ਤੁਹਾਡਾ ਛੋਟਾ ਭਰਾ ਸਿਨੇਮਾ ਬਹੁਤ ਦੇਖਦਾ ਹੈ, ਇਸ ਨੂੰ ਚਿੱਠੀ ਰਾਹੀਂ ਪੜ੍ਹਾਈ ਦੀ ਪ੍ਰੇਰਨਾ ਕਰੋ।
ਪ੍ਰੀਖਿਆ ਭਵਨ,
...ਸ਼ਹਿਰ।
20 ਜਨਵਰੀ, 20...
ਪਿਆਰੇ ਪਰਮਜੀਤ,
ਸ਼ੁਭ ਇਛਾਵਾਂ।
ਮੈਨੂੰ ਅੱਜ ਹੀ ਸਕੂਲ ਦੀ ਰਿਪੋਰਟ ਪਹੁੰਚੀ ਹੈ ਜਿਸ ਨੂੰ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ ਹੈ। ਤੂੰ ਸਾਰੇ ਮਜ਼ਬੂਨਾਂ ਵਿਚੋਂ ਫੇਲ੍ਹ ਹੈ ਅਤੇ ਨਾਲ ਹੀ ਅਧਿਆਪਕ ਜੀ ਦੇ ਵਿਸ਼ੇਸ਼ ਕਥਨ ਅਨੁਸਾਰ ਕਾਰਨ ਇਹ ਹੈ ਕਿ ਤੂੰ ਲੋੜ ਤੋ ਵੱਧ ਸਿਨੇਮਾ ਦੇਖਣ ਵਿਚ ਰੁੱਚੀ ਰੱਖਦਾ ਹੈ। ਕੀ ਤੈਨੂੰ ਪਤਾ ਨਹੀਂ ਕਿ ਸਾਡੇ ਮਾਪੇ ਸਾਡੀ ਪੜ੍ਹਾਈ ਦਾ ਖਰਚ ਕਿਵੇਂ ਔਖੇ ਹੋ ਕੇ ਕਰ ਰਹੇ ਹਨ।ਤੈਨੂੰ ਪਤਾ ਨਹੀਂ ਕਿ ਵਧੇਰੇ ਸਿਨੇਮਾ ਦੇਖਣ ਦੇ ਕੀ-ਕੀ ਔਗੁਣ ਹਨ ? ਪਰਮਜੀਤ ਜੀ ਕਿਤੇ-ਕਿਤੇ ਸਿਨੇਮਾ ਦੇਖ ਲੈਣ ਦਾ ਕੋਈ ਹਰਜ਼ ਨਹੀਂ, ਪਰ ਇਸ ਨੂੰ ਰੋਜ਼ ਨਿਤ-ਨੇਮ ਬਣਾ ਲੈਣਾ ਠੀਕ ਨਹੀਂ। ਸਮੇਂ ਅਤੇ ਧਨ ਦੀ ਵਿਅਰਥ ਬਰਬਾਦੀ ਹੁੰਦੀ ਹੈ। ਇਸ ਤੋਂ ਬਿਨਾਂ ਸਿਨੇਮਾ ਦਾ ਆਚਰਣ ਤੇ ਵੀ ਭੈੜਾ ਪ੍ਰਭਾਵ ਪੈਂਦਾ ਹੈ। ਪੜਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਇਸ ਤੋਂ ਪੂਰਾ-ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਲਈ ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਮਨ ਨੂੰ ਜ਼ਰਾ ਕਰੜਾ ਕਰਨ ਦੀ ਲੋੜ ਹੈ, ਜੀਵਨ ਨੂੰ ਨਿਯਮ-ਬੱਧ ਬਣਾਉ। ਪੜ੍ਹਾਈ ਵਰਗੀ ਉੱਤਮ ਚੀਜ਼ ਹੋਰ ਕੋਈ ਨਹੀਂ। ਅਰਸਤੂ ਨੇ ਠੀਕ ਹੀ ਆਖਿਆ ਹੈ ਕਿ ਪੜ੍ਹੇ ਲਿਖੇ ਅਨਪੜ੍ਹਾਂ ਨਾਲੋਂ ਇੰਨ੍ਹੇ ਚੰਗੇ ਹਨ ਜਿੰਨ ਕਿ ਜਿਉਂਦੇ ਮੁਰਦਿਆਂ ਨਾਲ। ਵਿਦਿਆ ਤੋਂ ਬਿਨਾਂ ਮਨੁੱਖ ਪਸ਼ੂ ਸਮਾਨ ਹੁੰਦਾ ਹੈ। ਵਿਦਿਆ ਤੀਜਾ ਨੇਤਰ ਹੈ।
ਵਿਦਿਆ ਪ੍ਰਾਪਤੀ ਹੀ ਮਨੁੱਖ ਵਿਚ ਮਹਾਨਤਾ ਦਾ ਸੰਚਾਰ ਕਰਦੀ ਹੈ। ਪੜ੍ਹਾਈ ਵਿਚ ਮਿਹਨਤ ਕਰੋ ਅਤੇ ਚੰਗੇ ਬੱਚਿਆਂ ਦੀ ਸੰਗਤ ਕਰੋ। ਅੱਗੇ ਤੋਂ ਸਕੂਲੋਂ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਅਤੇ ਮਾਪਿਆਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ।
ਅੰਤ ਵਿਚ ਪਰਮਜੀਤ, ਮੈਂ ਤੁਹਾਨੂੰ ਇਹੀ ਆਖਾਂਗਾ ਕਿ ਹਾਲੀ ਵੀ ਕੁੱਝ ਨਹੀਂ ਵਿਗੜਿਆ। ਉਸ ਨੂੰ ਭੁਲਿਆ ਨਹੀਂ ਆਖਦੇ ਜਿਹੜਾ ਮੁੜ ਸ਼ਾਮੀਂ ਘਰ ਵਾਪਸ ਆ ਜਾਵੇ। ਤੈਨੂੰ ਸਿਨੇਮਾ ਆਦਿ ਦਾ ਚਸਕਾ ਛੱਡ ਕੇ ਆਪਣੀ ਪੜ੍ਹਾਈ ਵੱਲ ਜੁੱਟ ਜਾਣਾ ਚਾਹੀਦਾ ਹੈ ਤਾਂ ਕਿ ਸਾਲਾਨਾ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰ ਸਕੇ।
ਮੈਨੂੰ ਆਸ ਹੈ ਕਿ ਤੂੰ ਮੇਰੀ ਸਿੱਖਿਆ ਵੱਲ ਪੂਰਾ-ਪੂਰਾ ਧਿਆਨ ਦੇਵੇਗਾ।
ਤੇਰਾ ਵੱਡਾ ਵੀਰ,
ਸੁਰਜੀਤ ਸਿੰਘ
0 Comments