ਸ਼ੇਰ ਅਤੇ ਚੂਹਾ
Sher Ate Chuha
ਇਕ ਵਾਰ ਇਕ ਛੋਟਾ ਜਿਹਾ ਚੂਹਾ ਸ਼ੇਰ ਦੀ ਗੁਫ਼ਾ ਵਿਚ ਵੜ ਗਿਆ। ਸ਼ੇਰ ਉਹਨੂੰ ਵੇਖ ਕੇ ਬਹੁਤ ਗੁੱਸੇ ਹੋਇਆ ਅਤੇ ਗਰਜ ਕੇ ਕਹਿਣ ਲੱਗਾ“ਤੇਰੀ ਏਨੀ ਹਿੰਮਤ ਕਿ ਤੂੰ ਮੇਰੀ ਆਗਿਆ ਤੋਂ ਬਿਨਾਂ ਮੇਰੀ ਗੁਫ਼ਾ ਵਿਚ ਵੜ ਜਾਵੇ ? ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗਾ।”
.
ਵਿਚਾਰਾ ਚੂਹਾ ਡਰ ਨਾਲ ਕੰਬਣ ਲੱਗ ਪਿਆ। ਉਹਨੇ ਸ਼ੇਰ ਨੂੰ ਬੇਨਤੀ ਕੀਤੀ-“ਮਹਾਰਾਜ!ਕ੍ਰਿਪਾ ਕਰਕੇ ਮੈਨੂੰ ਮਾਰਿਓ ਨਾ। ਮੇਰੀ ਜ਼ਿੰਦਗੀ ਬਖ਼ਸ਼ ਦਿਉ। ਉਂਜ ਤਾਂ ਮੈਂ ਬਹੁਤ ਛੋਟਾ ਅਤੇ ਪਤਲਾ ਹਾਂ, ਪਰ ਮੈਂ ਵਾਅਦਾ ਕਰਦਾ ਹਾਂ ਕਿ ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ ਅਤੇ ਜੇਕਰ ਕਦੇ ਤੁਹਾਡੇ ਕਿਸੇ ਕੰਮ ਆ ਸਕਿਆ ਤਾਂ ਖ਼ੁਦ ਨੂੰ ਖੁਸ਼ਕਿਸਮਤ ਸਮਝਾਂਗਾ।”
ਸ਼ੇਰ ਨੇ ਮੁਸਕਰਾਉਂਦੇ ਹੋਏ ਉਸ ਛੋਟੇ ਜਿਹੇ ਚੂਹੇ ਵੱਲ ਵੇਖਿਆ ਤੇ ਆਖਿਆ-“ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਇਕ ਅਤਿਅੰਤ ਪਤਲਾ ਅਤੇ ਨਿੱਕਾ ਜਿਹਾ ਜੀਵ ਏਂ। ਪਰ ਤੂੰ ਚਲਾਕ ਬਹੁਤ ਏਂ। ਤੂੰ ਮੇਰੇ ਵਰਗੇ ਸ਼ਕਤੀਸ਼ਾਲੀ ਸ਼ੇਰ ਦੇ ਕਿਸ ਕੰਮ ਆ ਸਕਦਾਈਂ? ਫਿਰ ਵੀ ਚਿੰਤਾ ਨਾ ਕਰ ? ਮੈਂ ਤੈਨੂੰ ਨਹੀਂ ਮਾਰਾਂਗਾ, ਪਰ ਯਾਦ ਰੱਖੀ ਕਿ ਜੇਕਰ ਦੁਬਾਰਾ ਇਸ ਗੁਫ਼ਾ ਵੱਲ ਮੂੰਹ ਵੀ ਕੀਤਾ।” ਆਖ ਕੇ ਸ਼ੇਰ ਨੇ ਉਹਨੂੰ ਛੱਡ ਦਿੱਤਾ।
“ਮਹਾਰਾਜ! ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ।’’ ਕਹਿ ਕੇ ਚੂਹੇ ਨੇ ਹੱਥ ਜੋੜ ਦਿੱਤੇ। ਉਹ ਤਾਂ ਹਾਲੇ ਵੀ ਡਰ ਨਾਲ ਕੰਬ ਰਿਹਾ ਸੀ। ਚੂਹਾ ਗੁਫ਼ਾ ਵਿਚੋਂ ਬਾਹਰ ਨਿਕਲ ਕੇ ਫਟਾਫਟ ਦੌੜ ਗਿਆ। ਉਹ ਮਨ ਹੀ ਮਨ ਸ਼ੇਰ ਦਾ ਬਹੁਤ ਅਹਿਸਾਨਮੰਦ ਸੀ।
ਇਕ ਦਿਨ ਇਹ ਘਟਨਾ ਵਪਾਰੀ ਕਿ ਕਿਸੇ ਸ਼ਿਕਾਰੀ ਨੇ ਜੰਗਲ ਵਿਚ ਜਾਲ ਪਾਇਆ ਹੋਇਆ ਸੀ । ਸ਼ੇਰ ਸ਼ਿਕਾਰ ਦੀ ਤਲਾਸ਼ ਵਿਚ ਭਟਕ ਰਿਹਾ ਸੀ ਕਿ ਸ਼ਿਕਾਰੀ ਦੇ ਜਾਲ ਵਿਚ ਫਸ ਗਿਆ । ਜਦੋਂ ਤਕ ਕਿ ਵਿਚਾਰਾ ਸ਼ੇਰ ਕੁਝ ਸਮਝ ਸਕਦਾ, ਉਹ ਜਾਲ ਵਿਚ ਬੜੀ ਬੁਰੀ ਤਰ੍ਹਾਂ ਫਸ ਗਿਆ ਸੀ। ਇਹ ਸਭ ਏਨੀ ਛੇਤੀ-ਛੇਤੀ ਹੋਇਆ ਸੀ ਕਿ ਵਿਚਾਰੇ ਸ਼ੇਰ ਨੂੰ ਸੰਭਾਲਣ ਦਾ ਮੌਕਾ ਵੀ ਨਹੀਂ ਸੀ ਮਿਲਿਆ| ਘਬਰਾ ਕੇ ਉਹ ਗਰਜਣ ਲੱਗਾ। ਪਰ ਜਾਲ ਬਹੁਤ ਮਜ਼ਬੂਤ ਸੀ। ਵਿਚਾਰੇ ਸ਼ੇਰ ਦੀ ਇਕ ਨਾ ਚੱਲੀ। ਜਾਲ ਤੋੜਨਾ ਉਹਦੇ ਲਈ ਮੁਸ਼ਕਿਲ ਅਤੇ ਅਸੰਭਵ ਸੀ।
ਵਿਚਾਰੇ ਸ਼ੇਰ ਦਾ ਰੌਲਾ ਉਸ ਚੂਹੇ ਨੇ ਸੁਣ ਲਿਆ, ਜੀਹਨੂੰ ਸ਼ੇਰ ਨੇ ਇਕ ਵਾਰ ਉਹਦੀ ਜਾਨ ਬਖ਼ਸ਼ੀ ਸੀ। ਉਹ ਸਮਝ ਗਿਆ ਕਿ ਸ਼ੇਰ ਕਿਸੇ ਮੁਸੀਬਤ ਵਿਚ ਹੈ। ਉਹ ਆਪਣੀ ਖੁੱਡ ਵਿਚੋਂ ਬਾਹਰ ਆਇਆ। ਦੌੜਦਾ ਹੋਇਆ ਸ਼ੇਰ ਦੇ ਨੇੜੇ ਪਹੁੰਚਿਆ ਅਤੇ ਸ਼ੇਰ ਪ੍ਰਤਿ ਸੰਵੇਦਨਾ ਪ੍ਰਗਟਾਈ-“ਮਹਾਰਾਜ ! ਚਿੰਤਾ ਨਾ ਕਰੇ , ਹੌਸਲਾ ਰੱਖੋ। ਮੈਂ ਇਸ ਜਾਲ ਨੂੰ ਹੁਣੇ ਕੱਟ ਦੇਂਦਾ ਹਾਂ। ਤੁਸੀਂ ਅਗਲੇ ਕੁਝ ਹੀ ਪਲਾਂ ਵਿਚ ਆਜ਼ਾਦ ਹੋ ਜਾਵੋਗੇ ।”
ਸੱਚਮੁੱਚ ਵੇਖਦਿਆਂ ਹੀ ਵੇਖਦਿਆਂ ਉਸ ਛੋਟੇ ਜਿਹੇ ਚੂਹੇ ਨੇ ਉਸ ਸਖ਼ਤ ਜਾਲ ਨੂੰ ਕਈ ਥਾਵਾਂ ਤੋਂ ਕੁਤਰ ਦਿੱਤਾ। ਬਸ ਫਿਰ ਕੀ ਸੀ, ਅਗਲੇ ਹੀ ਪਲ ਸ਼ੇਰ ਆਜ਼ਾਦ ਹੋ ਗਿਆ। ਜਾਲ ਤੋਂ ਬਾਹਰ ਆਉਂਦਿਆਂ ਹੀ ਸ਼ੇਰ ਨੇ ਚੂਹੇ ਦਾ ਧੰਨਵਾਦ ਕੀਤਾ। ਚੂਹਾ ਵੀ ਬਹੁਤ ਖੁਸ਼ ਸੀ ਕਿ ਆਖ਼ਿਰਕਾਰ ਉਹ ਸ਼ੇਰ ਵਾਸਤੇ ਕੁਝ ਤਾਂ ਕਰ ਸਕਿਆ।
0 Comments