ਤਪੱਸਿਆ
Tapasiya
ਵਿਜੈਨਗਰ ਵਿਚ ਬੜੇ ਜ਼ੋਰਾਂ ਨਾਲ ਠੰਡ ਪੈ ਰਹੀ ਸੀ। ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਇਸ ਠੰਡ ਦੀ ਚਰਚਾ ਹੋਈ।
ਪੁਰੋਹਿਤ ਨੇ ਮਹਾਰਾਜ ਨੂੰ ਸੁਝਾਅ ਦਿੱਤਾ - "ਮਹਾਰਾਜ ਜੇ ਇਹਨਾਂ ਦਿਨਾਂ ਵਿਚ ਯੱਗ ਕੀਤਾ ਜਾਵੇ ਤਾਂ ਉਸ ਦਾ ਫਲ ਬੜਾ ਵਧੀਆ ਰਹੇਗਾ। ਦੂਰ-ਦੂਰ ਤਕ ਉਠਦਾ ਯੱਗ ਦਾ ਧੂੰਆਂ ਸਾਰੇ ਵਾਤਾਵਰਣ ਨੂੰ ਸਾਫ ਤੇ ਸ਼ੁਧ ਕਰ ਦਵੇਗਾ।”
ਬਹੁਤ ਵਧੀਆ ਸੁਝਾਅ ਹੈ ਪੁਰੋਹਿਤ ਦਾ। ਮਹਾਰਾਜ ਨੂੰ ਇਹ ਸੁਝਾਅ ਜ਼ਰੂਰ ਚੰਗਾ ਲੱਗਾ ਹੋਵੇਗਾ।” ਦਰਬਾਰੀਆਂ ਨੇ ਇਕ ਆਵਾਜ਼ ਹੋ ਕੇ ਕਿਹਾ।
ਮਹਾਰਾਜ ਕ੍ਰਿਸ਼ਨਦੇਵ ਰਾਇ ਖੁਸ਼ ਹੋ ਗਏ। ਉਨ੍ਹਾਂ ਨੇ ਕਿਹਾ - "ਲੋੜ ਅਨੁਸਾਰ ਸਾਡੇ ਖ਼ਜ਼ਾਨੇ ਵਿਚੋਂ ਪੈਸੇ ਲੈ ਲਵੋ।"
"ਮਹਾਰਾਜ ਇਹ ਯੱਗ ਸੱਤ ਦਿਨ ਚਲੇਗਾ। ਘੱਟੋ ਘੱਟ ਇਕ ਲੱਖ ਸੋਨੇ ਦੀਆਂ ਮੋਹਰਾਂ ਤਾਂ ਖਰਚ ਹੋ ਹੀ ਜਾਣਗੀਆਂ। ਹਰ ਰੋਜ਼ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਪਹਿਰ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪੱਸਿਆ ਕਰਾਂਗਾ ਅਤੇ ਦੇਵੀ ਦੇਵਤਿਆਂ ਨੂੰ ਖੁਸ਼ ਕਰਾਂਗਾ।”
ਅਗਲੇ ਹੀ ਦਿਨ ਯੱਗ ਸ਼ੁਰੂ ਹੋ ਗਿਆ। ਇਸ ਯੱਗ ਵਿਚ ਦੂਰੋਂ-ਦੂਰੋਂ ਹਜ਼ਾਰਾਂ ਲੋਕ ਆਉਂਦੇ, ਬੇਹਿਸਾਬ ਪ੍ਰਸ਼ਾਦ ਵੰਡਿਆ ਜਾਂਦਾ।
ਪੁਰੋਹਿਤ ਜੀ ਯੱਗ ਤੋਂ ਪਹਿਲਾਂ ਸਵੇਰੇ-ਸਵੇਰੇ ਕੜਕਦੀ ਠੰਡ ਵਿਚ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪੱਸਿਆ ਕਰਦੇ, ਦੇਵੀ-ਦੇਵਤਿਆਂ ਨੂੰ ਖੁਸ਼ ਕਰਦੇ। ਲੋਕ ਇਹ ਸਾਰਾ ਕੁਝ ਦੇਖ ਕੇ ਹੈਰਾਨ ਹੁੰਦੇ।
ਇਕ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਵੀ ਸਵੇਰੇ-ਸਵੇਰੇ ਪੁਰੋਹਿਤ ਜੀ ਨੂੰ ਤਪੱਸਿਆ ਕਰਦਿਆਂ ਦੇਖਣ ਗਏ। ਉਨ੍ਹਾਂ ਨਾਲ ਤੈਨਾਲੀ ਰਾਮ ਵੀ ਸੀ। ਠੰਡ ਐਨੀ ਜਿਆਦਾ ਸੀ ਕਿ ਦੰਦ ਵੱਜ ਰਹੇ ਸਨ। ਇਉਂ ਪੁਰੋਹਿਤ ਨੂੰ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪੱਸਿਆ ਕਰਦਿਆਂ ਦੇਖ ਕੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਨੂੰ ਕਿਹਾ-
ਹੈਰਾਨੀ, ਅਨੋਖੀ, ਕਰਾਮਾਤ, ਐਨੀ ਔਖੀ ਤਪੱਸਿਆ ਕਰ ਰਹੇ ਹਨ ਸਾਡੇ ਪੁਰੋਹਿਤ ਜੀ। ਰਾਜ ਦੀ ਭਲਾਈ ਦਾ ਉਨ੍ਹਾਂ ਨੂੰ ਕਿੰਨਾ ਫਿਕਰ ਹੈ।
“ਉਹ ਤਾਂ ਹੈ ਈ...ਆਓ ਮਹਾਰਾਜ, ਜ਼ਰਾ ਨੇੜੇ ਚਲ ਕੇ ਦੇਖੀਏ ਪ੍ਰੋਹਿਤ ਜੀ ਦੀ ਤਪੱਸਿਆ।” ਤੈਨਾਲੀ ਰਾਮ ਨੇ ਕਿਹਾ।
“ਪਰ ਪੁਰੋਹਿਤ ਜੀ ਨੇ ਤਾਂ ਇਹ ਕਿਹਾ ਹੈ ਕਿ ਤਪੱਸਿਆ ਕਰਦਿਆਂ ਕੋਈ ਨੇੜੇ ਨਾ ਆਵੇ। ਇਸ ਨਾਲ ਉਨ੍ਹਾਂ ਦੀ ਤਪੱਸਿਆ ਵਿਚ ਵਿਘਨ ਪੈ ਜਾਵੇਗਾ। ਰਾਜੇ ਨੇ ਕਿਹਾ।
ਤਾਂ ਮਹਾਰਾਜ, ਅਸੀਂ ਦੋਵੇਂ ਹੀ ਕੁਝ ਦੇਰ ਤਕ ਉਨ੍ਹਾਂ ਦੀ ਉਡੀਕ ਕਰ ਲਈਏ। ਜਦੋਂ ਪੁਰੋਹਿਤ ਜੀ ਤਪੱਸਿਆ ਖਤਮ ਕਰਕੇ ਠੰਡੇ ਪਾਣੀ ਵਿਚੋਂ ਬਾਹਰ ਆਉਣਗੇ ਤਾਂ ਫਲ ਦੇ ਕੇ ਉਨ੍ਹਾਂ ਦਾ ਸਵਾਗਤ ਕਰਾਂਗੇ।”
ਰਾਜਾ ਕ੍ਰਿਸ਼ਨਦੇਵ ਰਾਇ ਨੂੰ ਉਨ੍ਹਾਂ ਦੀ ਇਹ ਗੱਲ ਜਚ ਗਈ। ਉਹ ਇਕ ਪਾਸੇ ਬੈਠ ਕੇ ਪੁਰੋਹਿਤ ਜੀ ਨੂੰ ਤਪੱਸਿਆ ਕਰਦਿਆਂ ਦੇਖਦੇ ਰਹੇ।
ਬੜਾ ਸਮਾਂ ਲੰਘ ਗਿਆ ਪਰ ਪੁਰੋਹਿਤ ਜੀ ਠੰਡੇ ਪਾਣੀ ਦੀ ਨਦੀ ਵਿਚੋਂ ਬਾਹਰ ਨਿਕਲਣ ਦਾ ਨਾਂ ਹੀ ਨਹੀਂ ਸਨ ਲੈ ਰਹੇ।
ਉਸ ਵੇਲੇ ਤੈਨਾਲੀ ਰਾਮ ਬੋਲਿਆ, "ਹੁਣ ਸਮਝ ਆਇਆ। ਲਗਦੈ ਠੰਡ ਨਾਲ ਪੁਰੋਹਿਤ ਜੀ ਦਾ ਸਰੀਰ ਆਕੜ ਗਿਆ ਹੈ। ਸ਼ਾਇਦ ਇਸੇ ਲਈ ਪੁਰੋਹਿਤ ਜੀ ਨੂੰ ਪਾਣੀ ਵਿਚੋਂ ਬਾਹਰ ਨਿਕਲਣ ਵਿਚ ਤਕਲੀਫ਼ ਹੋ ਰਹੀ ਹੈ। ਮੈਂ ਇਨ੍ਹਾਂ ਦੀ ਮਦਦ ਕਰਦਾ ਹਾਂ।”
ਤੈਨਾਲੀ ਰਾਮ ਨੇ ਕੁਝ ਦੇਰ ਸੋਚਿਆ ਤੇ ਫਿਰ ਨਦੀ ਵਲ ਵਧਿਆ। ਉਸ ਨੇ ਪ੍ਰੋਹਿਤ ਜੀ ਦਾ ਹੱਥ ਫੜ ਕੇ ਨਦੀ ਵਿਚੋਂ ਬਾਹਰ ਖਿਚਿਆ।
ਪੁਰੋਹਿਤ ਦੇ ਪਾਣੀ ਵਿਚੋਂ ਬਾਹਰ ਆਉਂਦਿਆਂ ਹੀ ਰਾਜਾ ਹੈਰਾਨ ਰਹਿ ਗਿਆ। ਉਸ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ। ਬੋਲਿਆ, "ਪੁਰੋਹਿਤ ਜੀ ਦੀ ਤਪੱਸਿਆ ਦਾ ਚਮਕਦਾਰ ਦੇਖੋ ਤੈਨਾਲੀ ਰਾਮ। ਲੱਕ ਤੋਂ ਹੇਠਲਾ ਸਾਰਾ ਹਿੱਸਾ ਨੀਲਾ ਪੈ ਗਿਆ ਹੈ।
ਤੈਨਾਲੀ ਰਾਮ ਹੱਸ ਕੇ ਬੋਲਿਆ, "ਇਹ ਕੋਈ ਚਮਤਕਾਰ ਨਹੀਂ ਹੈ ਮਹਾਰਾਜ ! ਇਹ ਦੇਖੋ, ਠੰਡ ਤੋਂ ਬਚਣ ਵਾਸਤੇ ਪੁਰੋਹਿਤ ਜੀ ਨੇ ਧੋਤੀ ਹੇਠਾਂ ਪਾਣੀ ਰੋਕਣ ਵਾਲਾ ਨੀਲੇ ਰੰਗ ਦਾ ਪਜਾਮਾ ਪਾਇਆ ਹੈ।
ਰਾਜਾ ਕ੍ਰਿਸ਼ਨਦੇਵ ਰਾਇ ਉਚੀ-ਉਚੀ ਹੱਸ ਪਏ ਅਤੇ ਤੈਨਾਲੀ ਰਾਮ ਨੂੰ ਨਾਲ ਲੈ ਕੇ ਆਪਣੇ ਮਹਿਲਾਂ ਵੱਲ ਤੁਰ ਪਏ।
ਪੁਰੋਹਿਤ ਦੋਹਾਂ ਨੂੰ ਜਾਂਦਿਆਂ ਦੇਖਦਾ ਰਿਹਾ।
0 Comments