ਤੁਹਾਡੇ ਜਨਮ ਦਿਨ ਤੇ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਕੋਈ ਸੁਗਾਤ ਭੇਜੀ ਹੈ, ਉਸਦੇ ਧੰਨਵਾਦ ਵਿਚ ਪੱਤਰ ਲਿਖੋ।
108, ਊਧਮ ਸਿੰਘ ਨਗਰ,
ਜਲੰਧਰ,
10 ਫਰਵਰੀ, 20...
ਸਤਿਕਾਰਯੋਗ ਚਾਚਾ ਜੀ,
ਆਦਰ ਸਹਿਤ ਸਤਿ ਸ੍ਰੀ ਅਕਾਲ।
ਆਪ ਦਾ ਪੱਤਰ ਪੁੱਜਾ ਅਤੇ ਨਾਲ ਹੀ ਮੇਰੇ ਜਨਮ ਦਿਨ ਤੇ ਭੇਜੀ ਹੋਈ ਘੜੀ ਦਾ ਪਾਰਸਲ ਵੀ ਮਿਲ ਗਿਆ ਹੈ। ਚਾਚਾ ਜੀ ਜਿਹੜੀ ਘੜੀ ਆਪ ਜੀ ਨੇ ਮੇਰੇ ਲਈ ਭੇਜੀ ਹੈ ਉਸ ਲਈ ਮੈਂ ਆਪ ਜੀ ਦਾ ਬਹੁਤ-ਬਹੁਤ ਦਿਲੀ ਧੰਨਵਾਦੀ ਹਾਂ। ਭਾਵੇਂ ਮੈਨੂੰ ਹੋਰ ਸੱਜਣਾਂ ਮਿੱਤਰਾਂ ਵੱਲੋਂ ਹੀ ਸੁਗਾਤਾਂ ਆਈਆਂ ਹਨ, ਪਰ ਇਹ ਘੜੀ ਹੀ ਸਾਰੀਆਂ ਚੀਜ਼ਾਂ ਨਾਲੋਂ ਸੁੰਦਰ ਹੈ। ਸੱਚੀਂ-ਮੁੱਚੀ ਚਾਚਾ ਜੀ ਤੁਸੀਂ ਕਿੰਨੇ ਚੰਗੇ ਹੋ ਜੋ ਮੇਰਾ ਖਿਆਲ ਰੱਖਦੇ ਹੋ।
ਚਾਚਾ ਜੀ ਸਾਡੇ ਅੱਠਵੀਂ ਦੇ ਇਮਤਿਹਾਨ ਬਹੁਤ ਲਾਗੇ ਆ ਗਏ ਹਨ, ਘੜੀ ਤੋਂ ਬਿਨਾਂ ਮੈਨੂੰ ਟਾਈਮ ਦਾ ਪਤਾ ਨਹੀਂ ਲਗਦਾ ਸੀ, ਕਦੀ ਕਦੀ ਸਕੂਲ ਨੂੰ ਵੀ ਦੇਰ ਹੋ ਜਾਂਦੀ ਸੀ। ਮੈਂ ਦਿਲ ਵਿਚ ਸੋ ਹੀ ਰਿਹਾ ਸਾਂ ਕਿ ਜੇ ਐਤਕੀਂ ਚਾਚਾ ਜੀ ਮੇਰੇ ਜਨਮ ਦਿਨ ਤੇ ਘੜੀ ਭੇਜ ਦੇਣ ਤਾਂ ਮਜ਼ਾ ਹੀ ਆ ਜਾਵੇਗਾ।
ਚਾਚਾ ਜੀ ਆਪ ਜੀ ਦੀ ਭੇਜੀ ਹੋਈ ਘੜੀ ਉਂਝ ਵੀ ਬਹੁਤ ਹੀ ਵਧੀਆ ਹੈ। ਮੇਰੀ ਕਲਾਸ ਦੇ ਮੁੰਡਿਆਂ ਨੇ ਜਦੋਂ ਇਹ ਦੇਖੀ ਤਾਂ ਬੜੀ ਹੀ ਸ਼ਲਾਘਾ ਕੀਤੀ। ਮੈਂ ਆਪ ਜੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਇਸ ਘੜੀ ਤੋਂ ਪੂਰਾ ਲਾਭ ਉਠਾਵਾਂਗਾ ਅਤੇ ਤੁਹਾਡੀਆਂ ਸੁਨਹਿਰੀ ਅਸੀਸਾਂ ਨੇਪਰੇ ਚਾੜ੍ਹ ਕੇ ਦਿਖਾਵਾਂਗਾਂ। ਰੋਜ਼ੀ ਨੂੰ ਪਿਆਰ।
ਤੁਹਾਡਾ ਆਪਣਾ,
ਹਰਕੰਵਲਜੀਤ।
0 Comments