Punjabi Moral Story on "Sundarta nu Nahi, Sago guna nu vekhan chahida hai", "ਸੁੰਦਰਤਾ ਨੂੰ ਨਹੀਂ, ਸਗੋਂ ਗੁਣਾਂ ਨੂੰ ਵੇਖਣਾ ਚਾਹੀਦਾ ਹੈ" for Kids and Students.

ਮੂਰਖ ਬਾਰਾਂਸਿੰਗਾ 
Murakh Barasinga



ਇਕ ਵਾਰ ਦੀ ਗੱਲ ਹੈ।ਇਕ ਬਾਰਾਂਸਿੰਗਾ ਇਕ ਤਲਾਬ ਵਿਚ ਪਾਣੀ ਪੀ ਰਿਹਾ ਸੀ। ਅਜੇ ਉਹਨੇ ਇਕ ਦੋ-ਘੁੱਟ ਹੀ ਪਾਣੀ ਪੀਤਾ ਸੀ ਕਿ ਉਹਦੀ ਨਜ਼ਰ ਤਲਾਬ ਦੇ ਪਾਣੀ ਵਿਚ ਨਜ਼ਰ ਆਉਂਦੇ ਆਪਣੇ ਅਕਸ ਉੱਤੇ ਪਈ। ਆਪਣੇ ਸੋਹਣੇ ਸਿੰਗਾਂ ਨੂੰ ਵੇਖ ਕੇ ਉਹ ਬੜਾ ਖੁਸ਼ ਹੋਇਆ-ਵਾਹ ! ਮੇਰੇ ਸਿੰਗ ਕਿੰਨੇ ਸੋਹਣੇ ਹਨ।


ਏਨੇ ਚਿਰ ਨੂੰ ਉਹਦੀ ਨਜ਼ਰ ਆਪਣੇ ਪੈਰਾਂ 'ਤੇ ਪਈ-'ਓਹ! ਮੇਰੇ ਪੈਰ ਕਿੰਨੇ ਬੇਢੱਬੇ ਹਨ ? ਕਿੰਨਾ ਚੰਗਾ ਹੁੰਦਾ ਜੇਕਰ ਮੇਰੇ ਪੈਰ ਵੀ ਮੇਰੇ ਸਿੰਗਾਂ ਵਰਗੇ ਹੀ ਸੋਹਣੇ ਹੁੰਦੇ। ਇਹ ਸੋਚ ਕੇ ਉਹ ਨਿਰਾਸ਼ ਹੋ ਗਿਆ। ਅਚਾਨਕ ਉਹਦੇ ਤੇਜ਼ ਕੰਨਾਂ ਨੇ ਸ਼ਿਕਾਰੀਆਂ ਦੇ ਆਉਣ ਦੀ ਆਹਟ ਸੁਣੀ।ਖ਼ਤਰਾ ਭਾਂਪਦਿਆਂ ਹੀ ਉਹ ਉਥੋਂ ਭੱਜ ਗਿਆ। ਬੜੀ ਛੇਤੀ ਲੰਬੀਆਂ-ਲੰਬੀਆਂ ਪੁਲਾਂਘਾਂ ਪੁੱਟਦਾ ਉਹ ਇਕ ਪਹਾੜੀ 'ਤੇ ਪੁੱਜ ਗਿਆ।


ਉਹ ਪਹਾੜੀ ਤੋਂ ਦੂਜੇ ਪਾਸੇ ਇਕ ਸੰਘਣੇ ਜੰਗਲ ਵਿਚ ਚਲਾ ਗਿਆ ਅਤੇ ਤੇਜ਼ੀ ਨਾਲ ਦੌੜ ਪਿਆ। ਪਰ ਉਹਦੀ ਬਦਕਿਸਮਤੀ ਇਹ ਸੀ ਕਿ ਉਹ ਅਜੇ ਭੱਜ ਕੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਉਹਦੇ ਸਿੰਗ ਸੰਘਣੀਆਂ ਝਾੜੀਆਂ ਵਿਚ ਫਸ ਗਏ ।ਸਿੰਗਾਂ ਦੇ ਫਸਣ ਕਾਰਨ ਉਹਨੂੰ ਇਕ ਝਟਕਾ ਜਿਹਾ ਵੱਜਾ ਤੇ ਉਹਨੂੰ ਰੁਕਣਾ ਪਿਆ। ਉਹਦੀ ਤਲਾਸ਼ ਵਿਚ ਸ਼ਿਕਾਰੀ ਵੀ ਪਹਾੜੀ 'ਤੇ ਚੜ੍ਹ ਕੇ ਹੁਣ ਸੰਘਣੇ ਜੰਗਲ ਵਿਚ ਦਾਖ਼ਲ ਹੋ ਰਹੇ ਸਨ। ਬਾਰਾਂ ਸਿੰਗਾ ਨੇ ਆਪਣੇ ਸਿੰਗ ਛੁਡਾਉਣ ਲਈ ਬਥੇਰਾ ਜ਼ੋਰ ਲਾਇਆ ਪਰ ਉਹਨੂੰ ਸਫ਼ਲਤਾ ਨਾ ਮਿਲੀ। ਉਹ ਬੁਰੀ ਤਰ੍ਹਾਂ ਤੜਫਣ ਲੱਗਾ, ਪਰ ਕੋਈ ਲਾਭ ਨਾ ਹੋਇਆ ਸਗੋਂ ਉਹਦੇ ਤਫੜਣ ਨਾਲ ਜਦੋਂ ਝਾੜੀਆਂ ਹਿੱਲਣ ਦੀ ਆਵਾਜ਼ ਆਈ ਤਾਂ ਸ਼ਿਕਾਰੀ ਵੀ ਉਧਰ ਤੁਰਦੇ-ਤੁਰਦੇ ਬਿਲਕੁਲ ਉਹਦੇ ਨੇੜੇ ਆ ਗਏ।


ਬਾਰਾਂ ਸਿੰਗਾ ਸਮਝ ਗਿਆ ਕਿ ਸ਼ਿਕਾਰੀ ਉਸ ਦੇ ਨੇੜੇ ਆ ਗਏ ਹਨ। ਉਹਨੇ ਸ਼ਿਕਾਰੀਆਂ ਵੱਲ ਤਰਸਮਈ ਨਜ਼ਰਾਂ ਨਾਲ ਤੱਕਿਆ ਪਰ ਸ਼ਿਕਾਰੀ ਅਜਿਹੀ ਭਾਵਨਾ ਨੂੰ ਨਹੀਂ ਸਮਝਦੇ। ਇਕ ਸ਼ਿਕਾਰੀ ਨੇ ਤੀਰ ਚਲਾਇਆ ਜਿਹੜਾ ਕਿ ਬਿਲਕੁਲ ਨਿਸ਼ਾਨੇ 'ਤੇ ਲੱਗਾ ਤੇ ਬਾਰਾਂਸਿੰਗਾ ਅੱਧਮਰਿਆ ਜਿਹਾ ਹੋ ਕੇ ਥੱਲੇ ਡਿੱਗ ਪਿਆ। ਮੌਤ ਨੇੜੇ ਹੀ ਸੀ। ਬਾਰਾਂਸਿੰਗਾ ਨੇ ਮਰਨ ਤੋਂ ਪਹਿਲਾਂ ਸੋਚਿਆ-ਮੈਂ ਆਪਣੇ ਪਤਲੇ ਤੇ ਭੱਦੇ ਪੈਰਾਂ ਨਾਲ ਨਫ਼ਰਤ ਕਰਦਾ ਸੀ, ਜਦਕਿ ਇਹੋ ਪੈਰ ਮੈਨੂੰ ਇਥੋਂ ਤਕ ਲੈ ਕੇ ਆਏ ਸਨ ਤੇ ਜਿਨ੍ਹਾਂ ਸਿੰਗਾਂ `ਤੇ ਮੈਨੂੰ ਏਨਾ ਹੰਕਾਰ ਸੀ, ਉਹ ਹੀ ਮੇਰੀ ਮੌਤ ਦਾ ਕਾਰਨ ਬਣੇ ਹਨ। ਕਿਸੇ ਨੇ ਠੀਕ ਹੀ ਆਖਿਆ ਹੈ ਕਿ ਕਿਸੇ ਚੀਜ਼ ਦਾ ਸੋਹਣਾ ਨਹੀਂ, ਬਲਕਿ ਗੁਣੀ ਹੋਣਾ ਜ਼ਿਆਦਾ ਲਾਭਦਾਇਕ ਹੈ। ਇਹੋ ਸੋਚਦਾ-ਸੋਚਦਾ ਬਾਰਾਂਸਿੰਗਾ ਰੱਬ ਨੂੰ ਪਿਆਰਾ ਹੋ ਗਿਆ। 

ਸਿੱਟਾ : ਸੁੰਦਰਤਾ ਨੂੰ ਨਹੀਂ, ਸਗੋਂ ਗੁਣਾਂ ਨੂੰ ਵੇਖਣਾ ਚਾਹੀਦਾ ਹੈ।


Post a Comment

0 Comments