ਗਾਵਾਂ ਦਾ ਮੁੱਲ
Gavan da Mul
ਰਾਜਾ ਕ੍ਰਿਸ਼ਨਦੇਵ ਰਾਇ ਸਵੇਰੇ-ਸਵੇਰੇ ਰਾਜ-ਬਾਗ ਵਿਚ ਸੈਰ ਲਈ ਜਾਂਦੇ ਸਨ। ਆਮ ਤੌਰ ਤੇ ਤੈਨਾਲੀ ਰਾਮ ਵੀ ਉਨ੍ਹਾਂ ਦੇ ਨਾਲ ਹੁੰਦੇ ਸਨ। ਇਸ ਗੱਲੋਂ ਦੂਜੇ ਦਰਬਾਰੀ ਸੜਦੇ ਸਨ। ਉਹ ਸੋਚਦੇ ਰਹਿੰਦੇ ਕਿ ਕਿਵੇਂ ਤੈਨਾਲੀ ਰਾਮ ਨੂੰ ਰਾਜੇ ਦੀਆਂ ਨਜ਼ਰਾਂ ਵਿਚ ਨੀਵਾਂ ਦਿਖਾਇਆ ਜਾਵੇ।
ਅਚਾਨਕ ਇਕ ਦਿਨ ਤੈਨਾਲੀ ਰਾਮ ਬਿਮਾਰ ਪੈ ਗਿਆ। ਦੂਜੇ ਦਿਨ ਰਾਜਾ ਇਕੱਲਾ ਸੈਰ ਕਰਨ ਲਈ ਗਿਆ। ਬਾਗ਼ ਵਿਚ ਪਹੁੰਚ ਕੇ ਉਸ ਨੇ ਦੇਖਿਆ ਕਿ ਬਾਗ ਵਿਚ ਬਹੁਤ ਸਾਰੀਆਂ ਗਾਵਾਂ ਚਰ ਰਹੀਆਂ ਹਨ। ਉਨ੍ਹਾਂ ਗਾਵਾਂ ਨੇ ਸੋਹਣੇ ਫੁੱਲ-ਬੂਟੇ ਤੋੜ ਦਿੱਤੇ ਹਨ। ਰਾਜੇ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਦੁੱਖ ਲੱਗਾ। ਉਸ ਨੇ ਇਕਦਮ ਮਾਲੀ ਨੂੰ ਬੁਲਾ ਕੇ ਪੁੱਛਿਆ, "ਐਨੀਆਂ ਸਾਰੀਆਂ ਗਾਵਾਂ ਇਥੇ ਕਿਵੇਂ ਆ ਗਈਆਂ ?"
"ਜੀ. ਜੀ..., ਇਹ ਗਾਵਾਂ ਤੈਨਾਲੀ ਰਾਮ ਨੇ ਭੇਜੀਆਂ ਹਨ। “ਕੀ ਤੈਨਾਲੀ ਰਾਮ ਨੇ ਇਹ ਗਾਵਾਂ ਭੇਜੀਆਂ ਹਨ ?" ਰਾਜਾ ਹੈਰਾਨੀ ਨਾਲ ਬੋਲਿਆ।
ਇਸੇ ਦੌਰਾਨ ਹੋਰ ਦਰਬਾਰੀ ਵੀ ਬਾਗ਼ ਵਿਚ ਆ ਪਹੁੰਚੇ। ਉਨ੍ਹਾਂ ਨੇ ਮਹਾਰਾਜ ਨੂੰ ਚੁਗਲੀ ਕੀਤੀ, "ਮਹਾਰਾਜ ਤੈਨਾਲੀ ਰਾਮ ਤੋਂ ਬਿਨਾਂ ਹੋਰ ਕੋਈ ਤੁਹਾਡੇ ਨਾਲ ਸੈਰ ਕਰਨ ਲਈ ਨਾ ਆਵੇ, ਸ਼ਾਇਦ ਇਸੇ ਲਈ ਤੈਨਾਲੀ ਰਾਮ ਨੇ ਇਹ ਸਭ ਕੀਤਾ ਹੈ। ਹੋਰ ਤਾਂ ਹੋਰ ਇਨਾਂ ਗਾਵਾਂ ਕਾਰਣ ਅੱਜ ਤੁਸੀ ਸੈਰ ਵੀ ਨਾ ਕਰ ਸਕੇ।
ਮਹਾਰਾਜ ਨੂੰ ਇਹ ਸੁਣ ਕੇ ਗੁੱਸਾ ਆ ਗਿਆ। ਉਨ੍ਹਾਂ ਨੇ ਤੈਨਾਲੀ ਰਾਮ ਨੂੰ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਦਾ ਜੁਰਮਾਨਾ ਕੀਤਾ ਅਤੇ ਗਾਵਾਂ ਰਾਜ ਦੀ ਪਸ਼ੂਸ਼ਾਲਾ ਨੂੰ ਭੇਜ ਦਿੱਤੀਆਂ।
ਇਸੇ ਦੌਰਾਨ ਤੈਨਾਲੀ ਰਾਮ ਨੂੰ ਇਹ ਗੱਲ ਪਤਾ ਲੱਗੀ। ਉਹ ਤੀਜੇ ਦਿਨ ਦਰਬਾਰ ਵਿਚ ਆਇਆ। ਉਸ ਨਾਲ ਵੱਡੀ ਗਿਣਤੀ ਵਿਚ ਪਿੰਡ ਵਾਲੇ ਵੀ ਸਨ। ਤੈਨਾਲੀ ਰਾਮ ਨੇ ਮਹਾਰਾਜ ਨੂੰ ਪ੍ਰਣਾਮ ਕੀਤਾ ਤੇ ਕਿਹਾ, "ਮਹਾਰਾਜ ਮੇਰੇ ਤੋਂ ਜੁਰਮਾਨਾ ਵਸੂਲਣ ਤੋਂ ਪਹਿਲਾਂ ਤੁਸੀਂ ਕਿਰਪਾ ਕਰਕੇ ਇਨ੍ਹਾਂ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਲਵੋ, ਉਸ ਤੋਂ ਮਗਰੋਂ ਹੀ ਮੇਰੇ ਬਾਰੇ ਕੋਈ ਰਾਏ ਬਣਾਉਣਾ।”
“ਠੀਕ ਹੈ।” ਮਹਾਰਾਜ ਪਿੰਡ ਵਾਲਿਆਂ ਵੱਲ ਦੇਖ ਕੇ ਬੋਲੇ, “ਬੋਲੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ?” .
"ਮਹਾਰਾਜ ਤੁਹਾਡੇ ਕੁਝ ਦਰਬਾਰੀ ਸਾਡੀਆਂ ਗਾਵਾਂ ਖਰੀਦ ਕੇ ਲਿਆਏ ਸਨ, ਪਰ ਉਨ੍ਹਾਂ ਨੇ ਹਾਲੇ ਤਕ ਉਨ੍ਹਾਂ ਗਾਵਾਂ ਦੀ ਕੀਮਤ ਨਹੀਂ ਦਿੱਤੀ। ਮਹਾਰਾਜ ਤੁਸੀਂ ਹੀ ਇਨਸਾਫ ਕਰੋ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਸਾਰੀ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਤੈਨਾਲੀ ਰਾਮ ਨੂੰ ਬਦਨਾਮ ਕਰਨ ਲਈ ਹੀ ਦਰਬਾਰੀਆਂ ਨੇ ਇਹ ਸਾਜ਼ਿਸ਼ ਕੀਤੀ ਸੀ।
ਤੈਨਾਲੀ ਰਾਮ ਉਪਰ ਜਿਹੜਾ ਪੰਜ ਹਜ਼ਾਰ ਮੋਹਰਾਂ ਦਾ ਜੁਰਮਾਨਾ ਮਹਾਰਾਜ ਨੇ ਕੀਤਾ ਸੀ ਉਹ ਹੁਣ ਦਰਬਾਰੀਆਂ ਨੂੰ ਦੇਣਾ ਪਿਆ। ਨਾਲੇ ਉਨ੍ਹਾਂ ਗਾਵਾਂ ਦਾ ਮੁੱਲ ਵੀ ਦੇਣਾ ਪਿਆ। ਉਹ ਵਿਚਾਰੇ ਤੈਨਾਲੀ ਰਾਮ ਦੀ ਅਕਲ ਅੱਗੇ ਮਾਤ ਖਾ ਗਏ।
0 Comments