Punjabi Moral Story “Bahurupiya”, "ਬਹੁਰੂਪੀਆ" Tenali Rama Story for Students of Class 5, 6, 7, 8, 9, 10 in Punjabi Language.

ਬਹੁਰੂਪੀਆ 
Bahurupiya



ਤੈਨਾਲੀ ਰਾਮ ਦੇ ਕਾਰਨਾਮਿਆਂ ਤੋਂ ਰਾਜਗੁਰੂ ਬੜੇ ਪਰੇਸ਼ਾਨ ਸਨ। ਹਰ ਦੂਜੇ ਤੀਜੇ ਦਿਨ ਉਸ ਨੂੰ ਤੈਨਾਲੀ ਰਾਮ ਦੇ ਕਾਰਣ ਬੇਇਜ਼ਤ ਹੋਣਾ ਪੈਂਦਾ ਸੀ। ਉਹ ਹਰ ਰੋਜ਼ ਭਰੇ ਦਰਬਾਰ ਵਿਚ ਮਖੌਲ ਦਾ ਪਾਤਰ ਬਣਦਾ।

ਉਸ ਨੇ ਸੋਚਿਆ ਕਿ ਇਹ ਨੀਚ ਕਈ ਵਾਰੀ ਮਹਾਰਾਜ ਵਲੋਂ ਮਿਲੀ ਮੌਤ ਦੀ ਸਜ਼ਾ ਤੋਂ ਵੀ ਬਚ ਗਿਆ ਹੈ। ਇਸ ਤੋਂ ਛੁਟਕਾਰਾ ਪਾਉਣ ਦਾ ਇਕ ਹੀ ਰਾਹ ਹੈ ਅਤੇ ਉਹ ਇਹ ਹੈ ਕਿ ਮੈਂ ਆਪ ਇਸ ਨੂੰ ਕਿਸੇ ਢੰਗ ਨਾਲ ਮਾਰ ਦੇਵਾਂ।

ਉਸ ਨੇ ਮਨ ਦੀ ਮਨ ਵਿਚ ਇਕ ਯੋਜਨਾ ਬਣਾਈ।

ਰਾਜਗੁਰੂ ਕੁਝ ਦਿਨਾਂ ਲਈ ਤੀਰਥ ਦੇ ਬਹਾਨੇ ਸ਼ਹਿਰ ਛੱਡ ਕੇ ਚਲਾ ਗਿਆ ਅਤੇ ਇਕ ਮੰਨੇ-ਪ੍ਰਮੰਨੇ ਬਹੁਰੂਪੀਏ ਕੋਲ ਜਾ ਕੇ ਸਿਖਿਆ ਲੈਣ ਲੱਗਾ।

ਕੁਝ ਦਿਨਾਂ ਵਿਚ ਉਹ ਬਹੁਰੂਪੀਏ ਦੀਆਂ ਸਾਰੀਆਂ ਕਰਾਮਾਤਾਂ ਦਿਖਾਉਣ ਵਿਚ ਮਾਹਿਰ ਹੋ ਗਿਆ।

ਉਹ ਬਹੁਰੂਪੀਏ ਦੇ ਭੇਸ ਵਿਚ ਹੀ ਨਗਰ ਆਇਆ ਅਤੇ ਦਰਬਾਰ ਵਿਚ ਪਹੁੰਚ ਗਿਆ। ਉਸ ਨੇ ਰਾਜੇ ਨੂੰ ਕਿਹਾ ਕਿ ਉਹ ਕਈ ਤਰ੍ਹਾਂ ਦੀਆਂ ਕਰਾਮਾਤਾਂ ਦਿਖਾ ਸਕਦਾ ਹੈ। ਰਾਜਾ ਪੁੱਛਣ ਲੱਗਾ, “ਤੇਰਾ ਸਭ ਤੋਂ ਵਧੀਆ ਸਵਾਂਗ ਕਿਹੜਾ ਹੈ ?"

"ਸ਼ੇਰ ਦਾ ਸਵਾਂਗ ਸਭ ਤੋਂ ਵਧੀਆ ਕਰਦਾ ਹਾਂ ਮਹਾਰਾਜ ਪਰ ਉਸ ਵਿਚ ਖ਼ਤਰਾ ਹੈ। ਉਸ ਵਿਚ ਕੋਈ ਜ਼ਖਮੀ ਵੀ ਹੋ ਸਕਦਾ ਹੈ। ਇਸ ਸਵਾਂਗ ਲਈ ਤੁਹਾਨੂੰ ਮੇਰਾ ਇਕ ਖੂਨ ਮੁਆਫ ਕਰਨਾ ਪਵੇਗਾ।” ਬਹੁਰੂਪੀਏ ਨੇ ਕਿਹਾ।

ਉਸ ਦੀ ਇਹ ਸ਼ਰਤ ਮੰਨ ਲਈ ਗਈ।

"ਇਕ ਸ਼ਰਤ ਹੋਰ ਹੈ ਮਹਾਰਾਜ। ਮੇਰੇ ਸਵਾਂਗ ਵੇਲੇ ਤੈਨਾਲੀ ਰਾਮ ਵੀ ਦਰਬਾਰ ਵਿਚ ਜ਼ਰੂਰ ਹਾਜ਼ਰ ਰਹਿਣ। ਬਹੁਰੂਪੀਏ ਨੇ ਕਿਹਾ।

ਠੀਕ ਹੈ, ਸਾਨੂੰ ਤੇਰੀ ਇਹ ਸ਼ਰਤ ਵੀ ਪ੍ਰਵਾਨ ਹੈ।” ਮਹਾਰਾਜ ਨੇ ਸੋਚ ਕੇ ਜਵਾਬ ਦਿੱਤਾ।

ਇਸ ਸ਼ਰਤ ਨੂੰ ਸੁਣ ਕੇ ਤੈਨਾਲੀ ਰਾਮ ਦਾ ਮੱਥਾ ਠਣਕਿਆ। ਉਸ ਨੂੰ ਲੱਗਾ ਕਿ ਇਹ ਜ਼ਰੂਰ ਕੋਈ ਦੁਸ਼ਮਣ ਹੈ ਜਿਹੜਾ ਸਵਾਂਗ ਦੇ ਬਹਾਨੇ ਮੇਰਾ ਕਤਲ ਕਰਨਾ ਚਾਹੁੰਦਾ ਹੈ।

ਅਗਲੇ ਦਿਨ ਸਵਾਂਗ ਹੋਣਾ ਸੀ। ਤੈਨਾਲੀ ਰਾਮ ਆਪਣੇ ਕਪੜਿਆਂ ਦੇ ਹੇਠਾਂ ਕਵਚ ਪਾ ਕੇ ਆਇਆ ਤਾਂ ਜੋ ਕੋਈ ਗੜਬੜੀ ਹੋਵੇ ਤਾਂ ਉਹ ਆਪਣੀ ਰੱਖਿਆ ਕਰ ਸਕੇ।

ਸਵਾਂਗ ਸ਼ੁਰੂ ਹੋਇਆ। ਬਹੁਰੂਪੀਏ ਦੀ ਕਲਾ ਦਾ ਦਿਖਾਵਾ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ।

ਕੁਝ ਦੇਰ ਉਛਲਣ ਤੇ ਕੁੱਦਣ ਮਗਰੋਂ ਅਚਾਨਕ ਬਹੁਰੂਪੀਆ ਤੈਨਾਲੀ ਰਾਮ ਦੇ ਨੇੜੇ ਪਹੁੰਚ ਕੇ ਉਸ ਉਪਰ ਝਪਟਿਆ।

ਤੈਨਾਲੀ ਰਾਮ ਤਾਂ ਪਹਿਲਾਂ ਹੀ ਤਿਆਰ ਸੀ। ਉਸ ਨੇ ਹੌਲੀ ਜਿਹੀ ਆਪਣੇ ਲੋਹੇ ਦੇ ਮੁੱਕੇ ਨਾਲ ਉਸ ਉਪਰ ਵਾਰ ਕੀਤਾ। ਬਹੁਰੂਪੀਆ ਤੜਫ ਕੇ ਜ਼ਮੀਨ ਉਪਰ ਜਾ ਗਿਆ।

ਤੈਨਾਲੀ ਰਾਮ ਉਪਰ ਹੋਏ ਹਮਲੇ ਨਾਲ ਰਾਜਾ ਵੀ ਬੜਾ ਘਬਰਾ ਗਿਆ ਸੀ। ਜੇ ਤੈਨਾਲੀ ਰਾਮ ਨੂੰ ਕੁਝ ਹੋ ਜਾਂਦਾ ਤਾਂ ? ਉਨ੍ਹਾਂ ਨੂੰ ਬਹੁਰੂਪੀਏ ਦੀਆਂ ਸ਼ਰਤਾਂ ਦਾ ਧਿਆਨ ਆਇਆ। ਇਕ ਖੂਨ ਮੁਆਵ ਅਤੇ ਤੈਨਾਲੀ ਰਾਮ ਦੀ ਹਾਜ਼ਰੀ। ਜ਼ਰੂਰ ਦਾਲ ਵਿਚ ਕੁਝ ਕਾਲਾ ਹੈ।

ਉਨ੍ਹਾਂ ਨੇ ਤੈਨਾਲੀ ਰਾਮ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ, "ਤੂੰ ਠੀਕ ਤਾਂ ਹੈਂ ਨਾਂ ? ਜ਼ਖ਼ਮੀ ਤਾਂ ਨਹੀਂ ਹੋਇਆ ?"

ਤੈਨਾਲੀ ਰਾਮ ਨੇ ਆਪਣਾ ਕਵਚ ਦਿਖਾਇਆ ਤੇ ਦੱਸਿਆ ਕਿ ਉਸ ਨੂੰ ਝਰੀਟ ਵੀ ਨਹੀਂ ਲੱਗੀ।

ਮਹਾਰਾਜ ਨੇ ਪੁੱਛਿਆ, "ਕੀ ਤੈਨੂੰ ਇਸ ਬੰਦੇ ਉਪਰ ਸ਼ਕ ਸੀ ਜੋ ਤੂੰ ਕਵਚ ਪਾ ਕੇ ਆਇਆ ਹੈ ?

ਮਹਾਰਾਜ ਜੇ ਇਸ ਦੀ ਨੀਅਤ ਠੀਕ ਹੁੰਦੀ ਤਾਂ ਇਹ ਦਰਬਾਰ ਵਿਚ ਮੇਰੇ ਹਾਜ਼ਰ ਰਹਿਣ ਦੀ ਸ਼ਰਤ ਨਾ ਰੱਖਦਾ। ਤੈਨਾਲੀ ਰਾਮ ਨੇ ਕਿਹਾ।

ਮਹਾਰਾਜ ਬੋਲੇ, "ਇਸ ਨੀਚ ਨੂੰ ਮੈਂ ਸਜ਼ਾ ਦੇਣਾ ਚਾਹੁੰਦਾ ਹਾਂ। ਇਸ ਨੇ ਤੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਨੂੰ ਹੁਣ ਹੀ ਫਾਂਸੀ ਦੀ ਸਜ਼ਾ ਦੇ ਸਕਦਾ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਆਪ ਹੀ ਬਦਲਾ ਲਵੇਂ।”

ਜੀ ਹਾਂ, ਮੈਂ ਆਪ ਹੀ ਇਸ ਨੂੰ ਮਜ਼ਾ ਚਖਾਵਾਂਗਾ" - ਤੈਨਾਲੀ ਰਾਮ ਨੇ ਗੰਭੀਰਤਾ ਨਾਲ ਕਿਹਾ।

"ਉਹ ਕਿਵੇਂ?" ਮਹਾਰਾਜ ਨੇ ਪੁੱਛਿਆ। "ਬਸ ਤੁਸੀਂ ਦੇਖਦੇ ਰਹੋ।" ਤੈਨਾਲੀ ਰਾਮ ਨੇ ਜਵਾਬ ਦਿੱਤਾ।

ਫਿਰ ਤੈਨਾਲੀ ਰਾਮ ਨੇ ਬਹੁਰੂਪੀਏ ਨੂੰ ਕਿਹਾ "ਮਹਾਰਾਜ ਤੁਹਾਡੀ ਕਲਾ ਤੋਂ ਬੜੇ ਖੁਸ਼ ਹਨ। ਉਹ ਚਾਹੁੰਦੇ ਹਨ ਕਿ ਕੱਲ ਤੁਸੀ ਸਤੀ-ਸਵਿਤਰੀ ਦਾ ਸਵਾਂਗ ਦਿਖਾਓ। ਜੇ ਤੁਸੀਂ ਉਸ ਵਿਚ ਸਫਲ ਹੋ ਗਏ ਤਾਂ ਮਹਾਰਾਜ ਤੁਹਾਨੂੰ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਣਗੇ।”

ਬਹੁਰੂਪੀਏ ਦੇ ਭੇਸ ਵਿਚ ਲੁਕੇ ਰਾਜਗੁਰੂ ਨੇ ਸੋਚਿਆ ਕਿ ਇਸ ਵਾਰੀ ਤਾਂ ਬੁਰੇ ਫਸੇ ਪਰ ਸਵਾਂਗ ਦਿਖਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।

ਤੈਨਾਲੀ ਰਾਮ ਨੇ ਇਕ ਕੁੰਡ ਬਣਵਾਇਆ। ਉਸ ਵਿਚ ਬਹੁਤ ਸਾਰੀਆਂ ਲੱਕੜਾਂ ਸਾੜੀਆਂ।

ਹਕੀਮ ਵੀ ਬੁਲਾ ਲਏ ਗਏ ਕਿ ਸ਼ਾਇਦ ਇਲਾਜ ਦੀ ਲੋੜ ਪਵੇ।

ਬਹੁਰੂਪੀਆ ਸਤੀ ਦਾ ਭੇਸ ਬਣਾ ਕੇ ਪਹੁੰਚਿਆ। ਉਸ ਦੇ ਕਪੜੇ ਐਨੇ ਸੋਹਣੇ ਸਨ ਕਿ ਕੋਈ ਪਛਾਣ ਨਹੀਂ ਸੀ ਸਕਦਾ ਕਿ ਇਹ ਅਸਲੀ ਔਰਤ ਨਹੀਂ ਹੈ।

ਅਖੀਰ ਉਸ ਨੂੰ ਸੜਦੇ-ਬਲਦੇ ਕੁੰਡ ਵਿਚ ਬੈਠਣਾ ਹੀ ਪਿਆ। ਕੁਝ ਪਲਾਂ ਵਿਚ ਹੀ ਅੱਗ ਦੀਆਂ ਲਪਟਾਂ ਨਾਲ ਉਸ ਦਾ ਸਾਰਾ ਸਰੀਰ ਝੁਲਸਣ ਲੱਗਾ।

ਤੈਨਾਲੀ ਰਾਮ ਤੋਂ ਇਹ ਦੇਖਿਆ ਨਾ ਗਿਆ। ਉਸ ਨੂੰ ਦਇਆ ਆ ਗਈ। ਉਸ ਨੇ ਬਹਰੂਪੀਏ ਨੂੰ ਕੰਡ ਚੋਂ ਬਾਹਰ ਨਿਕਲਵਾਇਆ। ਰਾਜਗੁਰੂ ਨੇ ਇਕਦਮ ਆਪਣਾ ਅਸਲੀ ਰੂਪ ਪ੍ਰਗਟ ਕਰ ਦਿੱਤਾ ਅਤੇ ਤੈਨਾਲੀ ਰਾਮ ਤੋਂ ਮੁਆਫ਼ੀ ਮੰਗੀ।

ਤੈਨਾਲੀ ਰਾਮ ਨੇ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਇਲਾਜ ਲਈ ਹਕੀਮਾਂ ਦੇ ਹਵਾਲੇ ਕੀਤਾ।

ਕੁਝ ਹੀ ਦਿਨਾਂ ਵਿਚ ਰਾਜਗੁਰੂ ਤੰਦਰੁਸਤ ਹੋ ਗਿਆ।

ਉਸ ਨੇ ਤੈਨਾਲੀ ਰਾਮ ਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਕਦੀ ਵੀ ਤੁਹਾਡੇ ਲਈ ਆਪਣੇ ਦਿਲ ਵਿਚ ਦੁਸ਼ਮਣੀ ਨਹੀਂ ਰੱਖਾਂਗਾ। ਤੁਹਾਡੀ ਰਹਿਮ ਦਿਲੀ ਨੇ ਮੈਨੂੰ ਜਿੱਤ ਲਿਆ ਹੈ। ਅੱਜ ਤੋਂ ਅਸੀਂ ਦੋਵੇਂ ਚੰਗੇ ਦੋਸਤਾਂ ਵਾਂਗ ਰਹਾਂਗੇ।”

ਤੈਨਾਲੀ ਰਾਮ ਨੇ ਰਾਜ ਗੁਰੂ ਨੂੰ ਗਲੇ ਲਗਾਇਆ।

ਉਸ ਤੋਂ ਮਗਰੋਂ ਤੈਨਾਲੀ ਰਾਮ ਅਤੇ ਰਾਜਗੁਰੂ ਵਿਚ ਕਦੀ ਵੀ ਲੜਾਈ-ਝਗੜਾ ਨਾ ਹੋਇਆ।


Post a Comment

0 Comments