Punjabi Moral Story “Satrange Phooldaan”, "ਸਤਰੰਗੇ ਫੁੱਲਦਾਨ" Tenali Rama Story for Students of Class 5, 6, 7, 8, 9, 10 in Punjabi Language.

ਸਤਰੰਗੇ ਫੁੱਲਦਾਨ 
Satrange Phooldaan



ਗਰ ਵਿਚ ਸਾਲਾਨਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਗੁਆਂਢੀ ਰਾਜਾ ਤੋਂ ਕੀਮਤੀ ਤੋਹਫੇ ਮਿਲੇ। ਇਨ੍ਹਾਂ ਤੌਹਫਿਆਂ ਵਿਚ ਸਾਰਿਆਂ ਤੋਂ ਅਨੋਖੇ ਤੇ ਅਜੀਬ ਚਾਰ ਸਤਰੰਗੇ ਫੁੱਲਦਾਨ ਸਨ। ਰਾਜੇ ਨੇ ਚਾਰੋ ਫੁੱਲਦਾਨ ਆਪਣੇ ਰਾਜ ਮਹੱਲ ਵਿਚ ਰਖਵਾ ਦਿੱਤੇ ਅਤੇ ਆਪਣੇ ਸਿਪਾਹੀਆਂ ਨੂੰ ਸਖ਼ਤ ਹੁਕਮ ਦਿੱਤਾ ਕਿ ਇਨ੍ਹਾਂ ਫੁੱਲਦਾਨਾਂ ਦੀ ਪੂਰੀ ਰੱਖਿਆ ਕੀਤੀ ਜਾਵੇ। ਜੇ ਕਿਸੇ ਤੋਂ ਕੋਈ ਫੁੱਲਦਾਨ ਟੁੱਟਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।”

ਦਿਨ ਲੰਘਦੇ ਗਏ। ਫੁੱਲਦਾਨਾਂ ਦੀ ਸੁਰੱਖਿਆ ਬੜੇ ਚੰਗੇ ਤਰੀਕੇ ਨਾਲ ਕੀਤੀ ਜਾ ਰਹੀ ਸੀ ਕਿ ਇਕ ਦਿਨ ਸਰਜੂ ਸੇਵਕ ਤੋਂ ਇਕ ਫੁੱਲਦਾਨ ਟੁੱਟ ਗਿਆ।

ਰਾਜੇ ਨੂੰ ਜਦੋਂ ਫੁੱਲਦਾਨ ਦੇ ਟੁੱਟਣ ਦੀ ਖ਼ਬਰ ਮਿਲੀ ਤਾਂ ਉਹ ਅੱਗ ਵਾਂਗ ਮਚਣ ਲੱਗੇ ਅਤੇ ਹੁਕਮ ਦਿੱਤਾ, “ਸਰਜੂ ਨੂੰ ਅੱਜ ਤੋਂ ਅੱਠਵੇਂ ਦਿਨ ਫਾਂਸੀ ਦੇ ਦਿੱਤੀ ਜਾਵੇ।

ਰਾਜੇ ਦੇ ਫੌਜੀਆਂ ਨੇ ਸਰਜੂ ਨੂੰ ਫੜ ਕੇ ਕੈਦ ਕਰ ਲਿਆ।”

ਇਸ ਦੌਰਾਨ ਸਰਜੂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਸ ਨੇ ਵੀਹ ਸਾਲ ਰਾਜ ਦੀ ਬੜੀ ਲਗਨ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਫਾਂਸੀ ਦੀ ਸਜ਼ਾ ਮਿਲਣ ਤੋਂ ਪਹਿਲਾਂ ਮੈਂ ਤੈਨਾਲੀ ਰਾਮ ਨੂੰ ਮਿਲਣਾ ਚਾਹੁੰਦਾ ਹਾਂ।

ਰਾਜੇ ਨੇ ਸਰਜੂ ਦੀ ਬੇਨਤੀ ਮੰਨ ਲਈ। ਸਰਜੁ ਨੂੰ ਤੈਨਾਲੀ ਰਾਮ ਨਾਲ ਮਿਲਾਇਆ ਗਿਆ। ਸਰਜੂ ਨੇ ਤੈਨਾਲੀ ਰਾਮ ਤੋਂ ਮਦਦ ਮੰਗੀ। ਤੈਨਾਲੀ ਰਾਮ ਨੇ ਉਸ ਦੇ ਕੰਨ ਵਿਚ ਕੁਝ ਕਿਹਾ ਤੇ ਵਾਪਸ ਆ ਗਿਆ।

ਅੱਜ ਅੱਠਵਾਂ ਦਿਨ ਸੀ। ਸਰਜੂ ਨੂੰ ਫਾਂਸੀ ਚੜਾਇਆ ਜਾਣਾ ਸੀ। ਫਾਂਸੀ ਤੋਂ ਪਹਿਲਾਂ ਸਰਜੂ ਤੋਂ ਆਖਰੀ ਇੱਛਾ ਪੁੱਛੀ ਗਈ ਤਾਂ ਸਰਜੂ ਨੇ ਕਿਹਾ “ਮੈਂ ਬਾਕੀ ਬਚੇ ਤਿੰਨਾਂ ਸਤਰੰਗੀ ਫੁੱਲਦਾਨਾਂ ਨੂੰ ਇਕ ਵਾਰੀ ਹੱਥ ਵਿਚ ਫੜ ਕੇ ਦੇਖਣਾ ਚਾਹੁੰਦਾ ਹਾਂ।”

ਸਰਜੂ ਨੂੰ ਮਹੱਲ ਵਿਚ ਲਿਆਂਦਾ ਗਿਆ। ਰਾਜਾ ਕ੍ਰਿਸ਼ਨਦੇਵ ਰਾਇ ਨੇ ਜਿਉਂ ਹੀ ਤਿੰਨ ਫੁੱਲਦਾਨ ਸਰਜੂ ਦੇ ਹੱਥ ਫੜਾਏ ਤਾਂ ਉਸ ਨੇ ਤਿੰਨੋ ਇਕੱਠੇ ਜ਼ਮੀਨ ਉਪਰ ਸੁੱਟ ਦਿੱਤੇ। ਫੁੱਲਦਾਨ ਡਿੱਗਦਿਆਂ ਹੀ ਟੁੱਟ ਕੇ ਟੁਕੜੇ-ਟੁਕੜੇ ਹੋ ਗਏ।

ਇਹ ਦੇਖ ਕੇ ਰਾਜਾ ਗੁੱਸੇ ਨਾਲ ਭਰ ਗਿਆ ਤੇ ਬੋਲਿਆ, "ਇਹ ਕੀਮਤੀ ਫੁੱਲਦਾਨ ਤੋੜ ਕੇ ਤੈਨੂੰ ਕੀ ਮਿਲਿਆ ਸਰਜੂ ?

ਤਿੰਨ ਬੇਕਸੂਰ ਲੋਕਾਂ ਦੀ ਜ਼ਿੰਦਗੀ-ਇਨ੍ਹਾਂ ਕਰਕੇ ਕਲ ਕਦੀ ਤਿੰਨ ਹੋਰ ਲੋਕਾਂ ਨੂੰ ਮੇਰੇ ਵਾਂਗ ਫਾਂਸੀ ਚੜਨਾ ਪੈਣਾ ਸੀ - ਇਹ ਫੁੱਲਦਾਨ ਕਿਸੇ ਦੀ ਜਾਨ ਤੋਂ ਵਧ ਕੀਮਤੀ ਤਾਂ ਨਹੀਂ ਹਨ।

ਸਰਜੂ ਦੀ ਗੱਲ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਝਟਕਾ ਜਿਹਾ ਲੱਗਾ। ਉਨਾਂ ਨੇ ਸਰਜੂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ। ਅਗਲੇ ਦਿਨ ਸਰਜੁ ਨੂੰ ਬੁਲਾ ਕੇ ਪੁੱਛਿਆ ਗਿਆ - "ਸੱਚ-ਸੱਚ ਦੱਸੀ ਕਿ ਤੈਨੂੰ ਇਉਂ ਕਰਨ ਦੀ ਸਲਾਹ ਕਿਸ ਨੇ ਦਿੱਤੀ ?"

ਸਰਜੂ ਇਸ ਪ੍ਰਸ਼ਨ ਦੇ ਜਵਾਬ ਵਿਚ ਕੁਝ ਨਾ ਬੋਲਿਆ। ਉਹ ਇਕਟਕ ਤੈਨਾਲੀ ਰਾਮ ਵੱਲ ਦੇਖਣ ਲੱਗਾ।

ਰਾਜਾ ਕ੍ਰਿਸ਼ਨਦੇਵ ਰਾਇ ਸਾਰਾ ਕੁਝ ਸਮਝ ਗਏ। ਉਹ ਤੈਨਾਲੀ ਰਾਮ ਨੂੰ ਕਹਿਣ ਲੱਗੇ, 'ਤੂੰ ਅੱਜ ਇਕ ਬੇਕਸੂਰ ਆਦਮੀ ਦੀ ਜਾਨ ਬਚਾ ਲਈ ਹੈ ਤੈਨਾਲੀ ਰਾਮ ਅਤੇ ਨਾਲ ਹੀ ਮੈਨੂੰ ਵੀ ਵਿਵੇਕ ਨਾ ਗੁਆਉਣ ਦੀ ਸਲਾਹ ਦਿੱਤੀ ਹੈ। ਤੂੰ ਧੰਨ ਹੈ। ਤੈਨਾਲੀ ਰਾਮ..।


Post a Comment

0 Comments