ਅਧੀਨਤਾ ਨਾਲ ਉੱਤਰ ਦਿੱਤਾ, “ਸ੍ਰੀਮਾਨ ਜੀ, ਉਦੋਂ ਤਾਂ ਮੈਂ ਅਜੇ ਜੰਮਿਆ ਵੀ ਨਹੀਂ ਸੀ ਤਾਂ ਫਿਰ ਮੈਂ ਤੁਹਾਨੂੰ ਗਾਲ੍ਹਾਂ ਕਿਵੇਂ ਕੱਢ ਸਕਦਾ ਹੈ ? ਬਘਿਆੜ ਨੂੰ ਬਹੁਤ ਗੁੱਸਾ ਆਇਆ। ਉਹ ਫੇਰ ਬੁੜਬੁੜਾਇਆ, ਜੇ ਤੂੰ ਨਹੀਂ ਤਾਂ ਤੇਰੇ ਮਾਂ ਪਿਓ ਨੇ ਮੈਨੂੰ ਗਾਲ੍ਹਾਂ ਕੱਢੀਆਂ ਹੋਣਗੀਆਂ।ਮੈਂ ਅੱਜ ਆਪਣੀ ਬੇਇੱਜਤੀ ਦਾ ਜ਼ਰੂਰ ਬਦਲਾ ਲਵਾਂਗਾ।
ਇਹ ਆਖ ਕੇ ਬਘਿਆੜ ਲੇਲੇ 'ਤੇ ਝਪਟਿਆ ਅਤੇ ਅੱਖ ਦੇ ਪਲਕਾਰੇ ਵਿੱਚ ਆਪਣੇ ਤੇਜ਼ ਪੰਜਿਆਂ ਨਾਲ ਲੇਲੇ ਨੂੰ ਪਾੜ ਕੇ ਖਾ ਗਿਆ।
0 Comments