ਪੰਛੀਆਂ ਦੀ ਗਿਣਤੀ
Panchiya di Ginti
ਰਾਜਾ ਕ੍ਰਿਸ਼ਨਦੇਵ ਰਾਇ ਕਦੀ ਕਦੀ ਤੈਨਾਲੀ ਰਾਮ ਨੂੰ ਬੜੇ ਬੇਤੁਕੇ ਸਵਾਲ ਪੁੱਛਦਾ ਹੁੰਦਾ ਸੀ।
ਇਕ ਦਿਨ ਉਨ੍ਹਾਂ ਨੇ ਭਰੇ ਦਰਬਾਰ ਵਿਚ ਪੁੱਛ ਲਿਆ, "ਤੈਨਾਲੀ ਰਾਮ ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਰਾਜ ਵਿਚ ਕੁਲ ਕਿੰਨੇ ਪੰਛੀ ਹਨ ?"
"ਬਿਲਕੁਲ ਦੱਸ ਸਕਦਾ ਹਾਂ ਮਹਾਰਾਜ, ਪਰ ਮੇਰੇ ਤੋਂ ਵੀ ਵੱਡੇ ਵਿਦਵਾਨ ਇਸ ਦਰਬਾਰ ਵਿਚ ਬੈਠੇ ਹਨ। ਉਨ੍ਹਾਂ ਦੇ ਹੁੰਦਿਆਂ ਮੈਂ ਇਸ ਸਵਾਲ ਦਾ ਜਵਾਬ ਦੇਣ ਦੀ ਗੁਸਤਾਖੀ ਕਿਵੇਂ ਕਰ ਸਕਦਾ ਹਾਂ?" ਤੈਨਾਲੀ ਰਾਮ ਨੇ ਕਿਹਾ।
ਰਾਜੇ ਨੇ ਦਰਬਾਰੀਆਂ ਵੱਲ ਦੇਖਿਆ ਪਰ ਇਸ ਅਨੋਖੇ ਸਵਾਲ ਦਾ ਜਵਾਬ ਕੌਣ ਦਿੰਦਾ ?
ਭਲਾ ਉਡਣ ਵਾਲੇ ਪੰਛੀਆਂ ਦੀ ਗਿਣਤੀ ਕਿਵੇਂ ਕੀਤੀ ਜਾ ਸਕਦੀ ਹੈ ? ਸਾਰਿਆਂ ਨੇ ਸਿਰ ਝੁਕਾ ਲਿਆ।
ਇਸ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ।
ਰਾਜੇ ਨੇ ਕਿਹਾ, 'ਤੈਨਾਲੀ ਰਾਮ ਹੁਣ ਤਾਂ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਹੀ ਦੇ ਸਕਦੇ ਹੋ। ਤੁਸੀਂ ਦੇਖ ਹੀ ਰਹੇ ਹੋ ਕਿ ਇਹ ਕਿਸੇ ਹੋਰ ਦੇ ਵਸ ਦੀ ਗੱਲ ਨਹੀਂ ਹੈ।”
"ਮਹਾਰਾਜ, ਸਾਡੇ ਰਾਜ ਵਿਚ ਐਨੇ ਪੰਛੀ ਹਨ ਜਿੰਨੇ ਤੁਹਾਡੇ ਸਿਰ ਤੇ ਵਾਲ ਹਨ।” ਤੈਨਾਲੀ ਰਾਮ ਨੇ ਕਿਹਾ।
“ਇਹ ਕਿਹੋ ਜਿਹੀ ਗਿਣਤੀ ਦੱਸੀ ਹੈ? ਅਸੀਂ ਨਹੀਂ ਜਾਣਦੇ ਕਿ ਸਾਡੇ ਸਿਰ ਤੇ ਕਿੰਨੇ ਵਾਲ ਹਨ। ਪੰਛੀਆਂ ਦੀ ਗਿਣਤੀ ਠੀਕ ਠੀਕ ਦੱਸੋ।” ਰਾਜੇ ਨੇ ਕਿਹਾ।
"ਮਹਾਰਾਜ, ਸਾਡੇ ਰਾਜ ਦੇ ਸਾਰੇ ਪੰਛੀਆਂ ਦੀ ਗਿਣਤੀ ਹੈ, ਇਕ ਲੱਖ ਗਿਆਰਾਂ ਹਜ਼ਾਰ ਇਕ ਸੌ ਗਿਆਰਾਂ। ਜੇ ਤੁਸੀਂ ਚਾਹੋ ਤਾਂ ਗਿਣਵਾ ਕੇ ਦੇਖ ਲਵੋ।" ਤੈਨਾਲੀ ਰਾਮ ਨੇ ਕਿਹਾ।
ਤੇ ਜੇ ਗਿਣਤੀ ਇਸ ਨਾਲੋਂ ਘੱਟ ਨਿਕਲੀ ਤਾਂ ?" ਰਾਜੇ ਨੇ ਫਿਰ ਪ੍ਰਸ਼ਨ ਕੀਤਾ।
ਇਸ ਦਾ ਇਕ ਹੀ ਕਾਰਣ ਹੋ ਸਕਦਾ ਹੈ ਕਿ ਬਾਕੀ ਦੇ ਪੰਛੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੂਜੇ ਰਾਜਾਂ ਵਿਚ ਗਏ ਹੋਣ।" ਤੈਨਾਲੀ ਰਾਮ ਨੇ ਗੰਭੀਰਤਾ ਨਾਲ ਜਵਾਬ ਦਿੱਤਾ।
"ਅਤੇ ਜੇ ਪੰਛੀਆਂ ਦੀ ਗਿਣਤੀ ਤੁਹਾਡੀ ਦੱਸੀ ਗਿਣਤੀ ਤੋਂ ਵੱਧ ਨਿਕਲੀ ਤਾਂ? ਰਾਜੇ ਨੇ ਫਿਰ ਪ੍ਰਸ਼ਨ ਕੀਤਾ।
"ਤਾਂ ਸਿੱਧੀ ਗੱਲ ਇਹ ਹੈ ਕਿ ਬਾਹਰੋਂ ਕੁਝ ਪੰਛੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇਥੇ ਆਏ ਹੋਣ।” ਤੈਨਾਲੀ ਰਾਮ ਦਾ ਜਵਾਬ ਸੀ।
ਰਾਜੇ ਨੂੰ ਕੋਈ ਉਤਰ ਨਾ ਅਹੁੜਿਆ। ਉਨ੍ਹਾਂ ਨੇ ਬਾਕੀ ਦਰਬਾਰੀਆਂ ਵੱਲ ਦੇਖਿਆ, ਜਿਹੜੇ ਤੈਨਾਲੀ ਰਾਮ ਦੀ ਨਿੰਦਿਆ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦੇ। ਰਾਜਾ ਜਿਵੇਂ ਕਹਿ ਰਿਹਾ ਹੋਵੇ ਦੇਖਿਆ ਤੈਨਾਲੀ ਰਾਮ ਦੇ ਉੱਚੇ ਅਹੁਦੇ ਤੇ ਸਨਮਾਨ ਦਾ ਰਹੱਸ ? ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਐਨਾ ਹਾਜ਼ਰ ਜਵਾਬ ਹੋਵੇ ਅਤੇ ਆਪਣੀ ਸਿਆਣਪ ਨਾਲ ਸਾਰਿਆਂ ਨੂੰ ਨਿਰਉਤਰ ਕਰ ਦੇਵੇ ?"
0 Comments