ਮਖਮਲੀ ਜੁੱਤੀ
Makhmali Jutti
ਇਕ ਦਿਨ ਕ੍ਰਿਸ਼ਨਦੇਵ ਰਾਇ ਤੇ ਤੈਨਾਲੀ ਰਾਮ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਕਿ ਆਮ ਤੌਰ ਤੇ ਲੋਕ ਕਿਸੇ ਵੀ ਗੱਲ ਉਪਰ ਭਰੋਸਾ ਕਰ ਲੈਂਦੇ ਹਨ ਕਿ ਨਹੀਂ।
ਰਾਜੇ ਦਾ ਕਹਿਣਾ ਸੀ ਕਿ ਲੋਕਾਂ ਨੂੰ ਸੋਖਿਆਂ ਬੇਵਕੂਫ ਨਹੀਂ ਬਣਾਇਆ ਜਾ ਸਕਦਾ।
ਤੈਨਾਲੀ ਰਾਮ ਦਾ ਵਿਚਾਰ ਸੀ ਕਿ ਲੋਕ ਕਿਸੇ ਵੀ ਗੱਲ ਉਪਰ ਛੇਤੀ ਭਰੋਸਾ ਕਰ ਲੈਂਦੇ ਹਨ। ਹਾਂ, ਉਹਨਾ ਨੂੰ ਵਿਸ਼ਵਾਸ ਕਰਾਉਣ ਵਾਲਾ ਬੰਦਾ ਅਕਲਮੰਦ ਹੋਣਾ ਚਾਹੀਦਾ ਹੈ।
ਰਾਜੇ ਨੇ ਕਿਹਾ, "ਤੁਸੀਂ ਕਿਸੇ ਤੋਂ ਵੀ ਜੋ ਚਾਹੋ ਨਹੀਂ ਕਰਵਾ ਸਕਦੇ।"
"ਮਹਾਰਾਜ, ਮੁਆਫ ਕਰਨ, ਪਰ ਮੈਂ ਅਸੰਭਵ ਤੋਂ ਅਸੰਭਵ ਕੰਮ ਕਰਵਾ ਸਕਦਾ ਹਾਂ। ਹੋਰ ਤਾਂ ਛੱਡੋ, ਮੈਂ ਕਿਸੇ ਵੀ ਬੰਦੇ ਤੋਂ ਤੁਹਾਡੇ ਉਪਰ ਜੁੱਤੀਆਂ ਸੁਟਵਾ ਸਕਦਾ ਹਾਂ।
"ਕੀ ?" ਰਾਜੇ ਨੇ ਕਿਹਾ, “ਮੇਰੀ ਚੁਣੌਤੀ ਹੈ ਕਿ ਤੁਸੀਂ ਇਉਂ ਕਰ ਕੇ ਦਿਖਾਉ।"
"ਮੈਨੂੰ ਤੁਹਾਡੀ ਵੰਗਾਰ ਸਵੀਕਾਰ ਹੈ। ਹਾਂ, ਇਸ ਵਾਸਤੇ ਤੁਹਾਨੂੰ ਸਮਾਂ ਦੇਣਾ ਪਵੇਗਾ।” ਤੈਨਾਲੀ ਰਾਮ ਨੇ ਕਿਹਾ।
“ਤੂੰ ਜਿੰਨਾ ਸਮਾਂ ਚਾਹੇਂ ਲੈ ਸਕਦਾ ਹੈਂ। ਰਾਜੇ ਨੇ ਕਿਹਾ। ਗੱਲ ਆਈ-ਗਈ ਹੋ ਗਈ। ਰਾਜਾ ਵੀ ਇਸ ਘਟਨਾ ਨੂੰ ਭੁੱਲ ਗਿਆ।
ਇਕ ਮਹੀਨੇ ਪਿਛੋਂ ਰਾਜਾ ਕ੍ਰਿਸ਼ਨਦੇਵ ਰਾਇ ਨੇ ਕੁਰਗ ਪ੍ਰਦੇਸ਼ ਦੇ ਇਕ ਪਹਾੜੀ ਸਰਦਾਰ ਦੀ ਸੁੰਦਰ ਧੀ ਨਾਲ ਵਿਆਹ ਤੈਅ ਕੀਤਾ। ਪਹਾੜੀ ਇਲਾਕੇ ਦੇ ਸਰਦਾਰ ਨੂੰ ਵਿਜੈਨਗਰ ਦੇ ਰਾਜਿਆਂ ਦੇ ਰੀਤੀ-ਰਿਵਾਜਾਂ ਦਾ ਗਿਆਨ ਨਹੀਂ ਸੀ।
ਰਾਜੇ ਨੇ ਤਾਂ ਉਸ ਨੂੰ ਕਿਹਾ ਸੀ, “ਮੈਨੂੰ ਸਿਰਫ ਤੁਹਾਡੀ ਧੀ ਹੀ ਚਾਹੀਦੀ ਹੈ। ਰੀਤੀ-ਰਿਵਾਜ਼ ਤਾਂ ਹਰ ਦੇਸ਼ ਦੇ ਵੱਖੋ-ਵੱਖਰੇ ਹੁੰਦੇ ਹਨ, ਉਨ੍ਹਾਂ ਬਾਰੇ ਫਿਕਰ ਕਰਨ ਦੀ ਲੋੜ ਨਹੀਂ।”
ਪਰ ਸਰਦਾਰ ਫਿਰ ਵੀ ਚਾਹੁੰਦਾ ਸੀ ਕਿ ਰਾਜੇ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਣ।
ਇਕ ਦਿਨ ਤੈਨਾਲੀ ਰਾਮ ਉਸ ਕੋਲ ਵਿਆਹ ਦੀਆਂ ਰਸਮਾਂ ਸਮਝਾਣ ਲਈ ਪਹੁੰਚ ਗਿਆ। ਸਰਦਾਰ ਨੂੰ ਬੜੀ ਖੁਸ਼ੀ ਹੋਈ। ਉਸ ਨੇ ਤੈਨਾਲੀ ਰਾਮ ਨਾਲ ਵਾਅਦਾ ਕੀਤਾ ਕਿ ਤੈਨਾਲੀ ਰਾਮ ਦੀਆਂ ਦੱਸੀਆਂ ਗੱਲਾਂ ਉਹ ਕਿਸੇ ਨੂ ਨਹੀਂ ਦੱਸੇਗਾ।
ਤੈਨਾਲੀ ਰਾਮ ਨੇ ਕਿਹਾ “ਰਾਜਾ ਕ੍ਰਿਸ਼ਨਦੇਵ ਰਾਇ ਦੇ ਖਾਨਦਾਨ ਵਿੱਚ ਇੱਕ ਪੁਰਾਣਾ ਰਿਵਾਜ਼ ਹੈ ਕਿ ਹੈ ਕਿ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਜਾਣ ਮਗਰੋਂ ਵਹੁਟੀ ਆਪਣੇ ਪੈਰੋਂ ਮਖਮਲ ਦੀ ਜੁੱਤੀ ਉਤਾਰ ਕੇ ਰਾਜੇ ਉਪਰ ਸੁੱਟਦੀ ਹੈ। ਇਸ ਤੋਂ ਪਿਛੋਂ ਹੀ ਰਾਜਾ ਆਪਣੀ ਵਹੁਟੀ ਨੂੰ ਆਪਣੇ ਘਰ ਲੈ ਜਾਂਦਾ ਹੈ। ਮੈਂ ਚਾਹੁੰਦਾ ਸਾਂ ਕਿ ਇਹ ਰਸਮ ਵੀ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ। ਇਸ ਵਾਸਤੇ ਮੈਂ ਗੋਆ ਦੇ ਪੁਤਗਾਲੀਆਂ ਤੋਂ ਇੱਕ ਜੋੜਾ ਮਖਮਲੀ ਜੁੱਤੀ ਦਾ ਲੈ ਆਇਆ ਹਾਂ। ਪੁਰਤਗਾਲੀਆਂ ਨੇ ਵੀ ਮੈਨੂੰ ਦੱਸਿਆ ਇਹ ਰਿਵਾਜ਼ ਯੂਰਪ ਵਿਚ ਵੀ ਹੈ, ਹਾਲਾਂ ਕਿ ਉਥੇ ਚਮੜੇ ਦੀਆਂ ਜੁੱਤੀਆਂ ਸੁੱਟੀਆਂ ਜਾਂਦੀਆਂ ਹਨ। ਸਾਡੇ ਇਥੇ ਤਾਂ ਚਮੜੇ ਦੀਆਂ ਜੁੱਤੀਆਂ ਸੁੱਟਣ ਦੀ ਗੱਲ ਸੋਚੀ ਵੀ ਨਹੀਂ ਜਾਂ ਸਕਦੀ। ਹਾਂ, ਮਖਮਲ ਦੀਆਂ ਜੁੱਤੀਆਂ ਦੀ ਤਾਂ ਗੱਲ ਹੀ ਵੱਖਰੀ ਹੈ।
“ਕੁਝ ਵੀ ਹੋਵੇ, ਤੈਨਾਲੀ ਰਾਮ ਜੀ, ਮਖਮਲ ਦੀ ਹੀ ਸਹੀ ਹੈ ਤਾਂ ਜੁੱਤੀ। ਕੀ ਪਤੀ ਉਪਰ ਜੁੱਤੀ ਸੁੱਟਣਾ ਠੀਕ ਹੈ ?" ਸਰਦਾਰ ਨੇ ਕਿਹਾ।
ਉਂਜ ਤਾਂ ਵਿਜੈਨਗਰ ਦੇ ਵਿਆਹ ਵਿਚ ਇਹ ਰਸਮ ਹੁੰਦੀ ਹੈ ਪਰ ਜੇ ਤੁਸੀਂ ਇਸ ਰਿਵਾਜ਼ ਤੋਂ ਝਿਜਕਦੇ ਹੋ ਤਾਂ ਰਹਿਣ ਦਿਉ।
ਸਰਦਾਰ ਇਕਦਮ ਬੋਲਿਆ, 'ਨਹੀਂ, ਨਹੀਂ, ਲਿਆਓ, ਇਹ ਜੁੱਤੀ ਮੈਨੂੰ ਦਿਉ। ਮੈਂ ਆਪਣੀ ਧੀ ਦੇ ਵਿਆਹ ਵਿਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ।
ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ। ਰਾਜਾ ਖ਼ੁਸ਼ੀ-ਖੁਸ਼ੀ ਆਪਣੀ ਵਹੁਟੀ ਨੂੰ ਘਰ ਲੈ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਵਹੁਟੀ ਨੇ ਆਪਣੇ ਪੈਰੋਂ ਮਖਮਲੀ ਜੁੱਤੀ ਲਾਹੀ ਤੇ ਮੁਸਕਰਾ ਕੇ ਰਾਜੇ ਉਪਰ ਸੁੱਟੀ। ਤੈਨਾਲੀ ਰਾਮ ਰਾਜੇ ਦੇ ਨੇੜੇ ਹੀ ਖੜਾ ਸੀ। ਉਸ ਨੇ ਹੌਲੀ ਜਿਹੀ ਰਾਜੇ ਦੇ ਕੰਨ ਵਿਚ ਕਿਹਾ, “ਮਹਾਰਾਜ ਇਸ ਨੂੰ ਮੁਆਫ਼ ਕਰ ਦੇਣਾ, ਇਹ ਸਭ ਮੇਰੇ ਕਹਿਣ ਤੇ ਹੀ ਕੀਤਾ ਹੈ।”
ਰਾਜਾ ਹੱਸ ਪਿਆ ਅਤੇ ਜੁੱਤੀ ਚੁੱਕ ਕੇ ਵਹੁਟੀ ਨੂੰ ਦੇ ਦਿੱਤੀ। ਉਸ ਵਿਚਾਰੀ ਨੇ ਮੁਆਫੀ ਮੰਗਦਿਆਂ ਕਿਹਾ, “ਰਸਮ ਪੂਰੀ ਕਰਨ ਲਈ ਮੈਨੂੰ ਇਉਂ ਕਰਨਾ ਪਿਆ।”
ਆਪਣੇ ਮਹਿਲ ਪਹੁੰਚ ਕੇ ਰਾਜਾ ਕਿਸ਼ਨਦੇਵ ਰਾਇ ਨੂੰ ਤੈਨਾਲੀ ਰਾਮ ਤੋਂ ਸਾਰੀ ਕਹਾਣੀ ਪਤਾ ਲੱਗੀ ਤਾਂ ਉਹ ਕਹਿਣ ਲੱਗਾ, “ਤੇਰਾ ਕਹਿਣਾ ਠੀਕ ਹੀ ਸੀ। ਲੋਕ ਕਿਸੇ ਵੀ ਗੱਲ ਉਪਰ ਛੇਤੀ ਵਿਸ਼ਵਾਸ ਕਰ ਲੈਂਦੇ ਹਨ।
0 Comments