ਸ਼ੇਰ ਉਪਰ ਸਵਾ ਸ਼ੇਰ
Sher Upar Sawa Sher
ਇਕ ਵਾਰ ਦੀ ਘਟਨਾ ਹੈ ਕਿ ਬਹੁਤ ਵੱਡੀ ਗਿਣਤੀ ਵਿਚ ਖਰਗੋਸ਼ ਇਕ ਜਗਾ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਆਪਣੇ ਸੰਕਟਮਈ ਜੀਵਨ ਬਾਰੇ ਵਿਚਾਰ-ਵਟਾਂਦਰਾ ਕੀਤਾ।
“ਇਸ ਸੰਸਾਰ ਦੇ ਜਿੰਨੇ ਵੀ ਜੀਵ ਹਨ ਇਕ ਨੇ ਆਖਿਆ-“ਅਸੀਂ ਖ਼ਰਗੋਸ਼ ਉਨ੍ਹਾਂ ਸਾਰਿਆਂ ਵਿਚੋਂ ਜ਼ਿਆਦਾ ਮਾਸੂਮ ਹਾਂ। ਸਾਨੂੰ ਦੂਜੇ ਸਾਰੇ ਜਾਨਵਰਾਂ ਅਤੇ ਖੁੰਖਾਰ ਪਸ਼ੂ-ਪੰਛੀਆਂ ਕੋਲੋਂ ਹਮੇਸ਼ਾ ਹੀ ਖ਼ਤਰਾ ਰਹਿੰਦਾ ਹੈ। ਅਸੀਂ ਸਾਰਿਆਂ ਕੋਲੋਂ ਡਰਦੇ ਰਹਿੰਦੇ ਹਾਂ। ਸਾਡੇ ਕੋਲੋਂ ਕੋਈ ਵੀ ਨਹੀਂ ਡਰਦਾ। ਏਥੋਂ ਤਕ ਕਿ ਮਨੁੱਖ ਵੀ ਸਾਡਾ ਮਾਸ ਖਾਂਦੇ ਹਨ।
ਇਕ ਹੋਰ ਖ਼ਰਗੋਸ਼ ਨੇ ਆਖਿਆ-“ਹਾਥੀ ਤਾਂ ਸਾਡਾ ਮਾਸ ਨਹੀਂ ਖਾਂਦੇ ਪਰ ਸਾਡੇ ਵਿਚੋਂ ਕਈ ਭਰਾ ਸੈਂਕੜੇ ਵਾਰ ਇਨ੍ਹਾਂ ਹਾਥੀਆਂ ਦੇ ਪੈਰਾਂ ਥੱਲੇ ਆ ਕੇ ਦੱਬੇ ਗਏ ਹਾਂ।
ਤੀਜੇ ਖਰਗੋਸ਼ ਨੇ ਆਖਿਆ-“ਇਹ ਦੁਨੀਆ ਸਾਡੇ ਵਰਗੇ ਕਮਜ਼ੋਰ ਅਤੇ ਲਾਚਾਰ ਜਾਨਵਰਾਂ ਲਈ ਨਹੀਂ ਹੈ। ਇਥੇ ਸਿਰਫ਼ ਉਹੀ ਜੀਉਂਦਾ ਰਹਿ ਸਕਦਾ ਹੈ , ਜਿਹੜੀ ਤਾਕਤਵਰ ਹੋਵੇ। ਮੈਨੂੰ ਲੱਗਦਾ ਹੈ, ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ।
ਤਦ ਇਕ ਬਜ਼ੁਰਗ ਜਿਹਾ ਨਜ਼ਰ ਆਉਣ ਵਾਲਾ, ਪਰ ਅਨੁਭਵੀ ਖ਼ਰਗੋਸ਼ ਉੱਠ ਖਲੋਤਾ ਅਤੇ ਕਹਿਣ ਲੱਗਾ-“ਸਣੋ ਦੋਸਤੋ ਸਾਡੀ ਸਮੱਸਿਆ ਦਾ ਇਕ ਹਲ ਹੈ ਅਤੇ ਇਹ ਸਾਡੀਆਂ ਸਾਰੀਆਂ ਮੁਸੀਬਤਾਂ ਨੂੰ ਵੀ ਦੂਰ ਕਰ ਦੇਵੇਗਾ। ਹੱਲ ਇਹ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਨਦੀ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈਏ। ਮੌਤ ਸਾਡੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਦੇਵੇਗੀ।
ਇਹ ਸੁਝਾਅ ਸਾਰੇ ਖ਼ਰਗੋਸ਼ਾਂ ਨੂੰ ਪਸੰਦ ਆ ਗਿਆ। ਉਹ ਸਾਰੇ ਜਣੇ ਨੇੜੇ ਹੀ ਵਗਣ ਵਾਲੀ ਇਕ ਨਦੀ ਦੇ ਕੰਢੇ ਆਤਮ-ਹੱਤਿਆ ਕਰਨ ਲਈ ਇਕੱਠੇ ਹੋ ਗਏ। ਪਰ ਆਤਮਹੱਤਿਆ ਕਰਨ ਦੀ ਜੱਦੋ-ਜਹਿਦ 'ਚ ਉਨ੍ਹਾਂ ਨੇ ਏਨਾ ਹੋ-ਹੱਲਾ ਮਚਾਇਆ ਕਿ ਨਦੀ ਕੰਢੇ ਬੈਠੇ ਡੱਡੂਆਂ ਦਾ ਇਕ ਝੁੰਡ ਬੁਰੀ ਤਰ੍ਹਾਂ ਘਬਰਾ ਗਿਆ। ਸਾਰੇ ਡੱਡੂ ਡਰ ਕੇ ਪਾਣੀ ਵਿਚ ਵੜ ਗਏ ।
ਇਹ ਵੇਖ ਕੇ ਬੁੱਢੇ ਖਰਗੋਸ਼ ਨੇ ਆਪਣੇ ਮਿੱਤਰਾਂ ਨੂੰ ਨਦੀ 'ਚ ਛਾਲ ਮਾਰਨ ਤੋਂ ਰੋਕਦੇ ਹੋਏ ਆਖਿਆ-“ਮੇਰੇ ਭਰਾਵੋ! ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਇਸ ਦੁਨੀਆ ਵਿਚ ਕੁਝ ਜ਼ਿਆਦਾ ਦਿਨ ਜੀਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਦੁਨੀਆ ਵਿਚ ਕੁਝ ਅਜਿਹੇ ਜੀਵ ਵੀ ਹਨ, ਜਿਹੜੇ ਸਾਡੇ ਨਾਲੋਂ ਕਿਤੇ ਜ਼ਿਆਦਾ ਕਮਜ਼ੋਰ ਹਨ ਅਤੇ ਉਹ ਸਾਡੇ ਕੋਲੋਂ ਡਰਦੇ ਹਨ। ਇਸ ਸੰਸਾਰ ਵਿਚ ਹਰ ਪ੍ਰਾਣੀ ਕਿਸੇ ਨਾ ਕਿਸੇ ਕੋਲੋਂ ਡਰਦਾ ਹੈ।
0 Comments