ਤੇਨਾਲੀ ਦੀ ਈਮਾਨਦਾਰੀ
Tenali di Imandari
ਤੇਨਾਲੀਰਾਮ ਦੀ ਸ਼ਿਕਾਇਤ ਲੈ ਕੇ ਕੁਝ ਬਾਹਮਣ ਰਾਜਗੁਰੂ ਕੋਲ ਆਏ । ਇਨ੍ਹਾਂਵਿਚ ਜ਼ਿਆਦਾਤਰ ਬਾਹਮਣ ਉਹੀ ਸਨ ਜਿਨ੍ਹਾਂ ਨੂੰ ਤੇਲੀਰਾਮ ਸਬਕ ਸਿਖਾ ਚੁੱਕਾ ਸੀ। ਰਾਜਗੁਰੂ ਤਾਂ ਪਹਿਲਾਂ ਹੀ ਤੇਨਾਲੀਰਾਮ ਤੋਂ ਖਿਝਿਆ ਬੈਠਾ ਸੀ ਅਤੇ ਬਦਲਾ ਲੈਣ ਦੀ ਸੋਚ ਰਿਹਾ ਸੀ, ਕਿਉਂਕਿ ਉਹਦੇ ਕਰਕੇ ਹੀ ਰਾਜਗੁਰੂ ਨੂੰ ਕਈ ਵਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।
ਰਾਜਗੁਰੂ ਉਨ੍ਹਾਂ ਬ੍ਰਾਹਮਣਾਂ ਨਾਲ ਮਿਲ ਕੇ ਤੇਨਾਲੀਰਾਮ ਨੂੰ ਪਾਠ ਪੜਾਉਣ ਦਾ ਕੋਈ ਤਰੀਕਾ ਲੱਭਣ ਲੱਗ ਪਏ । ਫ਼ੈਸਲਾ ਇਹ ਹੋਇਆ ਕਿ ਰਾਜਗੁਰੂ ਤੇਨਾਲੀਰਾਮ ਨੂੰ ਆਪਣਾ ਚੇਲਾ ਬਣਾਉਣ ਦਾ ਨਾਟਕ ਕਰੇ ਅਤੇ ਰੀਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਵੇ।
ਸਜ਼ਾ ਵੀ ਅਜਿਹੀ ਦਿੱਤੀ ਜਾਵੇ ਕਿ ਤੇਨਾਲੀਰਾਮ ਕਈ ਜਨਮਾਂ ਤਕ ਯਾਦ ਰੱਖੇ।
ਜਦੋਂ ਇਸ ਤਰ੍ਹਾਂ ਤੇਨਾਲੀਰਾਮ ਕੋਲੋਂ ਬਦਲਾ ਲੈ ਲਿਆ ਜਾਵੇਗਾ ਤਾਂ ਰਾਜਗੁਰੂ ਉਹਨੂੰ ਇਹ ਕਹਿ ਕੇ ਚੇਲਾ ਬਣਾਉਣ ਤੋਂ ਇਨਕਾਰ ਕਰ ਦੇਣ ਕਿ ਉਹ ਨੀਵੀਂ ਜਾਤ ਦਾ ਬ੍ਰਾਹਮਣ ਹੈ।
ਫ਼ੈਸਲਾ ਹੋਇਆ ਕਿ ਇਹ ਯੋਜਨਾਉਨਾਂ ਇਕ ਸੌ ਅੱਠ ਬਾਹਮਣਾਂ ਤਕ ਹੀ ਸੀਮਤ ਰਹੇ, ਜਿਨ੍ਹਾਂ ਨੂੰ ਤੇਨਾਲੀਰਾਮ ਨੇ ਆਪਣੇ ਘਰ ਬੁਲਾ ਕੇ ਸਜ਼ਾ ਦਿੱਤੀ ਸੀ। ਸਾਰੀਆਂ ਗੱਲਾਂ ਪੱਕੀਆਂ ਹੋ ਗਈਆਂ। ਹੁਣ ਤੇਲੀਰਾਮ ਕੋਲੋਂ ਬਦਲਾ ਲੈਣ ਲਈ ਉਹ ਸਾਰੇ ਹੀ ਬੜੇ ਉਤਾਵਲੇ ਸਨ।
ਯੋਜਨਾ ਮੁਤਾਬਕ ਰਾਜਗੁਰੂ ਨੇ ਇਕ ਦਿਨ ਤੈਨਾਲੀਰਾਮ ਨੂੰ ਆਪਣੇ ਘਰ ਸੱਦਿਆ ਅਤੇ ਆਖਿਆ ਕਿ ਉਹਦੀ ਭਗਤੀ ਭਾਵਨਾ ਅਤੇ ਗਿਆਨ ਨੂੰ ਵੇਖਦੇ ਹੋਏ ਉਹ ਉਹਨੂੰ ਆਪਣਾ ਚੇਲਾ ਬਣਾਉਣਾ ਚਾਹੁੰਦਾ ਹੈ। ਇਹ ਸੁਣਦਿਆਂ ਹੀ ਤੇਨਾਲੀਰਾਮ ਦੇ ਮਨ ਵਿਚ ਸ਼ੱਕ ਦਾ ਕੀੜਾ ਮੰਡਰਾਇਆ ਕਿ ਜ਼ਰੂਰ ਹੀ ਦਾਲ ਵਿਚ ਕੁਝ ਕਾਲਾ ਹੈ, ਪਰ ਉਹ ਨਾਟਕ ਕਰਦਾ ਰਿਹਾ ਕਿ ਉਹ ਰਾਜਗੁਰੂ ਦੇ ਪ੍ਰਸਤਾਵ ਤੋਂ ਬਹੁਤ ਖੁਸ਼ ਹੈ।
ਸਾਰੀ ਗੱਲ ਸੁਣ ਕੇ ਬੜੀ ਉਤਸੁਕਤਾ ਨਾਲ ਤੇਨਾਲੀਰਾਮ ਨੇ ਪੁੱਛਿਆ ਤੁਸੀਂ ਮੈਨੂੰ ਕਦੋਂ ਆਪਣਾ ਚੇਲਾ ਸਵੀਕਾਰ ਕਰੋਗੇ ?
ਅਗਲਾ ਸ਼ੁਕਰਵਾਰ ਬੜਾ ਹੀ ਸ਼ੁੱਭ ਦਿਨ ਹੈ। ਇਸ਼ਨਾਨ ਕਰਕੇ ਤੈਨੂੰ ਕੀਮਤੀ ਕੱਪੜੇ ਪਾਉਣੇ ਪੈਣਗੇ, ਜਿਹੜੇ ਤੈਨੂੰ ਮੇਰੇ ਵੱਲੋਂ ਦਿੱਤੇ ਜਾਣਗੇ। ਭੇਟ ਦੇ ਰੂਪ ਵਿਚ ਮੈਂ ਤੈਨੂੰ ਇਕ ਸੌ ਸੋਨੇ ਦੀਆਂ ਮੋਹਰਾਂ ਦਿਆਂਗਾ। ਇਸ ਤੋਂ ਬਾਅਦ ਰੀਤੀ ਮੁਤਾਬਕ ਤੈਨੂ ਪਵਿੱਤਰ ਸ਼ੰਖ ਅਤੇ ਲੋਹ-ਚੱਕਰ ਨਾਲ ਦਾਗਿਆ ਜਾਵੇਗਾ। ਇਸ ਤਰ੍ਹਾਂ ਤੂੰ ਮੇਰਾ ਚੇਲਾ ਬਣ ਜਾਵੇਂਗਾ।’’ ਰਾਜਗੁਰੂ ਨੇ ਬੜੇ ਉਤਸ਼ਾਹ ਵਿਚ ਆਖਿਆ।
ਠੀਕ ਹੈ।' ਕਹਿ ਕੇ ਤੇਨਾਲੀਰਾਮ ਚਲਾ ਗਿਆ। ਘਰ ਜਾ ਕੇ ਉਹਨੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸ ਦਿੱਤੀ। ਫਿਰ ਬੋਲਿਆ-ਜ਼ਰੂਰ ਹੀ ਇਸ ਚਲਾਕ ਰਾਜਗੁਰੂ ਦੇ ਮਨ ਵਿਚ ਕੋਈ ਬਦਲੇ ਦੀ ਭਾਵਨਾ ਹੈ ।
ਘਰਵਾਲੀ ਕਹਿਣ ਲੱਗੀ-“ਤੁਸਾਂ ਉਹਦਾ ਚੇਲਾ ਬਣਨਾ ਸਵੀਕਾਰ ਹੀ ਕਿਉਂ ਕੀਤਾ ?
“ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਰਾਜਗੁਰੂ ਜੇਕਰ ਚਲਾਕ ਹੈ ਤਾਂ ਮੈਂ ਵੀ ਉਨ੍ਹਾਂ ਤੋਂ ਘੱਟ ਨਹੀਂ ਹਾਂ।’’ ਤੇਨਾਲੀਰਾਮ ਨੇ ਆਖਿਆ।
“ਤੁਸਾਂ ਇਸ ਬਾਰੇ ਕੀ ਸੋਚਿਆ ਹੈ ? ਘਰਵਾਲੀ ਨੇ ਪੁੱਛਿਆ।
“ਮੈਨੂੰ ਪਤਾ ਲੱਗਾ ਹੈ ਕਿ ਜਿਨ੍ਹਾਂ ਇਕ ਸੌ ਅੱਠ ਬ੍ਰਾਹਮਣਾਂ ਨੂੰ ਮੈਂ ਆਪਣੇ ਘਰ ਬੁਲਾਇਆ ਸੀ, ਉਨ੍ਹਾਂ ਦੀ ਰਾਜਗੁਰੂ ਨਾਲ ਕੋਈ ਮੀਟਿੰਗ ਹੋਈ ਹੈ।
ਅਸਲੀ ਗੱਲ ਦਾ ਪਤਾ ਲਾਉਣ ਦਾ ਇਕੋ ਹੀ ਤਰੀਕਾ ਹੈ। ਇਨ੍ਹਾਂ ਬਾਹਮਣਾਂ ਵਿਚੋਂ ਇਕ ਦਾ ਨਾਂ ਸੋਮਾ ਹੈ । ਉਹਦੇ ਘਰ ਬੱਚਾ ਹੋਣ ਵਾਲਾ ਹੈ, ਪਰ ਉਹਦੇ ਕੋਲ ਖਰਚ ਕਰਨ ਵਾਸਤੇ ਪੈਸਿਆਂ ਦੀ ਕਮੀ ਹੈ । ਮੈਂ ਦਸ ਸੋਨੇ ਦੀਆਂ ਮੋਹਰਾਂ ਦੇ ਕੇ ਸੋਮਾ ਕੋਲੋਂ ਸਾਰੀਆਂ ਗੱਲਾਂ ਪੁੱਛ ਲਵਾਂਗਾ। ਫਿਰ ਵੇਖੀ, ਇਸ ਰਾਜਗੁਰੂ ਦੇ ਬੱਚੇ ਦੀ ਕਿਵੇਂ ਭੁਗਤ ਸੰਵਾਰਦਾ ਹਾਂ। ਤੇਨਾਲੀਰਾਮ ਨੇ ਆਖਿਆ।
ਉਸੇ ਰਾਤ ਤੇਨਾਲੀਰਾਮ ਸੋਮਾ ਪੰਡਤ ਦੇ ਘਰ ਚਲਾ ਗਿਆ ਅਤੇ ਉਹਨੂੰ ਉਹਦੀ ਹਾਲਤ ਦਾ ਹਵਾਲਾ ਦੇ ਕੇ ਅਤੇ ਜੇਬ ਵਿਚੋਂ ਦਸ ਸੋਨੇ ਦੀਆਂ ਮੋਹਰਾਂ ਕੱਢ ਕੇ ਉਹਦੇ ਸਾਹਮਣੇ ਰੱਖ ਕੇ ਆਖਿਆ-ਜੇਕਰ ਤੂੰ ਮੈਨੂੰ ਇਹ ਦੱਸ ਦੇਵੇਂ ਕਿ ਰਾਜਗੁਰੂ ਦੇ ਘਰ ਹੋਈ ਗੁਪਤ ਬੈਠਕ ਵਿਚ ਕਿਹੜੀਆਂ ਗੱਲਾਂ ਹੋਈਆਂ ਹਨ ਤਾਂ ਮੈਂ ਤੈਨੂੰ ਇਹ ਸੋਨੇ ਦੀਆਂ ਮੋਹਰਾਂ ਦੇ ਦਿਆਂਗਾ।”
“ਨਹੀਂ ਨਹੀਂ, ਜੇਕਰ ਮੈਂ ਇਹ ਦੱਸ ਦਿੱਤਾ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ।” ਸੋਮਾ ਨੇ ਆਖਿਆ।
“ਮੈਂ ਵਾਅਦਾ ਕਰਦਾ ਹਾਂ ਕਿ ਇਹ ਗੱਲ ਮੈਂ ਆਪਣੇ ਤਕ ਹੀ ਸੀਮਤ ਰੱਖਾਂਗਾ।’’ ਤੇਨਾਲੀਰਾਮ ਨੇ ਆਖਿਆ-ਜ਼ਰਾ ਸੋਚ, ਤੇਰੀ ਘਰਵਾਲੀ ਇਸ ਵਕਤ ਕਿੰਨੀ ਨਾਜ਼ੁਕ ਹਾਲਤ ਵਿਚ ਹੈ। ਮੂਰਖਤਾ ਨਾ ਕਰੋ। ਇਸ ਵਕਤ ਤੈਨੂੰ ਰਾਜਨੀਤੀ ਛੱਡ ਕੇ ਆਪਣੇ ਨਾਜ਼ਕ ਹਾਲਤ ਬਾਰੇ ਸੋਚਣਾ ਚਾਹੀਦਾ ਹੈ। ਇਸ ਵਕਤ ਇਹ ਦਸ ਸੋਨੇ ਦੀਆਂ ਮੋਹਰਾਂ ਤੇਰੇ ਲਈ ਜ਼ਿਆਦਾ ਮਹੱਤਵਪੂਰਨ ਹਨ ਨਾ ਕਿ ਰਾਜਨੀਤੀ। ਮੁਸੀਬਤ ਦੇ ਵਕਤ ਮੈਂ ਖ਼ੁਦ ਚੱਲ ਕੇ ਤੇਰੀ ਮਦਦ ਕਰਨ ਆਇਆ ਹਾਂ ਜਾਂ ਰਾਜਗੁਰ ???
ਸੋਮਾ ਪੰਡਤ ਨੂੰ ਇਹ ਗੱਲ ਪਸੰਦ ਆ ਗਈ। ਉਹਨੇ ਸੋਨੇ ਦੀਆਂ ਮੋਹਰਾਂ ਲੈ ਲਈਆਂ ਅਤੇ ਬੋਲਿਆ-“ਕਿਸੇ ਨੂੰ ਇਸ ਗੱਲ ਦਾ ਪਤਾ ਨਾ ਚੱਲੇ ਕਿ ਮੈਂ ਤੁਹਾਨੂੰ ਕੁਝ ਦੱਸਿਆ ਹੈ। ਅਤੇ ਫਿਰ ਸੋਮਾ ਨੇ ਤੇਨਾਲੀਰਾਮ ਨੂੰ ਉਥੇ ਹੋਈਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ।
“ਤੂੰ ਬਿਲਕੁਲ ਚਿੰਤਾ ਨਾ ਕਰ ।’’ ਤੇਨਾਲੀਰਾਮ ਨੇ ਆਖਿਆ-ਕਿਸੇ ' ਨੂੰ ਹਵਾ ਤਕ ਵੀ ਨਹੀਂ ਲੱਗੇਗੀ ਕਿ ਤੂੰ ਮੈਨੂੰ ਕੁਝ ਦੱਸਿਆ ਹੈ ।
ਉਸੇ ਵਕਤ ਘਰ ਆ ਕੇ ਤੇਨਾਲੀਰਾਮ ਨੇ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸ ਦਿੱਤੀ। ਘਰਵਾਲੀ ਕਹਿਣ ਲੱਗੀ-ਹੁਣ ਤੁਸੀਂ ਕੀ ਕਰੋਗੇ।
“ਤੂੰ ਵੇਖਦੀਜਾ, ਮੈਂ ਰਾਜਗੁਰੂ ਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਉਹ ਵੀ ਯਾਦ ਰੱਖੂਗਾ ।”
ਸ਼ੁੱਕਰਵਾਰ ਵਾਲੇ ਦਿਨ ਤੇਨਾਲੀਰਾਮ ਸਵੇਰੇ ਉੱਠਿਆ, ਇਸ਼ਨਾਨ ਕੀਤਾ ਅਤੇ ਰਾਜਗੁਰੂ ਦੇ ਘਰ ਪਹੁੰਚ ਗਿਆ। ਰਾਜਗੁਰੂ ਨੇ ਉਹਨੂੰ ਪਾਉਣ ਲਈ ਰੇਸ਼ਮੀ ਕੱਪੜੇ ਦਿੱਤੇ, ਜਿਨ੍ਹਾਂ ਦੀ ਕੀਮਤ ਤਕਰੀਨ ਇਕ ਹਜ਼ਾਰ ਪਿਆ ਹੋਵੇਗੀ। ਨਾਲ ਹੀ ਸੌ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ।
ਹੁਣ ਵਾਰੀ ਆਈ ਰੀਤੀ ਅਨੁਸਾਰ ਗਰਮ-ਗਰਮ ਸ਼ੰਖ ਅਤੇ ਲੋਹ ਚੱਕਰ ਲਾਉਣ ਦੀ । ਸ਼ੰਖ ਅਤੇ ਲੌਹ ਚੱਕਰ ਕਾਫ਼ੀ ਗਰਮ ਸਨ। ਰਾਜਗੁਰੂ ਅਤੇ ਬਾਹਮਣ ਮਨ ਹੀ ਮਨ ਹੱਸ ਰਹੇ ਸਨ। ਹੁਣ ਆਵੇਗਾ ਮਜ਼ਾ ਜਦੋਂ ਗਰਮ-ਗਰਮ ਲੋਹ-ਚੱਕਰ ਲੱਗਣਗੇ।
ਜਿਉਂ ਹੀ ਗਰਮ-ਗਰਮ ਸ਼ੰਖ ਅਤੇ ਲੌਹ-ਚੱਕਰ ਲਾਉਣ ਲੱਗੇ ਤਾਂ ਤੇਨਾਲੀਰਾਮਨੇ ਪੰਜਾਹ ਸੋਨੇ ਦੀਆਂ ਮੋਹਰਾਂ ਰਾਜਗੁਰੂ ਅੱਗੇ ਸੁੱਟ ਦਿੱਤੀਆਂ ਅਤੇ ਇਹ ਕਹਿ ਕੇ ਭੱਜ ਗਿਆ, “ਅੱਧਾ ਹੀ ਬਹੁਤ ਹੈ। ਬਾਕੀ ਅੱਧਾ ਮੈਂ ਵਾਪਸ ਕਰ ਦਿੱਤਾ ਹੈ।
ਰਾਜਗੁਰੂ ਅਤੇ ਬ੍ਰਾਹਮਣ ਗਰਮ-ਗਰਮ ਸ਼ੰਖ ਅਤੇ ਲੌਹ-ਚੱਕਰ ਲੈ ਕੇ ਉਹਦੇ ਮਗਰ ਭੱਜੇ।ਰਸਤੇ ਵਿਚ ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਤੇਨਾਲੀਰਾਮ ਭੱਜਦਾ ਹੋਇਆ ਰਾਜੇ ਦੇ ਕੋਲ ਪਹੁੰਚਾ ਅਤੇ ਬੋਲਿਆ-“ਮਹਾਰਾਜ,ਇਨਸਾਫ਼ ਕਰੋ। ਜਦੋਂ ਸਮਾਰੋਹ ਹੋ ਰਿਹਾ ਸੀ ਤਾਂ ਮੈਨੂੰ ਅਚਾਨਕ ਧਿਆਨ ਆਇਆ ਕਿ ਮੈਂ ਰਾਜਗੁਰੂ ਦਾ ਚੇਲਾ ਬਣਨ ਦੇ ਯੋਗ ਨਹੀਂ ਹਾਂ, ਕਿਉਂਕਿ ਮੈਂ ਵੈਦਿਕੀ ਨਹੀਂ, ਨਿਯੋਗੀ ਬਾਹਮਣ ਹਾਂ। ਇਸ਼ਨਾਨ ਅਤੇ ਰੇਸ਼ਮੀ ਕੱਪੜੇ ਪਹਿਨਣ ਦੀ ਰੀਤ ਪੂਰੀ ਕਰਨ ਬਦਲੇ ਪੰਜਾਹ ਸੋਨੇ ਦੀਆਂ ਮੋਹਰਾਂ ਮੈਂ ਰੱਖ ਲਈਆਂ ਅਤੇ ਪੰਜਾਹ ਵਾਪਸ ਰਾਜਗੁਰੂ ਨੂੰ ਦੇ ਦਿੱਤੀਆਂ ਹਨ।
ਰਾਜਗੁਰੂ ਨੂੰ ਰਾਜੇ ਦੇ ਸਾਹਮਣੇ ਮੰਨਣਾ ਪਿਆ ਕਿ ਨਿਯੋਗੀ ਬ੍ਰਾਹਮਣ ਹੋਣ ਕਾਰਨ ਤੇਨਾਲੀਰਾਮ ਉਹਦਾ ਚੇਲਾ ਨਹੀਂ ਬਣ ਸਕਦਾ। ਹੁਣ ਉਹਨੇ ਬਹਾਨਾ ਬਣਾਇਆ ਕਿ ਤੇਨਾਲੀਰਾਮ ਨਿਯੋਗੀ ਬਾਹਮਣ ਹੋਣ ਵਾਲੀ ਗੱਲ ਤਾਂ ਭੁੱਲ ਹੀ ਗਿਆ ਸੀ। ਅਸਲੀ ਗੱਲ ਉਹ ਰਾਜੇ ਨੂੰ ਕਿਵੇਂ ਦੱਸਦਾ ?
ਤੇਨਾਲੀਰਾਮ ਦੀ ਈਮਾਨਦਾਰੀ ਪ੍ਰਸੰਸਾ ਦੇ ਯੋਗ ਹੈ। ਉਹਨੂੰ ਇਸ ਈਮਾਨਦਾਰੀ ਬਦਲੇ ਇਨਾਮ ਮਿਲਣਾ ਚਾਹੀਦਾ ਹੈ। ਅਤੇ ਤੇਨਾਲੀਰਾਮ ਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦਿੱਤੀਆਂ ਗਈਆਂ ਅਤੇ ਰਾਜਗੁਰੂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
0 Comments