ਸਮਝਦਾਰ ਕਿਸਾਨ
Samajhdar Kisan
ਇਕ ਕਿਸਾਨ ਸੀ। ਉਸਨੇ ਇਕ ਨਦੀ ਪਾਰ ਕਰਨੀ ਸੀ। ਉਸਦੇ ਕੋਲ ਇਕ ਸ਼ੇਰ , ਇਕ ਘਾਹ ਦੀ ਪੰਡ ਤੇ ਇਕ ਬੱਕਰੀ ਸੀ। ਨਦੀ ਪਾਰ ਕਰਨ ਲਈ ਕਿਨਾਰੇ ਤੇ ਇਕ ਛੋਟੀ ਜਿਹੀ ਬੇੜੀ ਖਲੋਤੀ ਸੀ। ਬੇੜੀ 'ਚ ਇਕ ਵਾਰ ਸਿਰਫ਼ ਦੋ ਜਣੇ ਹੀ ਪਾਰ ਜਾ ਸਕਦੇ ਸਨ, ਨਹੀਂ ਤਾਂ ਬੇੜੀ ਡੁੱਬ ਜਾਂਦੀ ਸੀ।
ਕਿਸਾਨ ਸੋਚਣ ਲੱਗਾ ਕਿ ਹੁਣ ਕੀ ਕਰਾਂ ? ਜੇਕਰ ਮੈਂ ਪਹਿਲਾਂ ਸ਼ੇਰ ਨੂੰ ਲੈ ਕੇ ਜਾਵਾਂ ਤਾਂ ਮਗਰੋਂ ਬੱਕਰੀ ਸਾਰਾ ਘਾਹ ਖਾ ਲਵੇਗੀ। ਜੇਕਰ ਘਾਹ ਪਹਿਲਾਂ ਲੈ ਕੇ ਜਾਵਾਂ ਤਾਂ ਮੇਰੇ ਪਿੱਛੋਂ ਸ਼ੇਰ ਬੱਕਰੀ ਨੂੰ ਖਾ ਲਵੇਗਾ। ਹਾਂ, ਬੱਕਰੀ ਨੂੰ ਲੈ ਕੇ ਜਾਣਾ ਹੀ ਠੀਕ ਰਹੇਗਾ। ਇਸ ਨੂੰ ਦੁਸਰੇ ਕਿਨਾਰੇ ‘ਤੇ ਛੱਡ ਕੇ ਫਿਰ ਸ਼ੇਰ ਨੂੰ ਲੈ ਜਾਵਾਂਗਾ। ਫਿਰ ਸ਼ੇਰ ਨੂੰ ਉਥੇ ਛੱਡ ਕੇ... ਓਏ .ਏ...ਏ ਫਿਰ ਤਾਂ ਉਥੇ ਵੀ ਸ਼ੇਰ ਬੱਕਰੀ ਨੂੰ ਖਾਲਵੇਗਾ। ਜੇਕਰ ਘਾਹ ਲੈ ਕੇ ਜਾਵਾਂਗਾ ਤਾਂ ਜਦੋਂ ਮੈਂ ਸ਼ੇਰ ਨੂੰ ਲੈਣ ਆਵਾਂਗਾ ਤਾਂ ਬੱਕਰੀ ਘਾਹ ਖਾ ਜਾਵੇਗੀ।
ਕੀ ਕਰਾਂ ?
ਕਿਸਾਨ ਦੇ ਸਾਹਮਣੇ ਮੁੜ ਉਹੀ ਸਵਾਲ ਸਨ। ਵਿਚਾਰਾ ਪ੍ਰੇਸ਼ਾਨ ਹੋ ਗਿਆ। ਪਰ ਉਹ ਸੀ ਬੜਾ ਸਮਝਦਾਰ। ਸੋਚਦੇ-ਸੋਚਦੇ ਉਸਦੇ ਦਿਮਾਗ਼ ਵਿਚ ਇਕ ਤਰਕੀਬ ਆ ਹੀ ਗਈ।
ਕਿਸਾਨ ਸਭ ਤੋਂ ਪਹਿਲਾਂ ਬੱਕਰੀ ਨੂੰ ਲੈ ਕੇ ਚਲਾ ਗਿਆ ਤੇ ਉਹਨੂੰ ਦੂਸਰੇ ਕਿਨਾਰੇ 'ਤੇ ਛੱਡ ਆਇਆ। ਫਿਰ ਵਾਪਸ ਆ ਕੇ ਸ਼ੇਰ ਨੂੰ ਲੈ ਗਿਆ। ਸ਼ੇਰ ਨੂੰ ਉਥੇ ਛੱਡਿਆ ਤੇ ਬੱਕਰੀ ਨੂੰ ਵਾਪਸ ਲੈ ਆਇਆ।
ਫਿਰ ਬੱਕਰੀ ਨੂੰ ਇਸ ਕਿਨਾਰੇ ਛੱਡਿਆ ਤੇ ਘਾਹ ਵਾਲੀ ਪੰਡ ਲੈ ਗਿਆ।
ਘਾਹ ਸ਼ੇਰ ਕੋਲ ਛੱਡ ਕੇ ਵਾਪਸ ਆਇਆ ਤੇ ਬੱਕਰੀ ਨੂੰ ਲੈ ਗਿਆ।
ਇੰਜ ਉਹਨੇ ਬਿਨਾਂ ਕਿਸੇ ਨੁਕਸਾਨ ਦੇ ਨਦੀ ਪਾਰ ਕਰ ਲਈ ਅਤੇ ਖ਼ੁਸ਼ੀ-ਖੁਸ਼ੀ ਆਪਣੇ ਘਰ ਨੂੰ ਚੱਲ ਪਿਆ।
0 Comments