Punjabi Moral Story “Chor”, "ਚੋਰ" Tenali Rama Story for Students of Class 5, 6, 7, 8, 9, 10 in Punjabi Language.

ਚੋਰ 
Chor



ਰਾਜਾ ਕਿਸ਼ਨਦੇਵ ਰਾਇ ਦੇ ਦਰਬਾਰ ਵਿਚ ਵਿਜੈਨਗਰ ਦੇ ਸੇਠ ਨੇ ਦੁਹਾਈ ਦਿੱਤੀ, "ਮਹਾਰਾਜ ਮੈਂ ਲੁੱਟ ਗਿਆ...ਮੈਂ ਬਰਬਾਦ ਹੋ ਗਿਆ....ਰਾਤੀ ਚੋਰ ਮੇਰੀ ਗੋਲਕ ਦਾ ਜਿੰਦਰਾ ਤੋੜ ਕੇ ਸਾਰੀ ਪੂੰਜੀ ਲੈ ਗਏ।”

ਰਾਜੇ ਨੇ ਪੁੱਛ-ਗਿੱਛ ਕੀਤੀ ਤਾਂ ਕੋਤਵਾਲ ਨੇ ਦੱਸਿਆ, "ਅਸੀ ਕੋਸ਼ਿਸ਼ ਕਰ ਰਹੇ ਹਾਂ, ਪਰ ਹਾਲੇ ਤਕ ਚੋਰਾਂ ਦਾ ਪਤਾ ਨਹੀਂ ਲੱਗਾ।"

"ਜਿਵੇਂ ਵੀ ਹੋਵੇ ਚੋਰ ਛੇਤੀ ਤੋਂ ਛੇਤੀ ਫੜੇ ਜਾਣੇ ਚਾਹੀਦੇ ਹਨ। ਰਾਜੇ ਨੇ ਕੋਤਵਾਲ ਨੂੰ ਹੁਕਮ ਦਿੰਦਿਆਂ ਕਿਹਾ।

ਉਸੇ ਰਾਤ ਚੋਰਾਂ ਨੇ ਇਕ ਹੋਰ ਅਮੀਰ ਆਦਮੀ ਦੇ ਘਰ ਚੋਰੀ ਕੀਤੀ ਸੀ। ਇਸ ਵਾਰ ਵੀ ਚੋਰ ਨਾ ਫੜੇ ਗਏ।

ਹੁਣ ਤਾਂ ਇਹ ਹਾਲ ਸੀ ਕਿ ਆਏ ਦਿਨ ਕਿਸੇ ਨਾ ਕਿਸੇ ਘਰ ਚੋਰੀ ਹੁੰਦੀ ਹੀ ਰਹਿੰਦੀ। ਚੋਰਾਂ ਦੀ ਹਿੰਮਤ ਵਧਦੀ ਹੀ ਜਾ ਰਹੀ ਸੀ।

ਰਾਜਾ ਕ੍ਰਿਸ਼ਨਦੇਵ ਰਾਇ ਪਰੇਸ਼ਾਨ ਹੋ ਗਿਆ। 

ਉਸ ਨੇ ਆਪਣੇ ਦਰਬਾਰੀਆਂ ਨੂੰ ਝਾੜਦਿਆਂ ਕਿਹਾ, "ਕੀ ਤੁਹਾਡੇ ਵਿਚੋਂ ਕੋਈ ਐਸਾ ਨਹੀਂ ਜਿਹੜਾ ਚੋਰਾਂ ਨੂੰ ਫੜਾਉਣ ਦੀ ਜ਼ਿੰਮੇਵਾਰੀ ਲੈ ਸਕੇ ?”

ਉਸੇ ਵੇਲੇ ਤੈਨਾਲੀ ਰਾਮ ਉਠ ਖੜਾ ਹੋਇਆ। ਉਹ ਕਹਿਣ ਲੱਗਾ, “ਮਹਾਰਾਜ ਤੁਸੀਂ ਫ਼ਿਕਰ ਨਾ ਕਰੋ। ਚੋਰਾਂ ਨੂੰ ਮੈਂ ਫੜਾਵਾਂਗਾ। ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ।

ਉਸੇ ਦਿਨ ਤੈਨਾਲੀ ਰਾਮ ਸ਼ਹਿਰ ਦੇ ਇਕ ਪ੍ਰਮੁੱਖ ਜੌਹਰੀ ਕੋਲ ਗਿਆ। ਉਸ ਨਾਲ ਕੁਝ ਗੱਲਾਂ ਕਰਕੇ ਘਰ ਮੁੜ ਆਇਆ।

ਅਗਲੇ ਦਿਨ ਉਸੇ ਜੌਹਰੀ ਨੇ ਆਪਣੇ ਕੀਮਤੀ ਗਹਿਣਿਆਂ ਤੇ ਰਤਨਾਂ ਦੀ ਪ੍ਰਦਰਸ਼ਨੀ ਲਗਾਈ। ਰਤਨ ਐਨੇ ਸੋਹਣੇ ਤੇ ਕੀਮਤੀ ਸਨ ਕਿ ਸਾਰਾ ਸ਼ਹਿਰ ਉਨ੍ਹਾਂ ਰਤਨਾਂ ਦੀ ਪ੍ਰਦਰਸ਼ਨੀ ਦੇਖਣ ਆਇਆ। ਰਾਤੀਂ ਜੌਹਰੀ ਨੇ ਸਾਰੇ ਰਤਨ ਇਕ ਤਿਜੋਰੀ ਵਿਚ ਰੱਖ ਕੇ ਜਿੰਦਰਾ ਲਾ ਦਿੱਤਾ।

ਅੱਧੀ ਰਾਤ ਵੇਲੇ ਚੋਰ ਆ ਗਏ। ਉਨ੍ਹਾਂ ਨੇ ਜਿੰਦਰਾ ਤੋੜ ਕੇ ਤਿਜੌਰੀ ਖੋਲੀ ਅਤੇ ਸਾਰੇ ਰਤਨ ਥੈਲੀਆਂ ਵਿਚ ਭਰ ਲਏ। ਫਿਰ ਉਹ ਬਾਹਰ ਆ ਗਏ।

ਜਿਉਂ ਹੀ ਚੋਰ ਬਾਹਰ ਆਏ ਜੌਹਰੀ ਨੂੰ ਪਤਾ ਲੱਗ ਗਿਆ ਅਤੇ ਉਸ ਨੇ ਰੌਲਾ ਪਾ ਦਿੱਤਾ ਚੋਰ ਚੋਰ। ਗਲੀ ਮੁਹੱਲੇ ਦੇ ਲੋਕ ਵੀ ਜਾਗ ਪਏ।

ਤੈਨਾਲੀ ਰਾਮ ਵੀ ਸਿਪਾਹੀਆਂ ਦੇ ਨਾਲ ਉਥੇ ਪਹੁੰਚ ਗਿਆ ਅਤੇ ਬੋਲਿਆ, "ਜਿਨ੍ਹਾਂ ਦੇ ਹੱਥ ਤੇ ਕਪੜੇ ਰੰਗੇ ਹੋਏ ਹਨ ਉਹੀ ਚੋਰ ਹਨ...ਫੜ ਲਵੋ. ਦੌੜ ਨਾ ਸਕਣ।

ਚੋਰ ਫੜੇ ਗਏ। ਅਗਲੇ ਦਿਨ ਚੋਰਾਂ ਨੂੰ ਦਰਬਾਰ ਵਿਚ ਪੇਸ਼ ਕੀਤਾ ਗਿਆ।

ਰਾਜਾ ਕਿਸ਼ਨਦੇਵ ਰਾਇ ਨੇ ਚੋਰਾਂ ਦੇ ਕਪੜਿਆਂ ਉਪਰ ਰੰਗ ਲੱਗਾ ਦੇਖਿਆ ਤਾਂ ਪੁੱਛਿਆ, "ਇਹ ਕੀ ਹੈ ਤੈਨਾਲੀ ਰਾਮ ?"

"ਮਹਾਰਾਜ ਚੋਰਾਂ ਨੂੰ ਫੜਨ ਲਈ ਗੋਲਕ ਉਪਰ ਤਾਜ਼ਾ ਰੰਗ ਲਗਾਇਆ ਗਿਆ ਸੀ। ਇਸੇ ਲਈ ਤਾਂ ਚੋਰ ਫੜੇ ਗਏ ਹਨ।”

“ਪਰ ਤੁਸੀਂ ਸਿਪਾਹੀਆਂ ਨੂੰ ਵੀ ਤਾਂ ਉਥੇ ਤੈਨਾਤ ਕਰ ਸਕਦੇ ਸੀ? ਰਾਜੇ ਨੇ ਕਿਹਾ।

"ਮਹਾਰਾਜ, ਹੋ ਸਕਦਾ ਸੀ ਕਿ ਚੋਰ ਅਧਿਕਾਰੀਆਂ ਨਾਲ ਮਿਲੇ ਹੁੰਦੇ। ਜੇ ਐਸਾ ਹੁੰਦਾ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਭਿਣਕ ਲੱਗ ਜਾਂਦੀ। ਫਿਰ ਰੰਗੇ ਹੱਥੀ ਕਿਵੇਂ ਫੜੇ ਜਾਂਦੇ?" ਤੈਨਾਲੀ ਰਾਮ ਮੁਸਕਰਾਇਆ।

ਰਾਜਾ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਦੀ ਤਹਿ ਦਿਲੋਂ ਪ੍ਰਸੰਸਾ ਕੀਤੀ।


Post a Comment

1 Comments