ਸ਼ਿਕਾਰੀ ਸ਼ਿਕਾਰ ਬਣ ਗਿਆ
Shikari Shikar Ban Giya
ਇਕ ਦਿਨ ਇਕ ਭੇੜੀਏ ਨੂੰ ਕਿਤਿਓਂ ਭੇਡ ਦੀ ਖੱਲ ਲੱਭ ਗਈ। ਖੱਲ ਪਾਕੇ ਉਹ ਬੇਹੱਦ ਖੁਸ਼ ਹੋਇਆ ਤੇ ਸੋਚਣ ਲੱਗਾ-ਸੂਰਜ ਅਸਤ ਹੋ ਜਾਣ ਤੋਂ ਬਾਅਦ ਆਜੜੀ ਭੇਡਾਂ ਨੂੰ ਵਾੜੇ ਵਿਚ ਬੰਦ ਕਰ ਦੇਵੇਗਾ ਤਾਂ ਇਸ ਖਲ ਵਿਚ ਲੁਕ ਕੇ ਮੈਂ ਵੀ ਭੇਡਾਂ ਦੇ ਨਾਲ ਹੀ ਵਾੜੇ ਵਿਚ ਵੜ ਜਾਵਾਂਗਾ। ਰਾਤ ਨੂੰ ਕੋਈ ਮੋਟੀ ਭੇਡ ਚੁੱਕ ਕੇ ਭੱਜ ਜਾਵਾਂਗਾ ਤੇ ਮਜ਼ੇ ਨਾਲ ਖਾਵਾਂਗਾ। ਇਹ ਸੋਚ ਕੇ ਉਹ ਮੈਦਾਨ ਵਿਚ ਚਰ ਰਹੀਆਂ ਭੇਡਾਂ ਦੇ ਝੁੰਡ ਵਿਚ ਸ਼ਾਮਿਲ ਹੋ ਗਿਆ। ਸ਼ਾਮ ਪਈ ਤਾਂ ਆਜੜੀ ਭੇਡਾਂ ਨੂੰ ਵਾੜੇ ਵਿਚ ਬੰਦ ਕਰਕੇ ਆਪਣੇ ਘਰ ਚਲਿਆ ਗਿਆ। ਭੇੜੀਆ ਚੁਪਚਾਪ ਰਾਤ ਪੈਣ ਦਾ ਇੰਤਜ਼ਾਰ ਕਰਦਾ ਰਿਹਾ।
ਰਾਤ ਨੂੰ ਮਜ਼ੇ ਨਾਲ ਖਾਣ ਲਈ ਉਹਨੇ ਇਕ ਮੋਟੀ-ਤਾਜ਼ੀ ਭੇਡ ਵੀ ਚੁਣ ਲਈ ਸੀ। ਹੌਲੀ-ਹੌਲੀ ਹਨੇਰਾ ਹੋਣ ਲੱਗ ਪਿਆ।
ਇਥੋਂ ਤਕ ਤਾਂ ਸਭ ਕੁਝ ਠੀਕ ਠਾਕ ਹੋ ਗਿਆ ਪਰ ਇਸਦੇ ਬਾਅਦ ਭੇੜੀਏ ਦੇ ਸਿਤਾਰੇ ਗਰਦਿਸ਼ 'ਚ ਪਹੁੰਚ ਗਏ ।
ਹੋਇਆ ਇੰਜ ਕਿ ਮਾਲਿਕ ਦੇ ਘਰ ਕੁਝ ਮਹਿਮਾਨ ਆ ਗਏ।
ਉਸਨੇ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਕੋਈ ਮੋਟੀ-ਤਾਜ਼ੀ ਤਗੜੀ ਭੇਡ ਹਲਾਲ ਕਰ ਲਿਆਵੇ।
ਬਸ ਫਿਰ ਕੀ ਸੀ।
ਬਦਕਿਸਮਤੀ ਨਾਲ ਨੌਕਰ ਭੇੜ ਦੀ ਖਲ ਵਿਚ ਲੁਕੇ ਭੇੜੀਏ ਨੂੰ ਚੁੱਕ ਕੇ ਲੈ ਗਿਆ ਤੇ ਉਸ ਨੂੰ ਹਲਾਲ ਕਰ ਦਿੱਤਾ।
ਇਸ ਤਰ੍ਹਾਂ ਸ਼ੈਤਾਨ ਭੇੜੀਆ ਲਾਲਚ ਵੱਸ ਮੁਫ਼ਤ ਵਿਚ ਮਾਰਿਆ ਗਿਆ।
0 Comments