Punjabi Letter "ਮਿੱਤਰ /ਸਹੇਲੀ ਦੇ ਮਾਤਾ ਜੀ ਸੁਰਗਵਾਸ ਹੋ ਗਏ ਹਨ। ਉਸ ਨੂੰ ਇਕ ਸ਼ੋਕ ਪੱਤਰ" for Class 7, 8, 9, 10 and 12 Students.

ਤੁਹਾਡੇ ਮਿੱਤਰ /ਸਹੇਲੀ ਦੇ ਮਾਤਾ ਜੀ ਸੁਰਗਵਾਸ ਹੋ ਗਏ ਹਨ। ਉਸ ਨੂੰ ਇਕ ਸ਼ੋਕ ਪੱਤਰ ਲਿਖੋ।


ਪ੍ਰੀਖਿਆ ਭਵਨ,

... ਸ਼ਹਿਰ।

15 ਅਪ੍ਰੈਲ, 20...


ਪਿਆਰੇ ਗੁਰਦੇਵ,

ਨਿੱਘੀ ਯਾਦ !

ਇਹ ਸੁਣ ਕੇ ਮੇਰੇ ਤੇ ਦੁੱਖ ਦਾ ਪਹਾੜ ਟੁੱਟ ਪਿਆ ਕਿ ਤੁਹਾਡੇ ਮਾਤਾ ਜੀ 14 ਅਪ੍ਰੈਲ ਨੂੰ ਸੁਰਗਵਾਸ ਹੋ ਗਏ ਹਨ। ਮੈਂ ਤਨੋਂ-ਮਨੋਂ ਇਸ ਦੁੱਖ ਵਿਚ ਤੁਹਾਡੇ ਨਾਲ ਸ਼ਾਮਿਲ ਹਾਂ।

ਇਹ ਜੀਵ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਇਸ ਸੰਸਾਰ ਵਿਚ ਆਉਂਦਾ ਹੈ ਅਤੇ ਹੁਕਮ ਅਨੁਸਾਰ ਹੀ ਤੁਰ ਜਾਂਦਾ ਹੈ (ਘਲੇ ਆਏ ਨਾਨਕਾ ਸੱਦੇ ਉੱਠੀ ਜਾਇ)।

ਇਹ ਸੱਚ ਹੀ ਆਖਿਆ ਗਿਆ ਹੈ ਕਿ ‘ਮਾਵਾਂ ਠੰਢੀਆਂ ਛਾਵਾਂ।' ਪ੍ਰੋ. ਮੋਹਨ ਸਿੰਘ ਨੇ ਮਾਂ ਰੂਪੀ ਬੂਟੇ ਬਾਰੇ ਇੰਝ ਆਖਿਆ ਹੈ-

“ਮਾਂ ਵਰਗਾ ਘਣ ਛਾਂਵਾਂ ਬੂਟਾ ਸਾਨੂੰ ਨਜ਼ਰ ਨਾ ਆਏ, 

ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, 

ਬਾਕੀ ਕੁਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਂਦੇ, 

ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁਕ ਜਾਏ।”

ਜੋ ਸੁੱਖ, ਜੋ ਆਸਰਾ, ਜੋ ਉਤਸ਼ਾਹ ਅਤੇ ਹੱਲਾ-ਸ਼ੇਰੀ ਮਾਂ ਕੋਲੋਂ ਮਿਲਦੀ ਹੈ, ਉਹ ਕਿਤੋਂ ਨਹੀਂ ਮਿਲ ਸਕਦੀ। ਇਹ ਮਾਂ ਹੀ ਹੁੰਦੀ ਹੈ, ਜਿਹੜੀ ਬੱਚਿਆ ਦੇ ਰਾਹ ਦੇ ਕੰਡੇ ਅਤੇ ਰੋੜੇ ਸਾਫ਼ ਕਰਕੇ ਉਨ੍ਹਾਂ ਦੇ ਜੀਵਨ ਮਾਰਗ ਨੂੰ ਪੱਧਰਾਂ ਅਤੇ ਸੁਖਾਵਾਂ ਬਣਾ ਦਿੰਦੀ ਹੈ। ਮਾਵਾਂ ਦੇ ਤੁਰ ਜਾਣ ਜਿੱਡਾ ਦੁੱਖ ਜ਼ਿੰਦਗੀ ਵਿਚ ਹੋ ਕੋਈ ਨਹੀਂ ਅਤੇ ਫੇਰ ਭਰ ਜੁਆਨੀ ਵਿਚ। ਪਰ ਕੁਦਰਤ ਦੇ ਭਾਣੇ ਨੂੰ ਕੌਣ ਮੋੜ ਸਕਦਾ ਹੈ।ਉਸ ਅੱਗੇ ਕਿਸੇ ਦੀ ਕੋਈ ਵਾਹ ਨਹੀਂ ਚਲਦੀ। ਇਸ ਲਈ ਤੁਹਾਨੂੰ ਵੱਡੇ ਜਿਗਰੇ ਨਾਲ ਉਨ੍ਹਾਂ ਦੇ ਵਿਛੋੜੇ ਦੀ ਸੱਟ ਨੂੰ ਸਹਿਣਾ ਚਾਹੀਦਾ ਹੈ। ਭਾਵੇਂ ਇਹ ਘਾਟ ਪੂਰੀ ਹੋਣ ਵਾਲੀ ਨਹੀਂ, ਪਰ ਮੈਂ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਤੁਹਾਡੇ ਮਿੱਤਰ ਤੁਹਾਡੇ ਹਰ ਦੁੱਖ-ਸੁੱਖ ਅਤੇ ਔਕੜ ਵਿਚ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖਲੋਣਗੇ।

ਅੰਤ ਵਿਚ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਅਤੇ ਸਦਗਤੀ ਪ੍ਰਦਾਨ ਕਰੇ ਅਤੇ ਬਾਕੀ ਪਰਿਵਾਰ ਅਤੇ ਸੱਜਣਾਂ-ਮਿੱਤਰਾਂ ਨੂੰ ਇਸ ਦੁੱਖ-ਭਰੀ ਸੱਟ ਨੂੰ ਸਹਿਣ ਕਰਨ ਦਾ ਬਲ ਬਖਸ਼ੇ।

ਅਤਿਅੰਤ ਸ਼ੋਕ ਨਾਲ।

ਤੁਹਾਡਾ ਮਿੱਤਰ, 

ਵਿਵੇਕ





Post a Comment

0 Comments