Punjabi Moral Story “Raje Da Tota”, "ਰਾਜੇ ਦਾ ਤੋਤਾ" Tenali Rama Story for Students of Class 5, 6, 7, 8, 9, 10 in Punjabi Language.

ਰਾਜੇ ਦਾ ਤੋਤਾ 
Raje Da Tota



ਕਿਸੇ ਨੇ ਮਹਾਰਾਜ ਕਿਸ਼ਨਦੇਵ ਰਾਇ ਨੂੰ ਇਕ ਤੋਤਾ ਭੇਟ ਕੀਤਾ। ਇਹ ਤੋਤਾ ਬੜੀਆਂ ਚੰਗੀਆਂ ਤੋਂ ਸੋਹਣੀਆਂ ਗੱਲਾਂ ਕਰਦਾ ਸੀ।

ਉਹ ਲੋਕਾਂ ਦੇ ਪ੍ਰਸ਼ਨਾਂ ਦੇ ਉਤਰ ਵੀ ਦਿੰਦਾ ਸੀ। ਰਾਜੇ ਨੂੰ ਉਹ ਤੋਤਾ ਬੜਾ ਪਸੰਦ ਸੀ।

ਉਨ੍ਹਾਂ ਨੇ ਉਸ ਨੂੰ ਪਾਲਣ ਤੇ ਉਸ ਦੀ ਰੱਖਿਆ ਕਰਨ ਦਾ ਭਾਰ ਆਪਣੇ ਇਕ ਵਿਸ਼ਵਾਸੀ ਨੌਕਰ ਨੂੰ ਸੌਂਪਦਿਆਂ ਕਿਹਾ "ਇਸ ਤੋਤੇ ਦੀ ਸਾਰੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ। ਇਸ ਦਾ ਪੂਰਾ ਖਿਆਲ ਰੱਖਣਾ। ਤੋਤਾ ਮੈਨੂੰ ਬੜਾ ਪਿਆਰਾ ਹੈ। ਇਸ ਨੂੰ , ਕੁਝ ਹੋ ਗਿਆ ਤਾਂ ਯਾਦ ਰਖਣਾ; ਇਹ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ। ਜੇ ਮੈਨੂੰ ਤੂੰ ਜਾਂ ਕਿਸੇ ਹੋਰ ਨੇ ਆ ਕੇ ਇਹ ਖ਼ਬਰ ਦਿੱਤੀ ਕਿ ਤੋਤਾ ਮਰ ਗਿਆ ਹੈ ਤਾਂ ਤੈਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ।"

ਉਸ ਨੌਕਰ ਨੇ ਤੋਤੇ ਦੀ ਬੜੀ ਦੇਖ-ਭਾਲ ਕੀਤੀ। ਹਰ ਤਰੀਕੇ ਨਾਲ ਉਸ ਦੀ ਸੁਖ-ਸਹੁਲਤ ਦਾ ਧਿਆਨ ਰਖਿਆ, ਪਰ ਅਚਾਨਕ ਇਕ ਦਿਨ ਤੋਤਾ ਚਲ ਵਸਿਆ।

ਨੌਕਰ ਵਿਚਾਰਾ ਥਰ-ਥਰ ਕੰਬਣ ਲੱਗਾ। ਹੁਣ ਉਸ ਦੀ ਜਾਨ ਦੀ ਖੈਰ ਨਹੀਂ।

ਉਹ ਜਾਣਦਾ ਸੀ ਕਿ ਤੋਤੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਹਾਰਾਜ ਉਸ ਨੂੰ ਮੌਤ ਦੀ ਸਜ਼ਾ ਸੁਣਾ ਦੇਣਗੇ।

ਬੜੇ ਦਿਨ ਸੋਚਣ ਮਗਰੋਂ ਉਸ ਨੂੰ ਇਕ ਉਪਾਅ ਸੁਝਿਆ। ਤੈਨਾਲੀ ਰਾਮ ਤੋਂ ਬਿਨਾਂ ਕੋਈ ਹੋਰ ਉਸ ਦਾ ਬਚਾਅ ਨਹੀਂ ਸੀ ਕਰ ਸਕਦਾ।

ਉਹ ਦੌੜਿਆ-ਦੌੜਿਆ ਤੈਨਾਲੀ ਰਾਮ ਕੋਲ ਗਿਆ ਅਤੇ ਉਸ ਨੂੰ ਜਾ ਕੇ ਸਾਰੀ ਗੱਲ ਸੁਣਾਈ।

ਤੈਨਾਲੀ ਰਾਮ ਨੇ ਕਿਹਾ, "ਗੱਲ ਸਚਮੁੱਚ ਹੀ ਬਹੁਤ ਗੰਭੀਰ ਹੈ। ਉਹ ਤੋਤਾ ਮਹਾਰਾਜ ਨੂੰ ਬੜਾ ਪਿਆਰਾ ਸੀ, ਪਰ ਤੁਸੀਂ ਫਿਕਰ ਨਾ ਕਰੋ। ਕੋਈ ਨਾ ਕੋਈ ਤਰੀਕਾ ਮੈਂ ਲੱਭ ਹੀ ਲਵਾਂਗਾ। ਤੁਸੀਂ ਚੁੱਪ ਰਹੋ। ਤੋਤੇ ਦੇ ਬਾਰੇ ਮਹਾਰਾਜ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ। ਮੈਂ ਆਪ ਸੰਭਾਲ ਲਵਾਂਗਾ।”

ਤੈਨਾਲੀ ਰਾਮ ਮਹਾਰਾਜ ਦੇ ਕੋਲ ਪਹੁੰਚਿਆ ਅਤੇ ਬੜਾ ਘਬਰਾਇਆ ਜਿਹਾ ਬੋਲਿਆ, "ਮਹਾਰਾਜ ਉਹ ਤੁਹਾਡਾ ਤੋਤਾ...ਉ...ਹ...ਤੋ...ਤਾ...!"

“ਕੀ ਹੋਇਆ ਹੈ ਤੋਤੇ ਨੂੰ? ਤੂੰ ਐਨਾ ਘਬਰਾਇਆ ਕਿਉਂ ਹੈ ਤੈਨਾਲੀ ਰਾਮ ? ਕੀ ਗੱਲ ਹੈ ?" ਮਹਾਰਾਜ ਨੇ ਪੁੱਛਿਆ।

“ਮਹਾਰਾਜ, ਤੁਹਾਡਾ ਉਹ ਤੋਤਾ ਤਾਂ ਬੋਲਦਾ ਹੀ ਨਹੀਂ, ਬਿਲਕੁਲ ਚੁੱਪ ਹੋ ਗਿਆ ਹੈ। ਨਾ ਕੁਝ ਖਾਂਦਾ ਹੈ, ਨਾ ਪੈਂਦਾ ਹੈ, ਨਾ ਪੰਖ ਹਿਲਾਉਂਦਾ ਹੈ। ਬਸ ਬੁਝੀਆਂ ਅੱਖਾਂ ਨਾਲ ਉਪਰ ਵਲ ਦੇਖਦਾ ਰਹਿੰਦਾ ਹੈ। ਉਸ ਦੀਆਂ ਅੱਖਾਂ ਤਾਂ ਝਮਕਦੀਆਂ ਹੀ ਨਹੀਂ।” ਤੈਨਾਲੀ ਰਾਮ ਨੇ ਕਿਹਾ।

ਮਹਾਰਾਜ ਤੈਨਾਲੀ ਰਾਮ ਦੀ ਗੱਲ ਸੁਣ ਕੇ ਬੜੇ ਹੈਰਾਨ ਹੋਏ। ਉਹ ਆਪ ਤੋਤੇ ਦੇ ਪਿੰਜਰੇ ਕੋਲ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਤੋਤੇ ਦੇ ਪ੍ਰਾਣ ਨਿਕਲ ਗਏ ਹਨ।

ਝੁੰਜਲਾ ਕੇ ਉਹ ਤੈਨਾਲੀ ਰਾਮ ਨੂੰ ਕਹਿਣ ਲੱਗੇ, “ਸਿੱਧੇ ਤਰੀਕੇ ਨਾਲ ਇਹ ਕਿਉਂ ਨਹੀ ਕਹਿ ਦਿੱਤਾ ਕਿ ਤੋਤਾ ਮਰ ਗਿਆ ਹੈ। ਤੂੰ ਸਾਰੀ ਮਹਾਂਭਾਰਤ ਸੁਣਾ ਦਿੱਤੀ, ਪਰ ਅਸਲੀ ਗੱਲ ਨਹੀਂ ਕਹੀ।”

ਮਹਾਰਾਜ ਤੁਸੀਂ ਹੀ ਤਾਂ ਕਿਹਾ ਸੀ ਕਿ ਜੇ ਤੋਤੇ ਦੀ ਮੌਤ ਦੀ ਖ਼ਬਰ ਤੁਹਾਨੂੰ ਦਿੱਤੀ ਗਈ ਤਾਂ ਤੋਤੇ ਦੇ ਰੱਖਵਾਲੇ ਨੂੰ ਮੌਤ ਦੀ ਸਜ਼ਾ ਮਿਲੇਗੀ। ਜੇ ਮੈਂ ਤੁਹਾਨੂੰ ਇਹ ਖ਼ਬਰ ਦਿੱਤੀ ਹੁੰਦੀ ਤਾਂ ਵਿਚਾਰੇ ਨੌਕਰ ਨੂੰ ਹੁਣ ਤਕ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਤੈਨਾਲੀ ਰਾਮ ਨੇ ਕਿਹਾ।

ਰਾਜਾ ਇਸ ਗੱਲੋਂ ਬੜਾ ਖੁਸ਼ ਸੀ ਕਿ ਤੈਨਾਲੀ ਰਾਮ ਨੇ ਉਸ ਨੂੰ ਇਕ ਬੇਕਸੂਰ ਨੌਕਰ ਨੂੰ ਮੌਤ ਦੀ ਸਜ਼ਾ ਦੇਣ ਤੋਂ ਬਚਾ ਲਿਆ ਸੀ।


Post a Comment

0 Comments