ਮਨਹੂਸ ਕੌਣ?
Manhoos Kaun?
ਰਾਮਈਆ ਨਾਂ ਦੇ ਇਕ ਆਦਮੀ ਬਾਰੇ ਇਹ ਪ੍ਰਸਿੱਧ ਸੀ ਕਿ ਜਿਹੜਾ ਵੀ ਬੰਦਾ ਸਵੇਰੇ ਉਸ ਦੀ ਸ਼ਕਲ ਦੇਖ ਲਵੇ, ਉਸ ਨੂੰ ਸਾਰਾ ਦਿਨ ਖਾਣਾ ਨਸੀਬ ਨਹੀਂ ਸੀ ਹੁੰਦਾ। ਇਸ ਕਰਕੇ ਸਵੇਰੇ ਸਵੇਰੇ ਕੋਈ ਵੀ ਉਸ ਦੇ ਸਾਹਮਣੇ ਆਉਣਾ ਪਸੰਦ ਨਹੀਂ ਸੀ ਕਰਦਾ।
ਕਿਸੇ ਤਰ੍ਹਾਂ ਇਹ ਗੱਲ ਰਾਜਾ ਕਿਸ਼ਨਦੇਵ ਰਾਇ ਤਕ ਪਹੁੰਚ ਗਈ। ਉਨ੍ਹਾਂ ਨੇ ਸੋਚਿਆ "ਇਸ ਗੱਲ ਦੀ ਪਰਖ ਕਰਨੀ ਚਾਹੀਦੀ ਹੈ।”
ਉਨ੍ਹਾਂ ਨੇ ਰਾਮਈਆ ਨੂੰ ਬੁਲਵਾ ਕੇ ਰਾਤੀ ਆਪਣੇ ਨਾਲ ਵਾਲੇ ਕਮਰੇ ਵਿਚ ਸੁਆ ਦਿੱਤਾ ਅਤੇ ਦੂਜੇ ਦਿਨ ਸਵੇਰੇ ਉਠ ਕੇ ਸਾਰਿਆਂ ਤੋਂ ਪਹਿਲਾਂ ਉਸੇ ਦੀ ਸ਼ਕਲ ਦੇਖੀ।
ਦਰਬਾਰ ਦੇ ਜ਼ਰੂਰੀ ਕੰਮ ਨਬੇੜਨ ਮਗਰੋਂ ਜਦੋਂ ਰਾਜਾਂ ਖਾਣ ਲਈ ਗਿਆ ਤਾਂ ਖਾਣਾ ਪਰੋਸਿਆ ਗਿਆ। ਹਾਲੇ ਰਾਜੇ ਨੇ ਪਹਿਲੀ ਹੀ ਬੁਰਕੀ ਤੋੜੀ ਸੀ ਕਿ ਖਾਣੇ ਵਿਚ ਮੱਖੀ ਨਜ਼ਰ ਆਈ। ਮੱਖੀ ਦੇਖ ਕੇ ਉਸ ਦਾ ਦਿਲ ਖਰਾਬ ਹੋ ਗਿਆ ਅਤੇ ਉਹ ਖਾਣਾ ਛੱਡ ਕੇ ਉਠ ਗਿਆ। ਦੁਬਾਰਾ ਖਾਣਾ ਬਣਨ ਵਿਚ ਐਨੀ ਦੇਰ ਲਗ ਗਈ ਕਿ ਰਾਜੇ ਦੀ ਭੁੱਖ ਹੀ ਮਿਟ ਗਈ।
ਰਾਜੇ ਨੇ ਸੋਚਿਆ, "ਸਚਮੁੱਚ ਰਾਮਈਆ ਮਨਹੂਸ ਹੈ, ਤਾਂ ਹੀ ਮੈਨੂੰ ਅੱਜ ਸਾਰਾ ਦਿਨ ਖਾਣਾ ਨਸੀਬ ਨਹੀਂ ਹੋਇਆ।
ਗੁੱਸੇ ਵਿਚ ਆ ਕੇ ਰਾਜੇ ਨੇ ਹੁਕਮ ਦਿੱਤਾ ਕਿ ਇਸ ਮਨਹੂਸ ਨੂੰ ਫਾਂਸੀ ਦਿੱਤੀ ਜਾਵੇ।
ਰਾਜੇ ਦੇ ਸਿਪਾਹੀ ਉਸ ਨੂੰ ਫਾਂਸੀ ਦੇਣ ਲਈ ਲੈ ਕੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਤੈਨਾਲੀ ਰਾਮ ਮਿਲ ਗਿਆ। ਉਸ ਨੇ ਪੁੱਛਿਆ ਤਾਂ ਰਾਮਈਆ ਨੇ ਉਸ ਨੂੰ ਸਾਰੀ ਗੱਲ ਦੱਸੀ।
ਤੈਨਾਲੀ ਰਾਮ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਉਸ ਦੇ ਕੰਨ ਵਿਚ ਕਿਹਾ, “ਤੈਨੂੰ ਫਾਂਸੀ ਦੇਣ ਤੋਂ ਪਹਿਲਾਂ ਤੇਰੀ ਆਖਰੀ ਇੱਛਾ ਪੁੱਛਣਗੇ। ਤੂੰ ਕਹੀਂ - ਮੈਂ ਚਾਹੁੰਦਾ ਹਾਂ ਕਿ ਮੈਂ ਲੋਕਾਂ ਸਾਹਮਣੇ ਜਾ ਕੇ ਕਹਾਂ ਕਿ ਮੇਰੀ ਸ਼ਕਲ ਦੇਖ ਕੇ ਤਾਂ ਖਾਣਾ ਨਹੀਂ ਮਿਲਦਾ ਪਰ ਜਿਹੜਾ ਸਵੇਰੇ-ਸਵੇਰੇ ਮਹਾਰਾਜ ਦੀ ਸ਼ਕਲ ਦੇਖ ਲੈਂਦਾ ਹੈ ਉਸ ਨੂੰ ਤਾਂ ਆਪਣੀ ਜਾਨ ਤੋਂ ਹੀ ਹੱਥ ਧੋਣੇ ਪੈਂਦੇ ਹਨ।"
ਇਹ ਸਮਝਾ ਕੇ ਤੈਨਾਲੀ ਰਾਮ ਚਲਾ ਗਿਆ।
ਫਾਂਸੀ ਦੇਣ ਤੋਂ ਪਹਿਲਾਂ ਪਹਿਰੇਦਾਰਾਂ ਨੇ ਰਾਮਈਆ ਤੋਂ ਪੁੱਛਿਆ, “ਤੇਰੀ ਆਖਰੀ ਇੱਛਾ ਕੀ ਹੈ ?"
ਰਾਮਈਆ ਨੇ ਉਹੀ ਕਹਿ ਦਿੱਤਾ ਜਿਹੜਾ ਤੈਨਾਲੀ ਰਾਮ ਨੇ ਸਮਝਾਇਆ ਸੀ। ਪਹਿਰੇਦਾਰ ਉਸ ਦੀ ਆਖਰੀ ਇੱਛਾ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਰਾਮਈਆ ਦੀ ਆਖਰੀ ਇੱਛਾ ਰਾਜੇ ਨੂੰ ਜਾ ਕੇ ਦੱਸੀ।
ਸੁਣ ਕੇ ਰਾਜਾ ਸੁੰਨ ਹੋ ਗਿਆ। ਜੇ ਰਾਮਈਆ ਨੇ ਲੋਕਾਂ ਵਿਚ ਜਾ ਕੇ ਇਹ ਗੱਲ ਕਹੀ ਤਾਂ ਅਨਰਥ ਹੋ ਜਾਵੇਗਾ।
ਉਨ੍ਹਾਂ ਨੇ ਰਾਮਈਆ ਨੂੰ ਬੁਲਾ ਕੇ ਬਹੁਤ ਸਾਰਾ ਇਨਾਮ ਦਿੱਤਾ ਅਤੇ ਕਿਹਾ, “ਇਹ ਗੱਲ ਕਿਸੇ ਨੂੰ ਨਾ ਕਹਿਣਾ।"
0 Comments