ਮੀਂਹ ਦਾ ਉਤਸਵ
Meeh da Utsav
ਰਾਜਾ ਕ੍ਰਿਸ਼ਨਦੇਵ ਰਾਇ ਦਾ ਦਰਬਾਰ ਲੱਗਾ ਸੀ। ਬਾਹਰ ਰਿਮਝਿਮ-ਰਿਮਝਿਮ ਫੁਹਾਰਾਂ ਪੈ ਰਹੀਆਂ ਸਨ। ਮੀਹ ਦਾ ਸੰਗੀਤ ਮਹਾਰਾਜ ਨੂੰ ਬੜਾ ਦਿਲ ਲੁਭਾਉਣ ਵਾਲਾ ਲੱਗ ਰਿਹਾ ਸੀ।
ਉਸੇ ਵੇਲੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਆਪਣੀ ਇੱਛਾ ਪ੍ਰਗਟਾਉਂਦਿਆਂ ਕਿਹਾ, “ਮੇਰੀ ਦਿਲੀ ਇੱਛਾ ਹੈ ਕਿ ਇਸ ਸਾਲ ਵੀ ਮੀਂਹ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇ।"
ਇਹ ਸੁਣ ਕੇ ਸਾਰੇ ਦਰਬਾਰੀਆਂ ਦੇ ਚਿਹਰੇ ਖਿੜ ਗਏ। ਮੰਤਰੀ ਨੇ ਆਪਣਾ ਸੁਝਾਅ ਦੇਦਿਆਂ ਕਿਹਾ ਕਿ ਇਸ ਮੌਕੇ ਤੇ ਰਾਜ ਦੇ ਸਾਰੇ ਕਲਾਕਾਰ ਆਪੋ-ਆਪਣੀ ਕਲਾ ਦਾ ਵਿਖਾਵਾ ਕਰਨ ਅਤੇ ਸਾਰਿਆਂ ਤੋਂ ਚੰਗੇ ਕਲਾਕਾਰ ਦਾ ਮਹਾਰਾਜ ਵਲੋਂ ਸਨਮਾਨ ਕੀਤਾ ਜਾਵੇ।
ਇਸ ਅਨੋਖੇ ਮੀਹ ਦੇ ਉਤਸਵ ਦੀ ਯੋਜਨਾ ਤਿਆਰ ਹੋ ਗਈ। ਪਰ ਸਨਮਾਨ ਕਿਸ ਕਲਾਕਾਰ ਦਾ ਹੋਵੇ ?" ਮਹਾਰਾਜ ਨੇ ਪੁੱਛਿਆ।
ਮੰਤਰੀ ਨੇ ਸੁਝਾਅ ਦਿੰਦਿਆਂ ਕਿਹਾ ਕਿ ਮਹਾਰਾਜ ਸਾਡੇ ਰਾਜ ਦਰਬਾਰ ਵਿਚ ਬੜੇ ਕਲਾਕਾਰ ਹਨ। ਉਨ੍ਹਾਂ ਵਿਚੋਂ ਹੀ ਕਿਸੇ ਇਕ ਨੂੰ ਇਨਾਮ ਦਿੱਤਾ ਜਾ ਸਕਦਾ ਹੈ। ਤੈਨਾਲੀ ਰਾਮ ਨੂੰ ਮੰਤਰੀ ਦਾ ਇਹ ਸੁਝਾਅ ਕੁਝ ਚੰਗਾ ਨਾ ਲੱਗਾ। ਉਹ ਬੋਲਿਆ, 'ਮਹਾਰਾਜ, ਇਸ ਵਾਰ ਅਸਲ ਵਿਚ ਕਿਸੇ ਸੱਚੇ ਕਲਾਕਾਰ ਨੂੰ ਹੀ ਇਨਾਮ ਦਿੱਤਾ ਜਾਵੇ।
"ਸੱਚਾ ਕਲਾਕਾਰ, ਕੀ ਕਹਿਣਾ ਚਾਹੁੰਦੇ ਹੋ ਤੈਨਾਲੀ ਰਾਮ?" ਰਾਜੇ ਨੇ ਘੁਰਦਿਆਂ ਪੁੱਛਿਆ।
ਮਹਾਰਾਜ, ਸੱਚਾ ਸ਼ਿਲਪੀ ਕਦੀ ਕਿਸੇ ਨੂੰ ਖੁਸ਼ ਕਰਨ ਲਈ ਮੂਰਤੀ ਨਹੀਂ ਬਣਾਉਂਦਾ। ਮੈਂ ਇਕ ਇਹੋ ਜਿਹਾ ਮੂਰਤੀਕਾਰ ਦੇਖਿਆ ਹੈ ਜਿਹੜਾ ਮੂਰਤੀਆਂ ਬਣਾਉਂਦਾ-ਬਣਾਉਂਦਾ ਜੜ੍ਹ ਹੋ ਗਿਆ। ਉਸ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖ਼ਬਰ ਨਹੀਂ।”
"ਫਿਰ ਤਾਂ ਅਸੀਂ ਜ਼ਰੂਰ ਉਸ ਮੂਰਤੀਕਾਰ ਦੀ ਕਲਾ ਦੇਖਣੀ ਚਾਹੁੰਦੇ ਹਾਂ।” ਰਾਜੇ ਨੇ ਕਿਹਾ।
ਅਗਲੇ ਦਿਨ ਹੀ ਰਾਜਾ ਕ੍ਰਿਸ਼ਨਦੇਵ ਰਾਇ ਆਪਣੇ ਘੋੜੇ ਉਪਰ ਬੈਠ ਕੇ ਤੈਨਾਲੀ ਰਾਮ, ਮੰਤਰੀ ਅਤੇ ਪ੍ਰਮੁੱਖ ਦਰਬਾਰੀਆਂ ਨੂੰ ਨਾਲ ਲੈ ਕੇ ਉਸ ਮੂਰਤੀਕਾਰ ਨੂੰ ਮਿਲਣ ਤੁਰ ਪਏ।
ਤੁਰਦੇ-ਤੁਰਦੇ ਇਕ ਜੰਗਲ ਵਿਚ ਉਹ ਕਾਲਾ ਪਹਾੜ ਨੇੜੇ ਪਹੁੰਚੇ। ਪਹਾੜ ਦੀ ਗੁਫ਼ਾ ਤੋਂ ਠੱਕ-ਠੱਕ ਦੀ ਆਵਾਜ਼ ਲਗਾਤਾਰ ਆ ਰਹੀ ਸੀ।
ਰਾਜਾ ਕ੍ਰਿਸ਼ਨਦੇਵ ਰਾਇ ਗੁਫਾ ਦੇ ਅੰਦਰ ਗਏ। ਉਨ੍ਹਾਂ ਨੇ ਦੇਖਿਆ ਕਿ ਚੁਫੇਰੇ ਕਾਲੇ ਪੱਥਰ ਦੀਆਂ ਮੂਰਤੀਆਂ ਹੀ ਮੂਰਤੀਆਂ ਸਨ। ਉਨ੍ਹਾਂ ਮੂਰਤੀਆਂ ਵਿਚਾਲੇ ਉਹ ਮੂਰਤੀਕਾਰ ਇਉ ਬੈਠਾ ਸੀ ਜਿਵੇਂ ਉਹ ਵੀ ਕੋਈ ਮੂਰਤੀ ਹੋਵੇ।
ਰਾਜਾ ਕ੍ਰਿਸ਼ਨਦੇਵ ਰਾਇ ਉਸ ਦੇ ਨੇੜੇ ਗਏ ਅਤੇ ਪੁੱਛਿਆ, “ਤੁਸੀ ਕਿਸ ਦੀ ਮੂਰਤੀ ਬਣਾ ਰਹੇ ਹੋ !
"ਵਰਖਾ ਰਾਣੀ ਦੀ। ਹੇਠਾਂ ਲਹਿਲਹਾਉਂਦੀਆਂ ਫਸਲਾਂ ਉਪਰ ਅਸਮਾਨ ਵਿਚ ਉਮਡਦੇ ਬੱਦਲ ਅਤੇ ਵਿਚਕਾਰ ਨਾਚ ਕਰਦੀ ਵਰਖਾ ਰਾਣੀ।
“ਪਰ ਤੁਸੀਂ ਇਨ੍ਹਾਂ ਮੂਰਤੀਆਂ ਨੂੰ ਬਾਜ਼ਾਰ ਵਿਚ ਕਿਉਂ ਨਹੀਂ ਵੇਚਦੇ? ਬਹੁਤ ਪੈਸਾ ਮਿਲੇਗਾ।"
“ਇਹ ਕੰਮ ਮੇਰਾ ਨਹੀਂ ਵਪਾਰੀਆਂ ਦਾ ਹੈ ਜਿਹੜੇ ਮੂਰਤੀਆਂ ਲੈ ਜਾਂਦੇ ਹਨ। ਮੈਨੂੰ ਖਾਣ ਪੀਣ ਲਈ ਕੁਝ ਪੈਸਾ ਮਿਲ ਜਾਂਦਾ ਹੈ, ਬਸ।
ਇਹ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਇ ਹੈਰਾਨ ਰਹਿ ਗਏ।
ਉਸੇ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਨੇ ਸਾਰੇ ਰਾਜ ਵਿਚ ਐਲਾਨ ਕਰਵਾ ਦਿੱਤਾ ਕਿ "ਇਸ ਵਾਰ ਮੀਹ ਦੇ ਉਤਸਵ ਤੇ ਬਨਵਾਸੀ ਮੂਰਤੀਕਾਰ ਦੀ ਕਲਾ ਦਾ ਸਤਿਕਾਰ ਤੇ ਸਨਮਾਨ ਕੀਤਾ ਜਾਵੇਗਾ। ਮੂਰਤੀਕਾਰ ਦੀ ਬਣਾਈ ਵਰਖਾ ਰਾਣੀ ਦੀ ਮੂਰਤੀ ਰਾਜ ਮਹੱਲ ਦੇ ਬਾਗ਼ ਵਿਚਕਾਰ ਸਥਾਪਿਤ ਕੀਤੀ ਜਾਵੇਗੀ।”
ਤੈਨਾਲੀ ਰਾਮ ਦੀ ਅਕਲਮੰਦੀ ਦੀ ਸਾਰੇ ਬਿਨਾਂ ਬੋਲਿਆਂ ਹੀ ਪ੍ਰਸੰਸਾ ਕਰ ਰਹੇ ਸਨ।
0 Comments