ਆਪਣੇ ਜਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਇਲਾਕੇ ਵਿਚ ਵੱਧ ਰਹੀ ਗੁੰਡਾਗਰਦੀ ਵੱਲ ਧਿਆਨ ਦੁਆਉਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਪੁਲਿਸ ਕਪਤਾਨ ਸਾਹਿਬ,
ਜਿਲ੍ਹਾ ਜਲੰਧਰ,
ਜਲੰਧਰ ਸ਼ਹਿਰ।
ਸ੍ਰੀਮਾਨ ਜੀ,
ਮੈਂ ਜਲੰਧਰ ਦੇ ਪ੍ਰਸਿੱਧ ਮੁਹੱਲਾ ਸ਼ਿਵ ਨਗਰ ਸੋਡਲ ਦਾ ਨਿਵਾਸੀ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਮੁਹੱਲੇ ਵਿਚ ਗੁੰਡਾ-ਗਰਦੀ ਦਿਨੋ-ਦਿਨ ਵੱਧ ਰਹੀ ਹੈ। ਹੁਣ ਤਾਂ ਪਾਣੀ ਹੀ ਸਿਰੋਂ ਲੰਘ ਗਿਆ ਹੈ। ਧੀਆਂ-ਭੈਣਾਂ ਦੇ ਵੇਲੇ-ਕੁਵੇਲੇ ਬਾਹਰ ਨਿਕਲਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੋ ਗਿਆ ਹੈ। ਗੁੰਡਿਆਂ ਨੇ ਇਸ ਮੁਹੱਲੇ ਵਿਚ ਥਾਂ-ਥਾਂ ਜੂਏ ਦੇ ਅੱਡੇ ਬਣਾਏ ਹੋਏ ਹਨ। ਰਾਤ ਦੀ ਗੱਲ ਤਾਂ ਦੂਰ ਰਹੀ ਇਹ ਗੁੰਡੇ ਤਾਂ ਦਿਨ-ਦਿਹਾੜੇ ਹੀ ਇਕੱਲੀ-ਦੁਕੱਲੀ ਇਸਤਰੀ ਨੂੰ ਘਰੋਂ ਜਾ ਕੇ ਲੁੱਟ- ਪੁੱਟ ਲੈਂਦੇ ਹਨ। ਇਨ੍ਹਾਂ ਗੁੰਡਿਆਂ ਨੇ ਮੁਹੱਲੇ ਵਿਚ ਆਪਣਾ ਹੀ ਰਾਜ ਕਾਈਮ ਕੀਤਾ ਹੋਇਆ ਹੈ ਅਤੇ ਮੁਹੱਲੇ ਵਾਲਿਆਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ।
ਪਰਸੋਂ ਦੀ ਗੱਲ ਹੈ ਕਿ ਇਕ ਇਸਤਰੀ ਰਾਤ ਦੇ ਨੌ ਵਜੇ ਆਪਣੇ ਘਰ ਨੂੰ ਆ ਰਹੀ ਸੀ।ਉਸ ਦੇ ਗਲ ਵਿਚ ਸੋਨੇ ਦਾ ਪੈਡੇਂਟ ਪਿਆ ਹੋਇਆ ਸੀ। ਇਨ੍ਹਾਂ ਗੁੰਡਿਆਂ ਨੂੰ ਦੂਰੋਂ ਹੀ ਉਸ ਦੀ ਭਣਕ ਪੈ ਗਈ ਅਤੇ ਉਸ ਦੇ ਪਿੱਛੇ ਭੱਜੇ। ਚੰਗੇ ਭਾਗਾਂ ਨੂੰ ਮੈਂ ਅਤੇ ਮੇਰਾ ਮਿੱਤਰ ਰਾਮ ਚੰਦ ਇਨਸਪੈਕਟਰ ਪੁਲਿਸ ਆ ਰਹੇ ਸਾਂ। ਅਸੀਂ ਉਨ੍ਹਾਂ ਨੂੰ ਲਲਕਾਰਿਆ ਅਤੇ ਉਹ ਸਾਨੂੰ ਦੇਖਦੇ ਹੀ ਹਰਨ ਹੋ ਗਏ। ਇੰਝ ਉਸ ਇਸਤਰੀ ਦਾ ਬਚਾਅ ਹੋ ਗਿਆ।
ਇਸ ਘਟਨਾ ਦੀ ਅਸੀਂ ਚੌਕੀ ਨੰ. 1 ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ, ਪਰ ਇਹ ਗੁੰਡੇ ਹੁਣ ਸਾਨੂੰ ਵੀ ਧਮਕੀਆਂ ਦੇ ਰਹੇ ਹਨ ਕਿ ਜੇਕਰ ਸਾਡੇ ਖਿਲਾਫ ਗਵਾਹੀ ਦਿੱਤੀ ਤਾਂ ਅਸੀਂ ਤੁਹਾਡੀ ਹੀ ਅਲਖ ਮੁਕਾ ਦਿਆਂਗੇ। ਮੁਹੱਲੇ ਵਾਲਿਆਂ ਦੀ ਇਹਨਾਂ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਉਹ ਵਿਚਾਰੇ ਇਨ੍ਹਾਂ ਤੋਂ ਸਹਿਮੇ ਅਤੇ ਡਰੇ ਹੋਏ ਫਿਰਦੇ ਹਨ ਕਿਉਂਕਿ ਪੁਲਿਸ ਵੀ ਇਹਨਾਂ ਨੂੰ ਹੱਥ ਪਾਉਣ ਤੋਂ ਝਿਜਕਦੀ ਹੈ।
ਆਪ ਜੀ ਅੱਗੇ ਬੇਨਤੀ ਹੈ ਕਿ ਅਜਿਹੀ ਲਾਕਾਨੂੰਨੀ, ਬਦਅਮਨੀ ਅਤੇ ਅਮਨ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀਆਂ ਵਿਰੁੱਧ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਅੱਗੇ ਲਈ ਕੰਨ ਹੋ ਜਾਣ ਅਤੇ ਮੁਹੱਲੇ ਵਾਲੇ ਸੁੱਖ ਦਾ ਸਾਹ ਲੈ ਸਕਣ।
ਮੈਨੂੰ ਆਸ ਹੈ ਕਿ ਮੇਰੀ ਬੇਨਤੀ ਪ੍ਰਵਾਨ ਹੋਵੇਗੀ।
ਆਪ ਜੀ ਦਾ ਸ਼ੁਭ ਚਿੰਤਕ,
ਪਰਮਜੀਤ ਸਿੰਘ।
ਮਿਤੀ 20 ਜਨਵਰੀ, 20.....
0 Comments