ਸੁਪਨਿਆਂ ਦਾ ਮਹੱਲ
Supniya Da Mahal
ਇਕ ਵਾਰੀ ਰਾਜਾ ਕ੍ਰਿਸ਼ਨਦੇਵ ਰਾਇ ਨੇ ਸੁਪਨੇ ਵਿਚ ਬੜਾ ਸੋਹਣਾ ਮਹੱਲ ਦੇਖਿਆ ਜਿਹੜਾ ਖਲਾਅ ਵਿਚ ਲਮਕ ਰਿਹਾ ਸੀ। ਉਸ ਦੇ ਅੰਦਰਲੇ ਕਮਰੇ ਰੰਗ-ਬਰੰਗੇ ਪੱਥਰਾਂ ਦੇ ਬਣੇ ਹੋਏ ਸਨ। ਉਨ੍ਹਾਂ ਵਿਚ ਰੋਸ਼ਨੀ ਲਈ ਦੀਵੇ ਜਾ ਮਸ਼ਾਲਾਂ ਜਗਾਉਣ ਦੀ ਲੋੜ ਨਹੀਂ ਸੀ।
ਬਸ ਜਦੋਂ ਮਨ ਵਿਚ ਸੋਚਿਆ ਆਪਣੇ ਆਪ ਰੋਸ਼ਨੀ ਹੋ ਜਾਂਦੀ ਸੀ ਅਤੇ ਜਦੋਂ ਚਾਹੋ ਹਨੇਰਾ ਹੋ ਜਾਂਦਾ ਸੀ।
ਉਸ ਮਹੱਲ ਵਿਚ ਸੁੱਖ ਤੇ ਐਸ਼ ਦਾ ਅਨੋਖਾ ਸਮਾਨ ਰਖਿਆ ਹੋਇਆ ਸੀ। ਧਰਤੀ ਤੋਂ ਮਹੱਲ ਤਕ ਪਹੁੰਚਣ ਲਈ ਬਸ ਸਿਰਫ ਸੋਚਣਾ ਹੀ ਕਾਫ਼ੀ ਸੀ। ਅੱਖਾਂ ਬੰਦ ਕਰੋ ਤਾਂ ਮਹੱਲ ਦੇ ਅੰਦਰ।
ਦੂਜੇ ਦਿਨ ਰਾਜੇ ਨੇ ਆਪਣੇ ਰਾਜ ਵਿਚ ਐਲਾਨ ਕਰਵਾ ਦਿੱਤਾ ਕਿ ਜਿਹੜਾ ਵੀ ਰਾਜੇ ਨੂੰ ਇਹੋ ਜਿਹਾ ਮਹੱਲ ਬਣਾ ਕੇ ਦਵੇਗਾ ਉਸ ਨੂੰ ਇਕ ਲੱਖ ਸੋਨੇ ਦੀਆਂ ਮੋਹਰਾਂ ਇਨਾਮ ਦਿੱਤੀਆਂ ਜਾਣਗੀਆਂ।
ਸਾਰੇ ਰਾਜ ਵਿਚ ਰਾਜੇ ਦੇ ਸੁਪਨੇ ਦੀ ਚਰਚਾ ਹੋਣ ਲੱਗੀ। ਸਾਰੇ ਸੋਚਦੇ ਕਿ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਕਦੀ ਸੁਪਨੇ ਵੀ ਸੱਚ ਹੁੰਦੇ ਹਨ ? ਪਰ ਰਾਜੇ ਨੂੰ ਇਹ ਗੱਲ ਕੌਣ ਸਮਝਾਏ ?
ਰਾਜੇ ਨੇ ਆਪਣੇ ਰਾਜ ਦੇ ਸਾਰੇ ਕਾਰੀਗਰ ਬੁਲਾਏ ਅਤੇ ਉਨ੍ਹਾਂ ਨੂੰ ਆਪਣਾ ਸੁਪਨਾ ਸੁਣਾਇਆ।
ਮਾਹਿਰ ਤੇ ਅਨੁਭਵੀ ਕਾਰੀਗਾਰਾਂ ਨੇ ਰਾਜੇ ਨੂੰ ਬੜਾ ਸਮਝਾਇਆ ਕਿ ਇਹ ਤਾਂ ਕਲਪਨਾ ਦੀਆਂ ਗੱਲਾਂ ਹਨ। ਹਕੀਕਤ ਵਿਚ ਇਹੋ ਜਿਹਾ ਮਹੱਲ ਨਹੀਂ ਬਣਾਇਆ ਜਾ ਸਕਦਾ। ਪਰ ਰਾਜੇ ਦੇ ਸਿਰ ਉਪਰ ਤਾਂ ਸੁਪਨਾ ਭੂਤ ਵਾਂਗ ਸਵਾਰ ਸੀ। ਉਹ ਆਪਣੀ ਗੱਲ ਤੋਂ ਰਤਾ ਵੀ ਨਾ ਹਿੱਲਿਆ।
ਕੁਝ ਲਾਲਚੀ ਤੇ ਨੀਚ ਲੋਕਾਂ ਨੇ ਇਸ ਗੱਲ ਦਾ ਲਾਭ ਉਠਾਇਆ। ਉਨ੍ਹਾਂ ਨੇ ਰਾਜੇ ਨਾਲ ਇਸ ਤਰ੍ਹਾਂ ਦਾ ਮਹੱਲ ਬਣਵਾ ਕੇ ਦੇਣ ਦਾ ਵਾਅਦਾ ਕਰਕੇ ਬੜਾ ਧਨ ਲੁੱਟਿਆ।
ਇਧਰ ਸਾਰੇ ਮੰਤਰੀ ਬੜੇ ਪਰੇਸ਼ਾਨ ਸਨ। ਰਾਜੇ ਨੂੰ ਸਮਝਾਉਣਾ ਕੋਈ ਸੌਖਾ ਕੰਮ ਨਹੀਂ ਸੀ। ਜੇ ਉਨ੍ਹਾਂ ਦੇ ਮੂੰਹ ਉਪਰ ਸਿੱਧਾ-ਸਿੱਧਾ ਕਿਹਾ ਜਾਂਦਾ ਕਿ ਉਹ ਬੇਕਾਰ ਦੇ ਸੁਪਨੇ ਵਿਚ ਉਲਝੇ ਹਨ ਤਾਂ ਮਹਾਰਾਜ ਦੇ ਗੁੱਸੇ ਹੋ ਜਾਣ ਦਾ ਡਰ ਸੀ।
ਮੰਤਰੀਆਂ ਨੇ ਆਪਸ ਵਿਚ ਸਲਾਹ ਕੀਤੀ। ਬੜੀ ਸੋਚ ਵਿਚਾਰ ਮਗਰੋਂ ਇਹ ਫੈਸਲਾ ਕੀਤਾ ਗਿਆ ਕਿ ਇਸ ਸਮੱਸਿਆ ਨੂੰ ਤੈਨਾਲੀ ਰਾਮ ਤੋਂ ਬਿਨਾਂ ਕੋਈ ਵੀ ਨਹੀਂ ਸੁਲਝਾ ਸਕਦਾ।
ਰਾਜੇ ਨੂੰ ਉਸ ਦੇ ਸੁਪਨਿਆਂ ਦੇ ਮਹੱਲ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਤੈਨਾਲੀ ਰਾਮ ਨੂੰ ਸੌਂਪਿਆ ਗਿਆ।
ਤੈਨਾਲੀ ਰਾਮ ਕੁਝ ਦਿਨਾਂ ਦੀ ਛੁੱਟੀ ਲੈ ਕੇ ਸ਼ਹਿਰੋਂ ਬਾਹਰ ਚਲਾ ਗਿਆ।
ਇਕ ਦਿਨ ਇਕ ਬੁੱਢਾ ਆਦਮੀ ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਰੋਂਦਾਰੋਂਦਾ ਆਇਆ।
ਰਾਜੇ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ, “ਤੁਹਾਨੂੰ ਕੀ ਤਕਲੀਫ਼ ਹੈ ? ਫ਼ਿਕਰ ਨਾ ਕਰੋ। ਹੁਣ ਤੁਸੀਂ ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਹੋ। ਤੁਹਾਡੇ ਨਾਲ ਪੁਰਾ ਇਨਸਾਫ ਹੋਵੇਗਾ।”
"ਮੈਂ ਲੁੱਟ ਗਿਆ, ਮਹਾਰਾਜ। ਤੁਸੀਂ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੜੱਪ ਲਈ ਹੈ। ਮੇਰੇ ਛੋਟੇ ਬੱਚੇ ਹਨ, ਮਹਾਰਾਜ! ਤੁਸੀਂ ਹੀ ਦੱਸੇ ਕਿ ਮੈਂ ਉਨ੍ਹਾਂ ਦਾ ਢਿੱਡ ਕਿਵੇਂ ਭਰਾਂ ?" ਉਸ ਬੰਦਾ ਹੰਝੂ ਵਹਾਉਂਦਿਆਂ ਬੋਲਿਆ।
ਕੀ ? ਕੀ ਸਾਡੇ ਕਿਸੇ ਕਰਮਚਾਰੀ ਨੇ ਤੁਹਾਡੇ ਉਪਰ ਜੁਰਮ ਕੀਤਾ ਹੈ ? ਸਾਨੂੰ on ਦਾ ਨਾਂ ਦੱਸੋ। ਸਾਡਾ ਨਾਂ ਲੈ ਕੇ ਸਾਡੀ ਪਰਜਾ ਉਪਰ ਜੁਰਮ ਕਰਨ ਵਾਲਿਆਂ ਦੀ ਅਸੀਂ ਚਮੜੀ ਉਧੇੜ ਦਿਆਂਗੇ।" ਰਾਜੇ ਨੇ ਗੁੱਸੇ ਨਾਲ ਕਿਹਾ।
ਨਹੀਂ ਮਹਾਰਾਜ, ਮੈਂ ਐਂਵੇ ਕਿਸੇ ਕਰਮਚਾਰੀ ਨੂੰ ਕਿਉਂ ਬਦਨਾਮ ਕਰਾਂ ?
ਬੁੱਢਾ ਬੋਲਿਆ।
ਤਾਂ ਫਿਰ ਸਾਫ ਸਾਫ ਕਿਉਂ ਨਹੀਂ ਕਹਿੰਦੇ - ਇਹ ਸਾਰਾ ਚੱਕਰ ਕੀ ਹੈ ? ਛੇਤੀ ਦੱਸ ਕਿ ਤੂੰ ਕੀ ਚਾਹੁੰਦਾ ਹੈਂ ?"
'ਮਹਾਰਾਜ, ਜਾਨ ਦੀ ਖੈਰ ਹੋਵੇ ਤਾਂ ਦੱਸਾਂ। "ਅਸੀਂ ਤੇਰੀ ਜਾਨ ਦੀ ਖੈਰ ਦਿੰਦੇ ਹਾਂ। ਰਾਜੇ ਨੇ ਵਿਸ਼ਵਾਸ ਦੁਆਇਆ।
"ਮਹਾਰਾਜ ਕੋਲ ਰਾਤੀ ਮੈਂ ਸੁਪਨੇ ਵਿਚ ਦੇਖਿਆ ਕਿ ਤੁਸੀਂ ਆਪ ਆਪਣੇ ਮੰਤਰੀਆਂ ਦੇ ਕਰਮਚਾਰੀਆਂ ਨਾਲ ਮੇਰੇ ਘਰ ਆਏ ਅਤੇ ਮੇਰਾ ਟਰੰਕ ਚੁਕਵਾ ਕੇ ਆਪਣੇ ਖਜ਼ਾਨੇ ਵਿਚ ਰਖਵਾ ਲਿਆ। ਉਸ ਟਰੰਕ ਵਿਚ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਸੀ। ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ।" ਉਸ ਬੁੱਢੇ ਬੰਦੇ ਨੇ ਸਿਰ ਝੁਕਾ ਕੇ ਕਿਹਾ।
“ਅਜੀਬ ਮੂਰਖ ਹੈਂ ਤੂੰ। ਕਦੀ ਸੁਪਨੇ ਵੀ ਸੱਚ ਹੁੰਦੇ ਹਨ?" ਰਾਜੇ ਨੇ ਗੁੱਸੇ ਨਾਲ ਕਿਹਾ।
"ਠੀਕ ਕਿਹਾ ਹੈ ਤੁਸੀਂ, ਮਹਾਰਾਜ! ਸੁਪਨੇ ਸੱਚ ਨਹੀਂ ਹੁੰਦੇ। ਸੁਪਨਾ ਭਾਵੇਂ ਖਲਾਅ ਵਿਚ ਲਮਕੇ ਅਨੋਖੇ ਮਹੱਲ ਦਾ ਹੋਵੇ ਤੇ ਭਾਵੇਂ ਉਸ ਨੂੰ ਮਹਾਰਾਜ ਨੇ ਆਪ ਹੀ ਕਿਉਂ ਨਾ ਦੇਖਿਆ ਹੋਵੇ, ਸੱਚ ਨਹੀਂ ਹੋ ਸਕਦਾ।"
ਰਾਜਾ ਕ੍ਰਿਸ਼ਨਦੇਵ ਰਾਇ ਹੈਰਾਨੀ ਨਾਲ ਉਸ ਬੁੱਢੇ ਆਦਮੀ ਵੱਲ ਦੇਖ ਰਿਹਾ ਸੀ। ਦੇਖਦਿਆਂ-ਦੇਖਦਿਆਂ ਉਸ ਬੁੱਢੇ ਬੰਦੇ ਨੇ ਆਪਣੀ ਨਕਲੀ ਦਾੜ੍ਹੀ-ਮੁੱਛ ਤੇ ਪੱਗ ਲਾਹ ਦਿੱਤੀ। ਰਾਜੇ ਦੇ ਸਾਹਮਣੇ ਬੁੱਢੇ ਆਦਮੀ ਦੀ ਥਾਂ ਤੈਨਾਲੀ ਰਾਮ ਬੈਠਾ ਸੀ।
ਇਸ ਤੋਂ ਪਹਿਲਾਂ ਕਿ ਰਾਜਾ ਗੁੱਸੇ ਨਾਲ ਕੁਝ ਕਹਿੰਦਾ, ਤੈਨਾਲੀ ਰਾਮ ਨੇ ਕਿਹਾ, “ਮਹਾਰਾਜ, ਤੁਸੀਂ ਮੈਨੂੰ ਜੀਵਨ ਦਾਨ ਦੇ ਚੁੱਕੇ ਹੋ।”
ਮਹਾਰਾਜ ਹੱਸ ਪਏ। ਉਸ ਪਿਛੋਂ ਉਨ੍ਹਾਂ ਨੇ ਆਪਣੇ ਸੁਪਨੇ ਦੇ ਮਹੱਲ ਬਾਰੇ ਕਦੀ ਕੋਈ ਗੱਲ ਨਾ ਕੀਤੀ।
0 Comments