ਤਬਾਹੀ ਦੀ ਜੜ੍ਹ ਹੰਕਾਰ
Tabahi di Jad Hankar
ਇਕ ਵਾਰ ਦੀ ਘਟਨਾ ਹੈ, ਇਕ ਬੁੱਢੇ ਆਦਮੀ ਨੇ ਆਪਣੀ ਬਹੁਤ ਸਾਰੀ ਜਾਇਦਾਦ ਆਪਣੇ ਪੁੱਤਰ ਦੇ ਨਾਂ ਲਾ ਦਿੱਤੀ। ਉਹਨੇ ਆਪਣੀ ਵਸੀਅਤ ਵਿਚ ਲਿਖਿਆ ਕਿ ਉਹਦੀ ਸਾਰੀ ਜਾਇਦਾਦ ਉਹਦੇ ਮਰਨ ਤੋਂ ਬਾਅਦ ਉਹਦੇ ਪੁੱਤਰ ਦੀ ਹੋ ਜਾਵੇਗੀ ਅਤੇ ਵਸੀਅਤ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਉਹਦੀ ਮੌਤ ਹੋ ਗਈ।
ਜਾਇਦਾਦ ਏਨੀ ਜ਼ਿਆਦਾ ਸੀ ਕਿ ਉਹਦਾ ਪੁੱਤਰ ਅਤੇ ਅੱਗੋਂ ਆਉਣ ਵਾਲੀਆਂ ਸੱਤ ਪੀੜੀਆਂ ਵੀ ਆਰਾਮ ਨਾਲ ਬਹਿ ਕੇ ਬਿਨਾਂ ਕੋਈ ਕੰਮਕਾਜ ਕੀਤਿਆਂ ਖਾ ਸਕਦੀਆਂ ਸਨ। ਪਰ ਉਹਦਾ ਪੁੱਤਰ ਅਜੇ ਵੀ ਸੰਤੁਸ਼ਟ ਨਹੀਂ ਸੀ। ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਸੀ। ਇਸ ਲਈ ਉਹਨੇ ਆਪਣੀਆਂ ਸਾਰੀਆਂ ਅਚਲ ਜਾਇਦਾਦਾਂ ਵੇਚ ਦਿੱਤੀਆਂ ਅਤੇ ਭਿੰਨ-ਭਿੰਨ ਚੀਜ਼ਾਂ ਨੂੰ ਖ਼ਰੀਦ ਕੇ ਉਨ੍ਹਾਂ ਦਾ ਵਿਉਪਾਰ ਕਰਨਾ ਸ਼ੁਰੂ ਕਰ ਦਿੱਤਾ।
ਕਿਸਮਤ ਨਾਲ ਉਹ ਬਹੁਤ ਹੀ ਘੱਟ ਸਮੇਂ ਵਿਚ ਜ਼ਿਆਦਾ ਸਫ਼ਲਤਾ ਹਾਸਲ ਕਰ ਗਿਆ ਅਤੇ ਛੇਤੀ ਹੀ ਪਹਿਲਾਂ ਨਾਲੋਂ ਵੀ ਜ਼ਿਆਦਾ ਅਮੀਰ ਹੋ ਗਿਆ। ਉਹਨੇ ਏਨਾ ਜ਼ਿਆਦਾ ਪੈਸਾ ਇਕੱਠਾ ਕਰ ਲਿਆ ਕਿ ਦੂਜੇ ਵਪਾਰੀ ਉਹਦੇ ਨਾਲ ਈਰਖਾ ਕਰਨ ਲੱਗ ਪਏ।
ਕਦੀ-ਕਦੀ ਦੂਜੇ ਵਪਾਰੀ ਜਾਂ ਉਹਦੇ ਮਿੱਤਰ ਉਹਦੇ ਕੋਲੋਂ ਉਹਦੀ ਸਫ਼ਲਤਾ ਦਾ ਰਹੱਸ ਪੁੱਛਦੇ ਤਾਂ ਉਹ ਆਖਦਾ-“ਮੈਂ ਇਸ ਲਈ ਤਰੱਕੀ ਕਰ ਰਿਹਾ ਹਾਂ ਕਿ ਮੈਂ ਆਪਣੇ ਕੰਮ ਨੂੰ ਸਮਝਦਾ ਹਾਂ ਅਤੇ ਸਖ਼ਤ ਮਿਹਨਤ ਕਰਦਾ ਹਾਂ। ਮੈਂ ਆਪਣੇ ਗਾਹਕਾਂ ਨੂੰ ਵੀ ਖ਼ੁਸ਼ ਰੱਖਣਾ ਜਾਣਦਾ ਹਾਂ।”
ਉਹਨੇ ਸੱਚਮੁੱਚ ਕਾਰੋਬਾਰ ਵਿਚ ਤਰੱਕੀ ਕਰ ਲਈ ਸੀ, ਇਸ ਲਈ ਉਹਦੇ ਮਿੱਤਰ ਅਤੇ ਹੋਰ ਵਪਾਰੀ ਉਹਦੀ ਸ਼ੇਖੀਬਾਜ਼ੀ ਨੂੰ ਸੱਚ ਮੰਨਦੇ ਸਨ। ਆਪਣੀ ਇਸ ਕਾਮਯਾਬੀ ਕਰਕੇ ਉਹਦੇ ਵਿਚ ਕਾਫ਼ੀ ਹੰਕਾਰ ਆ ਗਿਆ ਸੀ । ਉਹਦੀ ਅਜੇ ਵੀ ਸੰਤੁਸ਼ਟੀ ਨਹੀਂ ਸੀ ਹੋਈ, ਉਹ ਅਜੇ ਵੀ ਬਹੁਤ ਪੈਸਾ ਕਮਾਉਣਾ ਚਾਹੁੰਦਾ ਸੀ। ਉਹਨੇ ਵਪਾਰ ਵਿਚ ਹੋਰ ਵੱਧ ਚੜ੍ਹ ਕੇ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਉਹਨੂੰ ਆਪਣੇ ਵਪਾਰ ਵਿਚ ਲਾਭ ਹੋਇਆ। ਪਰ ਉਹਦਾ ਹੰਕਾਰ ਏਨਾ ਜ਼ਿਆਦਾ ਵਧ ਗਿਆ ਕਿ ਕਿਸਮਤ ਦੀ ਦੇਵੀ ਉਹਨੂੰ ਤੋਂ ਨਾਖੁਸ਼ ਹੋ ਗਈ। ਉਹਨੂੰ ਵਪਾਰ ਵਿਚ ਘਾਟਾ ਪੈਣਾ ਸ਼ੁਰੂ ਹੋ ਗਿਆ।
ਪਹਿਲੀ ਘਟਨਾ ਉਦੋਂ ਵਾਪਰੀ, ਜਦੋਂ ਡਾਕੂਆਂ ਨੇ ਉਹਦਾ ਮਾਲ ਨਾਲ ਭਰਿਆ ਸਮੁੰਦਰੀ ਜਹਾਜ਼ ਲੁੱਟ ਲਿਆ। ਦੂਸਰੀ ਘਟਨਾ ਵਿਚ ਉਸਦਾ ਮਾਲ ਨਾਲ ਲੱਦਿਆ ਜਹਾਜ਼ ਅਰਬ ਸਾਗਰ ਵਿਚ ਡੁੱਬ ਗਿਆ। ਉਹਦੀ ਕਿਸਮਤ ਵਿਚ ਕੁਝ ਨਾ ਕੁਝ ਬਦਸ਼ਗਨ ਜੁੜ ਗਿਆ ਸੀ।
ਤੀਸਰੀ ਘਟਨਾ ਨੇ ਤਾਂ ਉਹਦਾ ਲੱਕ ਹੀ ਤੋੜ ਦਿੱਤਾ ਸੀ। ਉਹ ਦਰ-ਦਰ ਦਾ ਭਿਖਾਰੀ ਬਣ ਗਿਆ। ਉਹਦਾ ਸਾਰਾ ਵਪਾਰ ਤਬਾਹ ਹੋ ਗਿਆ। ਉਹਦੀ ਇਹ ਹਾਲਤ ਵੇਖ ਕੇ ਉਹਦੇ ਮਿੱਤਰਾਂ ਨੇ ਪੁੱਛਿਆ-“ਤੇਰੀ ਇਹ ਹਾਲਤ ਕਿੰਝ ਹੋਈ ? ਇਸ ਗੱਲ ਦਾ ਜਵਾਬ ਉਹਨੇ ਆਪਣੀ ਕਿਸਮਤ ਨੂੰ ਬੁਰਾ ਭਲਾ ਆਖ ਕੇ ਦਿੱਤਾ-ਕੀ ਦੱਸਾਂ, ਕਿਸਮਤ ਨੇ ਸਾਥ ਨਹੀਂ ਦਿੱਤਾ।
ਕਿਸਮਤ ਦੀ ਦੇਵੀ ਉਹਦੀ ਗੱਲ ਸੁਣ ਕੇ ਨਰਾਜ਼ ਹੋ ਗਈ। ਉਹ ਉਹਦੇ ਸਾਹਮਣੇ ਪ੍ਰਗਟ ਹੋ ਕੇ ਆਖਣ ਲੱਗੀ-“ਤੂੰ ਸੱਚਮੁੱਚ ਬਹੁਤ ਅਕ੍ਰਿਤਘਣ ਏਂ। ਜਦੋਂ ਤਕ ਤੂੰ ਸਫ਼ਲਤਾ ਦੀਆਂ ਪੌੜੀਆਂ ਚੜਦਾ ਰਿਹਾ, ਉਦੋਂ ਤਕ ਤੂੰ ਸਫ਼ਲਤਾ ਦਾ ਸਾਰਾ ਮਹੱਤਵ ਖ਼ੁਦ ਨੂੰ ਦੇਂਦਾ ਰਿਹਾ, ਪਰ ਜਦੋਂ ਹਾਲਾਤ ਖ਼ਰਾਬ ਹੋ ਗਏ ਤਾਂ ਤੂੰ ਕਿਸਮਤ ਨੂੰ ਬੁਰਾ-ਭਲਾ ਆਖਣ ਲੱਗਿਆਂ। ਯਾਦ ਰੱਖ ਕਿ ਮਨੁੱਖ ਦਾ ਹੰਕਾਰ ਹੀ ਉਹਨੂੰ ਲੈ ਡੁੱਬਦਾ ਹੈ।
ਸਿੱਟਾ : ਹੰਕਾਰ ਨਾਲ ਵਿਅਕਤੀ ਤਬਾਹ ਹੋ ਜਾਂਦਾ ਹੈ ।
0 Comments