ਤੋਤਾ ਅਤੇ ਬਾਜ
Tota Ate Baaj
ਇਕ ਵਾਰ ਇਕ ਬਾਜ ਕਿਤਿਓਂ ਉੱਡਦਾ ਹੋਇਆ ਆਇਆ ਅਤੇ ਦਰਖ਼ਤ ਦੀ ਇਕ ਟਾਹਣੀ ’ਤੇ ਬਹਿ ਗਿਆ। ਉਸੇ ਟਾਹਣੀ 'ਤੇ ਇਕ ਤੋਤਾ ਪਹਿਲਾਂ ਹੀ ਬੈਠਾ ਫ਼ਲ ਖਾ ਰਿਹਾ ਸੀ। ਬਾਜ ਨੇ ਕਦੇ ਕਿਸੇ ਨੂੰ ਫਲ ਖਾਂਦਿਆਂ ਨਹੀਂ ਸੀ ਤੱਕਿਆ। ਉਹਨੇ ਆਖਿਆ- “ਓਏ ਤੋਤੇ, ਤੈਨੂੰ ਫਲ ਖਾਂਦਿਆਂ ਵੇਖ ਕੇ ਮੈਨੂੰ ਹੈਰਾਨੀ ਹੋ ਰਹੀ ਹੈ। ਤੇਰੀ ਚੁੰਝ ਤੇਜ਼ ਅਤੇ ਮਜਬੂਤ ਹੈ। ਤੇਰੇ ਤਾਂ ਪੰਜੇ ਵੀ ਹਨ। ਫਿਰ ਤੂੰ ਕਿਉਂ ਨਹੀਂ ਸਾਡੇ ਵਾਂਗ ਮਾਸ ਅਤੇ ਕੀੜੇ-ਮਕੌੜੇ ਖਾਂਦਾ? ਇਕ ਵਾਰ ਮਾਸ ਖਾਣਾ ਸ਼ੁਰੂ ਕਰੇਂਗਾ ਤਾਂ ਬਹੁਤ ਤਾਕਤਵਰ ਬਣ ਜਾਵੇਂਗਾ।
ਤੋਤੇ ਨੇ ਉਹਦੀ ਗੱਲ ਸੁਣੀ, ਪਰ ਕੋਈ ਜਵਾਬ ਨਾ ਦਿੱਤਾ ਅਤੇ ਉਥੋਂ ਉੱਡ ਗਿਆ। ਉਸ ਦਿਨ ਉਸ ਤੋਤੇ ਨੇ ਉਸੇ ਬਾਜ ਨੂੰ ਕਬੂਤਰਾਂ ਦੀ ਇਕ ਬਸਤੀ ਦੇ ਆਲੇ-ਦੁਆਲੇ ਚੱਕਰ ਲਾਉਂਦਿਆਂ ਤੱਕਿਆ। ਕਬੂਤਰਾਂ ਦੀ ਬਸਤੀ ਦੇ ਮਾਲਿਕ ਨੇ ਬਾਜ ਨੂੰ ਵੇਖ ਲਿਆ ਅਤੇ ਇਸ ਤੋਂ ਪਹਿਲਾਂ ਕਿ ਬਾਜ ਕਿਸੇ ਕਬੂਤਰ ਉਪਰ ਝਪੱਟਾ ਮਾਰ ਕੇ ਉਹਨੂੰ ਫੜ ਕੇ ਲੈ ਜਾਂਦਾ ਉਹਨੇ ਬਾਜ ਨੂੰ ਗੋਲੀ ਮਾਰ ਦਿੱਤੀ। ਬਾਜ ਉਥੇ ਹੀ ਢਹਿ-ਢੇਰੀ ਹੋ ਗਿਆ। ਤੋਤੇ ਨੇ ਇਹ ਨਜ਼ਾਰਾ ਵੇਖਿਆ ਅਤੇ ਸੋਚਣ ਲੱਗ ਪਿਆ-ਜੇਕਰ ਬਾਜ ਫਲ ਖਾਂਦਾ ਹੁੰਦਾ ਤਾਂ ਅੱਜ ਉਹਦੀ ਇਹ ਹਾਲਤ ਨਹੀਂ ਸੀ ਹੋਣੀ।
0 Comments