ਢੋਲ
Dhol
ਇਕ ਵਾਰੀ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਪੁਰੋਹਿਤ ਨੇ ਕਿਹਾ, 'ਮਹਾਰਾਜ ਸਾਨੂੰ ਆਪਣੀ ਪਰਜਾ ਨਾਲ ਸਿੱਧਾ ਜੁੜਨਾ ਚਾਹੀਦਾ ਹੈ।”
ਪੁਰੋਹਿਤ ਦੀ ਗੱਲ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਉਨ੍ਹਾਂ ਨੂੰ ਪੁਰੋਹਿਤ ਦੀ ਗੱਲ ਸਮਝ ਨਾ ਆਈ।
ਤਾਂ ਪੁਰੋਹਿਤ ਨੇ ਆਪਣੀ ਗੱਲ ਸਮਝਾਉਂਦਿਆਂ ਉਨ੍ਹਾਂ ਨੂੰ ਦੱਸਿਆ, “ਦਰਬਾਰ ਵਿਚ ਜਿਹੜੀ ਵੀ ਚਰਚਾ ਹੁੰਦੀ ਹੈ, ਹਰ ਹਫਤੇ ਉਸ ਚਰਚਾ ਦੀਆਂ ਪ੍ਰਮੁੱਖ ਗੱਲਾਂ ਪਰਜਾ ਤੱਕ ਪਹੁੰਚਾਈਆਂ ਜਾਣ ਤਾਂ ਜੋ ਲੋਕ ਵੀ ਉਨ੍ਹਾਂ ਗੱਲਾਂ ਨੂੰ ਜਾਣਨ।”
ਉਸੇ ਵੇਲੇ ਮੰਤਰੀ ਤੇ ਸੈਨਾਪਤੀ ਵਿਚਾਲੇ ਘੁਸਰ-ਮੁਸਰ ਹੋਈ।
ਮੰਤਰੀ ਨੇ ਸੁਝਾਅ ਦਿੱਤਾ, “ਮਹਾਰਾਜ, ਇਹ ਵਿਚਾਰ ਤਾਂ ਸਚਮੁੱਚ ਹੀ ਬੜਾ ਵਧੀਆ ਹੈ। ਤੈਨਾਲੀ ਰਾਮ ਜਿਹਾ ਸਿਆਣਾ ਤੇ ਅਕਲਮੰਦ ਬੰਦਾ ਹੀ ਇਹੋ ਜਿਹਾ ਕੰਮ ਕਰ ਸਕਦਾ ਹੈ। ਨਾਲੇ ਤੈਨਾਲੀ ਰਾਮ ਉਪਰ ਦਰਬਾਰ ਦੀ ਖਾਸ ਜ਼ਿੰਮੇਵਾਰੀ ਵੀ ਨਹੀਂ ਹੈ।"
ਰਾਜੇ ਨੇ ਮੰਤਰੀ ਦੀ ਇਹ ਗੱਲ ਮੰਨ ਲਈ ਅਤੇ ਤੈਨਾਲੀ ਰਾਮ ਨੂੰ ਇਹ ਕੰਮ ਸੌਂਪਿਆ। ਇਹ ਤੈਅ ਕੀਤਾ ਗਿਆ ਕਿ ਤੈਨਾਲੀ ਰਾਮ ਉਹ ਸਾਰੀਆਂ ਲੋਕ ਭਲਾਈ ਦੀਆਂ ਗੱਲਾਂ ਜਿਹੜੀਆਂ ਰਾਜ ਦਰਬਾਰ ਵਿਚ ਹੋਣ, ਲਿਖਤੀ ਰੂਪ ਵਿਚ ਦਰੋਗੇ ਨੂੰ ਦੇਣ। ਦਰੋਗਾ ਉਨ੍ਹਾਂ ਗੱਲਾਂ ਦੀ ਨਗਰ ਦੇ ਚੌਕਾਂ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਜਾਣਕਾਰੀ ਦੇਵੇਗਾ।
ਤੈਨਾਲੀ ਰਾਮ ਸਾਰੀ ਗੱਲ ਸਮਝ ਗਿਆ ਸੀ। ਉਹ ਇਹ ਵੀ ਸਮਝ ਗਿਆ ਕਿ ਮੰਤਰੀ ਨੇ ਇਸ ਵਿਚ ਉਸ ਨੂੰ ਜ਼ਬਰਦਸਤੀ ਫਸਾਇਆ ਹੈ।
ਤੈਨਾਲੀ ਰਾਮ ਨੇ ਵੀ ਆਪਣੇ ਦਿਲ ਵਿਚ ਇਕ ਯੋਜਨਾ ਬਣਾਈ। ਹਫਤੇ ਦੇ ਅਖੀਰ ਵਿਚ ਉਸ ਨੇ ਦਰੋਗੇ ਦੇ ਹੱਥ ਇਕ ਪਰਚਾ ਫੜਾ ਦਿੱਤਾ ਕਿ ਉਹ ਮੁਨਾਦੀ ਕਰਵਾਏ।
ਦਰੋਗੇ ਨੇ ਪਰਚਾ ਮੁਨਾਦੀ ਵਾਲੇ ਦੇ ਹੱਥ ਫੜਾ ਕੇ ਕਿਹਾ ਜਾਵੇ ਅਤੇ ਮੁਨਾਦੀ ਕਰਾ ਦਿਉ।
ਮੁਨਾਦੀ ਵਾਲਾ ਸਿੱਧਾ ਚੌਂਕ ਵਿਚ ਪਹੁੰਚਿਆ ਅਤੇ ਢੋਲ ਵਜਾ ਕੇ ਮੁਨਾਦੀ ਕਰਦਿਆਂ ਬੋਲਿਆ, "ਸੁਣੋ-ਸੁਣੋ...ਨਗਰ ਕੇ ਵਾਸੀਉ ਸੁਣੋ। ਮਹਾਰਾਜ ਚਾਹੁੰਦੇ ਹਨ ਕਿ ਦਰਬਾਰ ਵਿਚ ਲੋਕਾਂ ਦੀ ਭਲਾਈ ਲਈ ਜਿਹੜੇ ਫੈਸਲੇ ਕੀਤੇ ਗਏ ਹਨ ਉਹਨਾ ਨੂੰ ਸਾਰੇ ਨਾਗਰਿਕ ਜਾਣਨ। ਇਸ ਲਈ ਤੈਨਾਲੀ ਰਾਮ ਨੂੰ ਇਹ ਔਖਾ ਕੰਮ ਸੌਂਪਿਆ ਗਿਆ ਹੈ। ਅਸੀਂ ਉਨ੍ਹਾਂ ਦੀ ਆਗਿਆ ਨਾਲ ਇਹ ਖ਼ਬਰ ਤੁਹਾਨੂੰ ਸੁਣਾ ਰਹੇ ਹਾਂ। ਧਿਆਨ ਨਾਲ ਸੁਣੋ।
ਮਹਾਰਾਜ ਚਾਹੁੰਦੇ ਹਨ ਕਿ ਲੋਕਾਂ ਨਾਲ ਪੂਰਾ ਇਨਸਾਫ਼ ਹੋਵੇ। ਦੋਸ਼ੀ ਨੂੰ ਸਜ਼ਾ ਮਿਲੇ। ਇਸ ਮੰਗਲਵਾਰ ਨੂੰ ਰਾਜ ਦਰਬਾਰ ਵਿਚ ਇਸ ਬਾਰੇ ਬੜੀ ਗੰਭੀਰ ਚਰਚਾ ਹੋਈ।
ਮਹਾਰਾਜ ਚਾਹੁੰਦੇ ਸਨ ਕਿ ਕੀ ਪੁਰਾਣੀ ਇਨਸਾਫ਼ਪ੍ਰਣਾਲੀ ਦੀਆਂ ਚੰਗੀਆਂ ਤੇ ਸਾਫ-ਸੁਥਰੀਆਂ ਗੱਲਾਂ ਵੀ ਇਸ ਇਨਸਾਫ ਪ੍ਰਣਾਲੀ ਵਿਚ ਸ਼ਾਮਿਲ ਕੀਤੀਆਂ ਜਾਣ।
ਮਾਮਲੇ ਵਿਚ ਉਨ੍ਹਾਂ ਨੇ ਪੁਰੋਹਿਤ ਜੀ ਤੋਂ ਪੁਰਾਣਿਕ ਇਨਸਾਫ-ਪ੍ਰਣਾਲੀ ਬਾਰੇ ਜਾਣਨਾ ਚਾਹਿਆ ਪਰ ਪੁਰੋਹਿਤ ਜੀ ਇਸ ਬਾਰੇ ਕੁਝ ਨਾ ਦੱਸ ਸਕੇ ਕਿਉਂਕਿ ਉਹ ਦਰਬਾਰ ਵਿਚ ਬੈਠੇ ਊਂਘ ਰਹੇ ਸਨ।
ਉਹਨਾ ਨੂੰ ਇਸ ਹਾਲਤ ਵਿਚ ਦੇਖ ਕੇ ਰਾਜਾ ਕ੍ਰਿਸ਼ਨਦੇਵ ਰਾਇ ਜੀ ਨੂੰ ਗੁੱਸਾ ਆਇਆ। ਉਨ੍ਹਾਂ ਨੇ ਭਰੇ ਦਰਬਾਰ ਵਿਚ ਪੁਰੋਹਿਤ ਜੀ ਨੂੰ ਝਾੜਿਆ।
ਵੀਰਵਾਰ ਨੂੰ ਸਰਹੱਦਾਂ ਦੀ ਰਾਖੀ ਬਾਰੇ ਰਾਜ ਦਰਬਾਰ ਵਿਚ ਚਰਚਾ ਹੋਈ ਪਰ ਸੈਨਾਪਤੀ ਦੇ ਹਾਜ਼ਰ ਨਾ ਹੋਣ ਕਾਰਣ ਸਰਹੱਦਾਂ ਦੀ ਸੁਰੱਖਿਆ ਬਾਰੇ ਚਰਚਾ ਅੱਗੇ ਨਾ ਤੁਰ ਸਕੀ। ਰਾਜੇ ਨੇ ਮੰਤਰੀ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਰਾਜ ਦਰਬਾਰ ਵਿਚ ਸਾਰੇ ਸਭਾ ਮੈਂਬਰ ਠੀਕ ਸਮੇਂ ਸਿਰ ਆਉਣ।”
ਇਹ ਕਹਿ ਕੇ ਮੁਨਾਦੀ ਵਾਲੇ ਨੇ ਢੋਲ ਵਜਾ ਦਿੱਤਾ।
ਇਉਂ ਹਰ ਹਫਤੇ ਸ਼ਹਿਰ ਵਿਚ ਥਾਂ-ਥਾਂ ਮੁਨਾਦੀ ਹੋਣ ਲੱਗੀ। ਹਰ ਮੁਨਾਦੀ ਵਿਚ ਤੈਨਾਲੀ ਰਾਮ ਦੀ ਚਰਚਾ ਥਾਂ ਥਾਂ ਹੁੰਦੀ ਸੀ।
ਤੈਨਾਲੀ ਰਾਮ ਦੀ ਚਰਚਾ ਦੀ ਗੱਲ ਮੰਤਰੀ, ਬੈਨਾਪਤੀ ਅਤੇ ਪੁਰੋਹਿਤ ਦੇ ਕੰਨਾਂ ਵਿਚ ਵੀ ਪਹੁੰਚੀ। ਉਹ ਤਿੰਨੋ ਬੜੇ ਫਿਕਰਮੰਦ ਹੋਏ ਤੇ ਕਹਿਣ ਲੱਗੇ, 'ਤੈਨਾਲੀ ਰਾਮ ਨੇ ਤਾਂ ਸਾਰੀ ਖੇਡ ਹੀ ਉਲਟਾ ਕੇ ਰੱਖ ਦਿੱਤੀ ਹੈ। ਲੋਕ ਸਮਝ ਰਹੇ ਹਨ ਕਿ ਉਹੀ ਦਰਬਾਰ ਵਿਚ ਸਾਰਿਆਂ ਤੋਂ ਪ੍ਰਮੁੱਖ ਹਨ। ਉਹ ਜਾਣ ਬੁੱਝ ਕੇ ਸਾਨੂੰ ਬਦਨਾਮ ਕਰ ਰਿਹਾ ਹੈ।"
ਦੂਜੇ ਹੀ ਦਿਨ ਜਦੋਂ ਰਾਜਾ ਦਰਬਾਰ ਵਿਚ ਸੀ ਤਾਂ ਮੰਤਰੀ ਨੇ ਕਿਹਾ, “ਮਹਾਰਾਜ ਸਾਡਾ ਕਾਨੂੰਨ ਕਹਿੰਦਾ ਹੈ ਕਿ ਰਾਜ ਦੇ ਕੰਮ ਦੀਆਂ ਸਾਰੀਆਂ ਗੱਲਾਂ ਗੁਪਤ ਹੁੰਦੀਆਂ ਹਨ। ਉਹ ਗੱਲਾਂ ਲੋਕਾਂ ਨੂੰ ਦੱਸਣੀਆਂ ਠੀਕ ਨਹੀਂ।"
ਉਸੇ ਵੇਲੇ ਤੈਨਾਲੀ ਰਾਮ ਬੋਲੇ, "ਬੜਾ ਚੰਗਾ ਮੰਤਰੀ ਜੀ, ਪਰ ਤੁਹਾਨੂੰ ਸ਼ਾਇਦ ਉਸ ਦਿਨ ਇਹ ਗੱਲ ਯਾਦ ਨਹੀਂ ਸੀ। ਹੁਣ ਵੀ ਤਾਂ ਹੀ ਯਾਦ ਆਇਆ ਜਦੋਂ ਤੁਹਾਡੇ ਨਾਂ ਦਾ ਢੋਲ ਵੱਜਿਆ ਹੈ।”
ਇਹ ਸੁਣ ਕੇ ਸਾਰੇ ਦਰਬਾਰੀ ਹੱਸ ਪਏ! ਵਿਚਾਰੇ ਮੰਤਰੀ ਜੀ ਦੀ ਸ਼ਕਲ ਦੇਖਣ ਵਾਲੀ ਸੀ। ਰਾਜਾ ਕ੍ਰਿਸ਼ਨਦੇਵ ਰਾਇ ਵੀ ਸਾਰੀ ਗੱਲ ਸਮਝ ਗਏ ਸਨ।
ਉਹ ਦਿਲੋਂ ਤੈਨਾਲੀ ਰਾਮ ਦੀ ਪ੍ਰਸੰਸਾ ਕਰ ਰਹੇ ਸਨ।
0 Comments