Punjabi Moral Story “Daan Da Lalach”, "ਦਾਨ ਦਾ ਲਾਲਚ" Tenali Rama Story for Students of Class 5, 6, 7, 8, 9, 10 in Punjabi Language.

ਦਾਨ ਦਾ ਲਾਲਚ 
Daan Da Lalach



ਇਕ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਇਸ ਵਿਸ਼ੇ ਬਾਰੇ ਬਹਿਸ ਹੋ ਰਹੀ ਸੀ ਕਿ ਰਾਜ ਦੀ ਅਮੀਰੀ ਤੇ ਖੁਸ਼ਹਾਲੀ ਲਈ ਸਾਰਿਆਂ ਤੋਂ ਵੱਧ ਮਹੱਤਵਪੂਰਣ ਬੰਦਾ ਕੌਣ ਹੁੰਦਾ ਹੈ ?

ਇਕ ਨੇ ਕਿਹਾ ਕਿ ਰਾਜ ਦੀ ਅਮੀਰੀ ਉਥੋਂ ਦੇ ਰਾਜੇ ਹੱਥ ਹੁੰਦੀ ਹੈ। ਪਾਪੀਆਂ ਨੂੰ ਸਜ਼ਾ ਦੇ ਕੇ, ਹੱਕਾਂ ਦੀ ਰਾਖੀ ਕਰਕੇ, ਅੰਦਰਲੀ ਅਸ਼ਾਂਤੀ ਤੇ ਬਾਹਰੀ ਹਮਲਿਆਂ ਤੋਂ ਰਾਜ ਦੀ ਆਜ਼ਾਦੀ ਬਚਾ ਕੇ ਹੀ ਰਾਜਾ ਆਪਣੇ ਰਾਜ ਵਿਚ ਖੁਸ਼ਹਾਲੀ ਲਿਆ ਸਕਦਾ ਹੈ।

"ਮੇਰੇ ਵਿਚਾਰ ਅਨੁਸਾਰ ਤਾਂ ਰਾਜਾ ਰਾਜ ਦੀ ਅਮੀਰੀ ਤੇ ਖੁਸ਼ਹਾਲੀ ਲਈ ਮਹੱਤਵਪੂਰਣ ਹੈ ਪਰ ਇਕੱਲਾ ਨਹੀਂ, ਤੇ ਫਿਰ ਇਸ ਗੱਲ ਦਾ ਕੀ ਭਰੋਸਾ ਕਿ ਰਾਜਾ ਨੀਚ ਤੇ ਜ਼ਾਲਮ ਨਹੀਂ ਹੋਵੇਗਾ। ਰਾਜੇ ਨੇ ਕਿਹਾ।

ਰਾਜਕੁਮਾਰੀ ਮੋਹਨਾਂਗੀ ਨੇ ਕਿਹਾ ਕਿ ਰਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਸਾਧਾਰਣ ਲੋਕ, ਕਿਸਾਨ, ਲੁਹਾਰ, ਤਰਖਾਣ, ਘੁਮਿਆਰ, ਨਾਈ, ਜੁਲਾਹੇ, ਮਜ਼ਦੂਰ, ਚਿੱਤਰਕਾਰ ਆਦਿ। ਇਹੀ ਲੋਕ ਆਪਣੀ ਮਿਹਨਤ ਤੇ ਲਗਨ ਨਾਲ ਆਪਣੀ ਤੇ ਰਾਜ ਦੀ ਅਮੀਰੀ ਤੇ ਖੁਸ਼ਹਾਲੀ ਨੂੰ ਚਾਰ ਚੰਨ ਲਾਉਂਦੇ ਹਨ।”

ਰਾਜਾ ਬੋਲਿਆ, "ਇਹ ਕਿਵੇਂ ਹੋ ਸਕਦਾ ਹੈ ? ਪੜੇ ਲਿਖੇ ਨਾ ਹੋਣ ਕਰਕੇ ਉਨ੍ਹਾਂ ਨੂੰ ਰਾਜ, ਮੰਤਰੀਆਂ ਤੇ ਬ੍ਰਾਹਮਣਾਂ ਉਪਰ ਨਿਰਭਰ ਰਹਿਣਾ ਪੈਂਦਾ ਹੈ।”

"ਰਾਜ ਦੀ ਅਮੀਰੀ ਲਈ ਮੰਤਰੀ ਸਭ ਤੋਂ ਵੱਧ ਮਹੱਤਵਪੂਰਣ ਹਨ। ਪ੍ਰਧਾਨ ਮੰਤਰੀ ਨੇ ਕਿਹਾ।

ਇਹ ਕਿਵੇਂ ਹੋ ਸਕਦਾ ਹੈ ? ਮੰਤਰੀਆਂ ਨੂੰ ਵੀ ਰਾਜੇ ਉਪਰ ਹੀ ਨਿਰਭਰ ਰਹਿਣਾ ਪੈਂਦਾ ਹੈ ਅਤੇ ਫਿਰ ਕਈ ਵਾਰ ਯੋਗ ਮੰਤਰੀ ਵੀ ਐਸਾ ਕੰਮ ਕਰ ਦਿੰਦੇ ਹਨ ਜਿਸ ਨਾਲ ਰਾਜ ਨੂੰ ਨੁਕਸਾਨ ਹੁੰਦਾ ਹੈ।” ਰਾਜੇ ਨੇ ਕਿਹਾ।

ਸੈਨਾਪਤੀ ਨੇ ਕਿਹਾ, 'ਮੇਰੇ ਖ਼ਿਆਲ ਨਾਲ ਤਾਂ ਸੈਨਾਪਤੀ ਰਾਜ ਦੀ ਖੁਸ਼ਹਾਲੀ ਲਈ ਸਭ ਤੋਂ ਵੱਧ ਮਹੱਤਵਪੂਰਣ ਹੈ।”

"ਜੇ ਰਾਜਾ ਉਨ੍ਹਾਂ ਉਪਰ ਕਾਬੂ ਨਾ ਰੱਖੇ ਤਾਂ ਸੈਨਾਪਤੀ ਕਦੀ ਸ਼ਾਂਤੀ ਹੀ ਨਾ ਹੋਣ ਦੇਣ। ਬਸ ਲੜਾਈਆਂ ਹੀ ਹੁੰਦੀਆਂ ਰਹਿਣ।” ਰਾਜੇ ਨੇ ਕਿਹਾ।

ਇਕ ਦਰਬਾਰੀ ਬੋਲਿਆ, “ਸਾਰਿਆਂ ਤੋਂ ਮਹੱਤਵਪੂਰਣ ਵਸਤੂ ਰਾਜ ਦੇ ਕਿਲ੍ਹੇ ਹਨ।”

“ਨਹੀ, ਨਹੀਂ ਰਾਜੇ ਨੇ ਕਿਹਾ, “ਬਹਾਦਰ ਲੋਕ ਕਿਲ੍ਹੇ ਤੋਂ ਵੱਧ ਮਹੱਤਵਪੂਰਣ ਹਨ। “ਇਸ ਬਾਰੇ ਤੇਰਾ ਕੀ ਵਿਚਾਰ ਹੈ ?" ਰਾਜੇ ਨੇ ਤੈਨਾਲੀ ਰਾਮ ਨੂੰ ਪੁੱਛਿਆ।

ਜੀ, ਮੇਰੇ ਵਿਚਾਰ ਅਨੁਸਾਰ ਚੰਗਾ ਜਾਂ ਮਾੜਾ ਹੋਣ ਦਾ ਬਾਹਮਣ ਹੋਣ ਨਾਲ ਕੋਈ ਸੰਬੰਧ ਨਹੀਂ। ਚੰਗਾ ਬੰਦਾ ਭਾਵੇਂ ਬ੍ਰਾਹਮਣ ਹੋਵੇ ਭਾਵੇਂ ਨਾ ਹੋਵੇ, ਰਾਜ ਨੂੰ ਲਾਭ ਹੀ ਪਹੁੰਚਾਵੇਗਾ ਅਤੇ ਬ੍ਰਾਹਮਣ ਹੋ ਕੇ ਵੀ ਕੋਈ ਬੰਦਾ ਰਾਜ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੈਨਾਲੀ ਰਾਮ ਨੇ ਕਿਹਾ।

ਇਹ ਸੁਣ ਕੇ ਰਾਜਗੁਰੂ ਨੇ ਕਿਹਾ, "ਤੁਸੀਂ ਬਾਹਮਣਾਂ ਉਪਰ ਦੋਸ਼ ਲਗਾ ਰਹੇ ਹੋ। ਰਾਜ ਦਾ ਕੋਈ ਵੀ ਬਾਹਮਣ, ਕਦੀ ਆਪਣੇ ਰਾਜ ਜਾਂ ਰਾਜਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਇਹ ਮੇਰਾ ਦਾਅਵਾ ਹੈ।"

"ਮੈਂ ਤੁਹਾਡੇ ਦਾਅਵੇ ਨੂੰ ਝੂਠਾ ਸਾਬਤ ਕਰ ਦੇਵਾਂਗਾ, ਰਾਜਗੁਰੂ ਜੀ। ਜੋ ਆਦਮੀ ਮੂਲ ਰੂਪ ਵਿੱਚ ਅੱਛਾ ਨਹੀਂ ਉਹ ਬਾਹਮਣ ਹੋ ਕੇ ਵੀ ਪੈਸੇ ਦੇ ਲਾਲਚ ਕਰਕੇ ਕੁਝ ਵੀ ਕਰ ਸਕਦਾ ਹੈ।" ਤੈਨਾਲੀ ਰਾਮ ਨੇ ਕਿਹਾ।

ਰਾਜੇ ਨੇ ਇਹ ਦੇਖ ਕੇ ਸਭਾ ਭੰਗ ਕਰ ਦਿੱਤੀ ਕਿ ਬਹਿਸ ਕਰਦਿਆਂ ਆਪਸ ਵਿਚ ਲੋੜ ਤੋਂ ਵੱਧ ਗਰਮੀ ਤੇ ਗੁੱਸਾ ਆਉਣ ਲੱਗ ਪਿਆ ਹੈ।

ਇਕ ਮਹੀਨਾ ਲੰਘ ਗਿਆ। ਸਾਰੇ ਇਸ ਗੱਲ ਨੂੰ ਭੁੱਲ ਗਏ ਸਨ। ਕੈਨਾਲੀ ਰਾਮ ਨੂੰ ਆਪਣੀ ਯੋਜਨਾ ਰਾਜੇ ਨੂੰ ਦੱਸੀ ਅਤੇ ਨਗਰ ਦੇ ਅੱਠ ਚੁਣੇ ਹੋਏ ਬਾਹਮਣਾਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਜਾ ਕਿਸ਼ਨਦੇਵ ਰਾਇ ਇਸ ਵੇਲੇ ਅੱਠ ਚੁਣੇ ਹੋਏ ਬਾਹਮਣਾਂ ਨੂੰ ਚਾਂਦੀ ਦੀਆਂ ਖਾਲੀਆਂ ਤੇ ਸੋਨੇ ਦੀਆਂ ਮੋਹਰਾਂ ਦੇਣੀਆਂ ਚਾਹੁੰਦਾ ਹੈ।

ਬਾਹਮਣ ਬੜੇ ਖੁਸ਼ ਹੋਏ। ਉਨ੍ਹਾਂ ਨੇ ਧੰਨਵਾਦ ਕੀਤਾ ਕਿ ਤੈਨਾਲੀ ਰਾਮ ਨੇ ਉਨਾਂ ਨੂ ਇਸ ਮੌਕੇ ਲਈ ਚੁਣਿਆ ਹੈ। ਉਹ ਕਹਿਣ ਲੱਗੇ ਕਿ "ਅਸੀਂ ਹੁਣੇ ਇਸ਼ਨਾਨ ਕਰਕੇ ਆਉਂਦੇ ਹਾਂ।”

ਇਸ਼ਨਾਨ ਲਈ ਸਮਾਂ ਨਹੀਂ। ਰਾਜਾ ਤਿਆਰ ਬੈਠਾ ਹੈ। ਐਸਾ ਨਾ ਹੋਵੇ ਕਿ ਦਾਨ ਦਾ ਮਹੂਰਤ ਨਿਕਲ ਜਾਵੇ ਅਤੇ ਤੁਸੀਂ ਇਸ਼ਨਾਨ ਹੀ ਕਰਦੇ ਰਹਿ ਜਾਵੋ।" ਤੈਨਾਲੀ ਰਾਮ ਨੇ ਕਿਹਾ, “ਮੈਂ ਦੂਜੇ ਬ੍ਰਾਹਮਣਾਂ ਨੂੰ ਬੁਲਾ ਲੈਂਦਾ ਹਾਂ।”

“ਠਹਿਰੋ, ਠਹਿਰੋ, ਤੈਨਾਲੀ ਰਾਮ ਜੀ, ਅਸੀਂ ਆਪਣੇ ਵਾਲਾਂ ਉਪਰ ਪਾਣੀ ਛਿੜਕ ਲੈਂਦੇ ਹਾਂ। ਧਰਮ ਦੇ ਸਿਧਾਂਤ ਅਨੁਸਾਰ ਇਸ ਨੂੰ ਇਸ਼ਨਾਨ ਦੇ ਬਰਾਬਰ ਮੰਨਿਆ ਜਾਵੇਗਾ। ਉਨ੍ਹਾਂ ਬ੍ਰਾਹਮਣਾਂ ਵਿਚੋਂ ਇਕ ਨੇ ਕਿਹਾ।

ਤੈਨਾਲੀ ਰਾਮ ਕੁਝ ਨਾ ਬੋਲਿਆ। ਚੁੱਪਚਾਪ ਉਡੀਕਦਾ ਰਿਹਾ। ਬਾਹਮਣਾਂ ਨੇ ਆਪੋ ਆਪਣੇ ਸਿਰਾਂ ਉਪਰ ਪਾਣੀ ਛਿੜਕਿਆ, ਤਿਲਕ ਲਾਇਆ ਅਤੇ ਤੈਨਾਲੀ ਰਾਮ ਦੇ ਪਿੱਛੇ-ਪਿੱਛੇ ਦਰਬਾਰ ਵਿਚ ਪਹੁੰਚ ਗਏ। ਦਰਬਾਰ ਵਿਚ ਰਾਜੇ ਦੀਆਂ ਰੱਖੀਆਂ ਅੱਠ ਵੱਡੀਆਂ-ਵੱਡੀਆਂ ਥਾਲੀਆਂ ਤੇ ਉਨ੍ਹਾਂ ਵਿਚ ਰੱਖੀਆਂ ਸੋਨੇ ਦੀਆਂ ਮੋਹਰਾਂ ਦੇਖ ਕੇ ਬ੍ਰਾਹਮਣਾਂ ਦੀਆਂ ਵਾਛਾਂ ਖਿੜ ਗਈਆਂ।

ਜਦੋਂ ਰਾਜਾ ਦਾਨ ਕਰਨ ਲੱਗਾ ਤਾਂ ਇਕਦਮ ਤੈਨਾਲੀ ਰਾਮ ਬੋਲਿਆ, "ਮਹਾਰਾਜ ਮੇਰੇ ਖ਼ਿਆਲ ਨਾਲ ਤੁਹਾਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਇਨ੍ਹਾਂ ਬ੍ਰਾਹਮਣਾਂ ਨੇ ਇਸ਼ਨਾਨ ਨਹੀਂ ਕੀਤਾ। ਵਿਚਾਰੇ ਛੇਤੀ ਛੇਤੀ ਇਥੇ ਆ ਕੇ ਦਾਨ ਲੈਣਾ ਚਾਹੁੰਦੇ ਸਨ ਇਸ ਲਈ ਇਨ੍ਹਾਂ ਨੇ ਆਪਣੇ ਸਿਰਾਂ ਉਪਰ ਪਾਣੀ ਹੀ ਛਿਕਿਆ ਹੈ।

ਰਾਜੇ ਨੇ ਗੁੱਸੇ ਵਿਚ ਪੁੱਛਿਆ, “ਕੀ ਇਹ ਸੱਚ ਹੈ ?"

ਹਾਂ, ਇਹ ਸੰਭਵ ਹੈ। ਬਾਹਮਣਾਂ ਨੇ ਹੌਲੀ ਜਿਹੀ ਮੰਨ ਲਿਆ ਕਿ ਉਨ੍ਹਾਂ ਨੇ ਇਸ਼ਨਾਨ ਨਹੀਂ ਕੀਤਾ ਅਤੇ ਚੁੱਪ-ਚੁਪੀਤੇ ਉਥੋਂ ਖਿਸਕਣ ਲੱਗੇ।

ਤੈਨਾਲੀ ਰਾਮ ਨੇ ਰਾਜਗੁਰੂ ਨੂੰ ਕਿਹਾ, "ਬੋਲੋ ਰਾਜਗੁਰੂ, ਉਸ ਦਿਨ ਜਿਹੜੀ ਬਹਿਸ ਛਿੜੀ ਸੀ, ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ? ਦੇਖਿਆ, ਪੈਸੇ ਦੇ ਲਾਲਚ ਵਿੱਚ ਇਹ ਸਾਰੇ ਲੋਕ ਭੁੱਲ ਗਏ ਜਿਸ ਨੂੰ ਉਹ ਆਪਣਾ ਧਰਮ-ਕਰਮ ਕਹਿੰਦੇ ਹਨ। ਬ੍ਰਾਹਮਣ ਹੋਣ ਨਾਲ ਹੀ ਕਿਸੇ ਦਾ ਦਰਜਾ ਉੱਚਾ ਨਹੀਂ ਹੋ ਜਾਂਦਾ।

ਇਹ ਗੱਲ ਸਾਬਤ ਹੋ ਗਈ ਸੀ ਕਿ ਰਾਜ ਦਾ ਸਾਰਿਆਂ ਤੋਂ ਮਹੱਤਵਪੂਰਣ ਬਾਹਮਣ ਨਹੀਂ ਹਨ ਸਗੋਂ ਸਾਧਾਰਣ ਲੋਕ ਹਨ। ਜਿਨ੍ਹਾਂ ਨੂੰ ਜੇ ਚੰਗਾ ਰਾਜਾ ਤੇ ਅਕਲਮੰਦ ਮੰਤਰੀ ਮਿਲਣ ਤਾਂ ਰਾਜ ਦੇ ਅਮੀਰ ਤੇ ਖੁਸ਼ਹਾਲ ਹੋਣ ਵਿਚ ਦੇਰ ਨਹੀਂ ਲੱਗਦੀ।


Post a Comment

0 Comments