ਹਰਾ ਘੋੜਾ
Hara Ghoda
ਇਕ ਦਿਨ ਬਾਦਸ਼ਾਹ ਅਕਬਰ ਘੋੜੇ 'ਤੇ ਬੈਠ ਕੇ ਸ਼ਾਹੀ ਬਾਗ਼ ਵਿਚ ਘੁੰਮਣ ਗਏ। ਨਾਲ ਬੀਰਬਲ ਵੀ ਸੀ। ਚਾਰੇ ਪਾਸੇ ਹਰੇ-ਭਰੇ ਰੁੱਖ ਅਤੇ ਹਰੀ-ਭਰੀ ਘਾਹ ਦੇਖ ਕੇ ਅਕਬਰ ਨੂੰ ਬਹੁਤ ਅਨੰਦ ਆਇਆ। ਉਸ ਨੂੰ ਲੱਗਿਆ ਕਿ ਬਗੀਚੇ ਵਿਚ ਸੈਰ ਕਰਨ ਦੇ ਲਈ ਘੋੜਾ ਵੀ ਹਰੇ ਰੰਗ ਦਾ ਹੋਣਾ ਚਾਹੀਦਾ ਹੈ।
ਉਹਨਾਂ ਨੇ ਬੀਰਬਲ ਨੂੰ ਕਿਹਾ, “ਬੀਰਬਲ ਮੈਨੂੰ ਹਰੇ ਰੰਗ ਦਾ ਘੋੜਾ ਚਾਹੀਦਾ ਹੈ। ਤੁਸੀਂ ਮੈਨੂੰ ਹਰੇ ਰੰਗ ਦਾ ਘੋੜਾ ਲਿਆ ਦਿਉ, ਸੱਤ ਦਿਨਾਂ ਦੇ ਅੰਦਰ-ਅੰਦਰ । ਜੇਕਰ ਤੁਸੀਂ ਹਰੇ ਰੰਗ ਦਾ ਘੋੜਾ ਨਾ ਲਿਆ ਸਕੇ ਤਾਂ ਤੁਸੀਂ ਮੈਨੂੰ ਆਪਣੀ ਸ਼ਕਲ ਨਾ ਦਿਖਾਉਣਾ।
ਹਰੇ ਰੰਗ ਦਾ ਘੋੜਾ ਤਾਂ ਹੁੰਦਾ ਹੀ ਨਹੀਂ। ਅਕਬਰ ਅਤੇ ਬੀਰਬਲ ਦੋਵਾਂ ਨੂੰ ਇਹ ਪਤਾ ਸੀ। ਲੇਕਿਨ ਅਕਬਰ ਨੇ ਤਾਂ ਬੀਰਬਲ ਦੀ ਪਰੀਖਿਆ ਲੈਣੀ ਸੀ।
ਦਰਅਸਲ ਇਸ ਪ੍ਰਕਾਰ ਦੇ ਸਵਾਲ ਕਰਕੇ ਉਹ ਚਾਹੁੰਦੇ ਸਨ ਕਿ ਬੀਰਬਲ ਆਪਣੀ ਹਾਰ ਸਵੀਕਾਰ ਕਰ ਲਵੇ ਅਤੇ ਕਹੇ ਕਿ ਜਹਾਂ ਪਨਾਹ, ਮੈਂ ਹਾਰ ਗਿਆ।
ਮਗਰ ਬੀਰਬਲ ਵੀ ਆਪਣੇ ਜਿਹਾ ਇਕ ਹੀ ਸੀ, ਉਹ ਅਕਬਰ ਦੇ ਹਰ ਸਵਾਲ ਦਾ ਅਜਿਹਾ ਸਟੀਕ ਉੱਤਰ ਦਿੰਦਾ ਸੀ ਕਿ ਬਾਦਸ਼ਾਹ ਅਕਬਰ ਨੂੰ ਮੂੰਹ ਦੀ ਖਾਣੀ ਪੈਂਦੀ ਸੀ।
ਬੀਰਬਲ ਹਰੇ ਰੰਗ ਦੇ ਘੋੜੇ ਦੀ ਖੋਜ ਦੇ ਬਹਾਨੇ ਸੱਤ ਦਿਨਾਂ ਤਕ ਇਧਰ-ਉਧਰ ਘੁੰਮਦੇ ਰਹੇ।
ਅੱਠਵੇਂ ਦਿਨ ਉਹ ਦਰਬਾਰ ਵਿਚ ਹਾਜ਼ਰ ਹੋਏ ਅਤੇ ਬਾਦਸ਼ਾਹ ਨੂੰ ਬੋਲੇ, “ਜਹਾਂ ਪਨਾਹ ! ਮੈਨੂੰ ਹਰੇ ਰੰਗ ਦਾ ਘੋੜਾ ਮਿਲ ਗਿਆ ਹੈ।
ਬਾਦਸ਼ਾਹ ਨੂੰ ਹੈਰਾਨੀ ਹੋਈ। ਉਹਨਾਂ ਨੇ ਕਿਹਾ, “ਜਲਦੀ ਦੱਸੋ, ਕਿਥੇ ਹੈ ਹਰਾ ਘੋੜਾ ??
ਬੀਰਬਲ ਨੇ ਕਿਹਾ, “ਜਹਾਂ ਪਨਾਹ ! ਘੋੜਾ ਤਾਂ ਤੁਹਾਨੂੰ ਮਿਲ ਜਾਵੇਗਾ, ਮੈਂ ਬੜੀ ਮੁਸ਼ਕਿਲ ਨਾਲ ਉਹ ਨੂੰ ਲੱਭਿਆ ਹੈ ਪਰ ਉਸ ਦੇ ਮਾਲਕ ਨੇ ਦੋ ਸ਼ਰਤਾਂ ਰੱਖੀਆਂ ਹਨ।
ਬਾਦਸ਼ਾਹ ਨੇ ਕਿਹਾ, “ਕੀ ਸ਼ਰਤ ਹੈ ???
“ਪਹਿਲੀ ਸ਼ਰਤ ਤਾਂ ਇਹ ਹੈ ਕਿ ਘੋੜਾ ਲੈਣ ਦੇ ਲਈ ਤੁਹਾਨੂੰ ਖ਼ੁਦ ਜਾਣਾ ਪਵੇਗਾ।”.
ਇਹ ਤਾਂ ਬੜੀ ਆਸਾਨ ਸ਼ਰਤ ਹੈ। ਦੂਸਰੀ ਸ਼ਰਤ ਕੀ ਹੈ ? “ਘੋੜਾ ਖ਼ਾਸ ਰੰਗ ਦਾ ਹੈ, ਇਸ ਲਈ ਉਸ ਨੂੰ ਲਿਆਉਣ ਦਾ ਦਿਨ ਵੀ ਖ਼ਾਸ ਹੀ ਹੋਵੇਗਾ। ਉਸ ਦਾ ਮਾਲਕ ਕਹਿੰਦਾ ਹੈ ਕਿ ਹਫ਼ਤੇ ਦੇ ਸੱਤ ਦਿਨਾਂ ਦੇ ਇਲਾਵਾ ਕਿਸੇ ਵੀ ਦਿਨ ਆ ਕੇ ਇਸ ਨੂੰ ਲੈ ਜਾਉ।
ਅਕਬਰ ਬੀਰਬਲ ਦਾ ਮੂੰਹ ਦੇਖਦੇ ਰਹਿ ਗਏ।
ਬੀਰਬਲ ਨੇ ਹੱਸਦੇ ਹੋਏ ਕਿਹਾ, “ਜਹਾਂ ਪਨਾਹ ! ਹਰੇ ਰੰਗ ਦਾ ਘੋੜਾ ਲਿਆਉਣਾ ਹੈ ਤਾਂ ਉਸ ਦੀਆਂ ਸ਼ਰਤਾਂ ਵੀ ਮੰਨਣੀਆਂ ਹੀ ਪੈਣਗੀਆਂ।”
ਅਕਬਰ ਖਿੜਖਿੜਾ ਕੇ ਹੱਸ ਪਏ । ਬੀਰਬਲ ਦੀ ਚਤੁਰਾਈ ਨਾਲ ਉਹ ਖ਼ੁਸ਼ ਹੋਏ ਅਤੇ ਸਮਝ ਗਏ ਕਿ ਬੀਰਬਲ ਨੂੰ ਮੂਰਖ ਬਣਾਉਣਾ ਆਸਾਨ ਨਹੀਂ ਹੈ।
0 Comments