Punjabi Moral Story on "Range Hathi Fade Jana", "ਰੰਗੇ ਹੱਥੀਂ ਫੜੇ ਜਾਣਾ" for Kids and Students for Class 5, 6, 7, 8, 9, 10 in Punjabi Language.

ਰੰਗੇ ਹੱਥੀਂ ਫੜੇ ਜਾਣਾ 
Range Hathi Fade Jana



ਇਹ ਮੁਹਾਵਰਾ ਸਦੀਆਂ ਤੋਂ ਸੁਣਿਆ ਤੇ ਬੋਲਿਆ ਜਾ ਰਿਹਾ ਹੈ-ਰੰਗੇ ਹੱਥੀਂ ਫੜੇ ਜਾਣਾ।

ਆਖ਼ਿਰਕਾਰ ਇਹ ਮੁਹਾਵਰਾ ਕਦੋਂ ਅਤੇ ਕਿਵੇਂ ਬਣਿਆ ? ਸਾਡਾ ਖ਼ਿਆਲ ਹੈ ਕਿ ਇਸ ਘਟਨਾ ਤੋਂ ਬਾਅਦ ਹੀ ਇਹ ਬਣਿਆ ਹੋਵੇਗਾ-ਇਕ ਦਿਨ ਦਰਬਾਰ ਦੀ ਕਾਰਵਾਈ ਚੱਲ ਰਹੀ ਸੀ ਕਿ ਨਗਰ ਸੇਠ ਉਥੇ ਹਾਜ਼ਰ ਹੋਕੇ ਹਾਲ-ਦੁਹਾਈ ਮਚਾਉਣ ਲੱਗ ਪਿਆ-ਮਹਾਰਾਜ! ਮੈਂ ਮਰ ਗਿਆ.. ਬਰਬਾਦ ਹੋ ਗਿਆ...ਕੱਲ ਰਾਤ ਚੋਰ ਮੇਰੀ ਤਿਜੌਰੀ ਦਾ ਤਾਲਾ ਤੋੜ ਕੇ ਸਾਰਾ ਪੈਸਾ ਚੋਰੀ ਕਰਕੇ ਲੈ ਗਏ । ਹਾਏ...ਮੈਂ ਲੁਟਿਆ ਗਿਆ।

ਮਹਾਰਾਜ ਨੇ ਤੁਰੰਤ ਕੋਤਵਾਲ ਨੂੰ ਤਲਬ ਕੀਤਾ ਅਤੇ ਇਸ ਘਟਨਾ ਬਾਰੇ ਪੁੱਛਿਆ । ਕੋਤਵਾਲ ਨੇ ਦੱਸਿਆ-ਮਹਾਰਾਜ! ਅਸੀਂ ਕਾਰਵਾਈ ਕਰ ਰਹੇ ਹਾਂ ਪਰ ਚੋਰਾਂ ਦਾ ਕੋਈ ਸਬੂਤ ਨਹੀਂ ਲੱਭ ਰਿਹਾ ਹੈ।

ਜਿਵੇਂ ਵੀ ਹੋਵੇ, ਚੋਰ ਛੇਤੀ ਹੀ ਫੜੇ ਜਾਣੇ ਚਾਹੀਦੇ ਹਨ। ਮਹਾਰਾਜ ਨੇ ਕੋਤਵਾਲ ਨੂੰ ਹਿਦਾਇਤ ਦੇ ਕੇ ਸੇਠ ਨੂੰ ਆਖਿਆ-“ਸੇਠ ਜੀ ਤੁਸੀਂ ਨਿਸ਼ਚਿੰਤ ਰਹੋ.. ਚੋਰ ਛੇਤੀ ਹੀ ਫੜ ਲਏ ਜਾਣਗੇ। ਮਹਾਰਾਜ ਨੇ ਗੱਲ ਸੁਣ ਕੇ ਸੇਠ ਚਲਾ ਗਿਆ।

ਉਸੇ ਰਾਤ ਚੋਰਾਂ ਨੇ ਇਕ ਹੋਰ ਅਮੀਰ ਵਿਅਕਤੀ ਦੇ ਘਰ ਚੋਰੀ ਕਰ ਲਈ। ਪੁਲਿਸ ਦੀ ਲੱਖ ਮੁਸਤੈਦੀ ਦੇ ਬਾਅਦ ਵੀ ਚੋਰ ਫੜੇ ਨਾ ਜਾ ਸਕੇ । 

ਉਸ ਤੋਂ ਬਾਅਦ ਤਾਂ ਜਿਵੇਂ ਉਥੇ ਚੋਰੀਆਂ ਦਾ ਹੜ੍ਹ ਜਿਹਾ ਹੀ ਆ ਗਿਆ। ਕਦੀ ਚੋਰੀ ਹੋ ਜਾਂਦੀ, ਕਦੀ ਨਾ ਹੁੰਦੀ। ਸਾਰੀਆਂ ਚੋਰੀਆਂ ਅਮੀਰਾਂ ਦੇ ਘਰ ਹੀ ਹੁੰਦੀਆਂ ਰਹੀਆਂ ਸਨ। ਹਰ ਵਾਰ ਚੋਰ ਬਚ ਕੇ ਨਿਕਲ ਜਾਂਦੇ। ਸ਼ਿਕਾਇਤਾਂ ਸੁਣ-ਸੁਣ ਕੇ ਮਹਾਰਾਜ ਪਰੇਸ਼ਾਨ ਹੋ ਗਏ।

ਉਨ੍ਹਾਂ ਨੇ ਇਕ ਦਿਨ ਗੁੱਸੇ ਵਿਚ ਆਪਣੇ ਦਰਬਾਰੀਆਂ ਨੂੰ ਕਾਫ਼ੀ ਝਿੜਕਿਆ-“ਕੀ ਤੁਸੀਂ ਲੋਕ ਸਾਡੀ ਸ਼ਕਲ ਵੇਖਣ ਲਈ ਬੈਠੇ ਹੋ । ਕੀ ਕੋਈ ਵੀ ਦਰਬਾਰੀ ਚੋਰ ਨੂੰ ਫੜਨ ਦੀ ਯੋਜਨਾ ਨਹੀਂ ਬਣਾ ਸਕਦਾ ।

ਸਾਰੇ ਚੁੱਪ ਕਰਕੇ ਬੈਠੇ ਰਹੇ। ਕੀ ਕਰਨ ? ਜਦੋਂ ਕੋਤਵਾਲ ਵਰਗਾ ਅਨੁਭਵੀ ਵਿਅਕਤੀ ਚੋਰਾਂ ਨੂੰ ਨਾ ਫੜ ਸਕਿਆ ਤਾਂ ਕੋਈ ਦਰਬਾਰੀ ਭਲਾ ਕਿਵੇਂ ਫੜ ਸਕਦਾ ਸੀ।

ਪਰ ਤੇਨਾਲੀਰਾਮ ਨੂੰ ਇਹ ਗੱਲ ਚੰਗੀ ਨਾ ਲੱਗੀ।

ਉਸੇ ਦਿਨ ਤੇਨਾਲੀਰਾਮ ਸ਼ਹਿਰ ਦੇ ਪ੍ਰਮੁੱਖ ਸੁਨਿਆਰੇ ਦੀ ਦੁਕਾਨ 'ਤੇ ਗਿਆ। ਉਹਦੇ ਨਾਲ ਕੁਝ ਗੱਲਾਂ ਕੀਤੀਆਂ, ਫਿਰ ਆਪਣੇ ਘਰ ਆ ਗਿਆ।

ਅਗਲੇ ਹੀ ਦਿਨ ਸੁਣਿਆਰੇ ਵੱਲੋਂ ਇਕ ਪ੍ਰਦਰਸ਼ਨੀ ਦੀ ਮੁਨਾਦੀ ਕਰਵਾਈ ਗਈ ਜੀਹਦੇ ਵਿਚ ਉਹਨੇ ਸਭ ਤੋਂ ਕੀਮਤੀ ਗਹਿਣਿਆਂ ਅਤੇ ਹੀਰਿਆਂ ਨੂੰ ਪ੍ਰਦਰਸ਼ਿਤ ਕਰਨਾ ਸੀ। ਪ੍ਰਦਰਸ਼ਨੀ ਸ਼ੁਰੂ ਹੋ ਗਈ ਅਤੇ ਪ੍ਰਦਰਸ਼ਨੀ ਵੇਖਣ ਲਈ ਕਾਫ਼ੀ ਲੋਕ ਆਏ। ਇਕ ਤੋਂ ਵੱਧ ਕੇ ਇਕ ਕੀਮਤੀ ਹੀਰਾ ਅਤੇ ਹੀਰਿਆਂ ਦੇ ਗਹਿਣੇ ਪ੍ਰਦਰਸ਼ਨੀ ਵਿਚ ਲਾਏ ਗਏ ਸਨ। 

ਰਾਤ ਨੂੰ ਸੁਨਿਆਰੇ ਨੇ ਸਾਰੇ ਗਹਿਣੇ ਅਤੇ ਹੀਰੇ ਇਕ ਤਿਜੌਰੀ ਵਿਚ ਬੰਦ ਕਰਕੇ ਤਾਲਾ ਲਾ ਦਿੱਤਾ।

ਜਿਵੇਂ ਕਿ ਹੋਣਾ ਹੀ ਸੀ-ਰਾਤ ਨੂੰ ਚੋਰ ਆ ਗਏ । ਤਾਲਾ ਤੋੜ ਕੇ ਉਨਾਂ ਨੇ ਸਾਰੇ ਗਹਿਣੇ ਅਤੇ ਹੀਰੇ ਨਾਲ ਇਕ ਥੈਲੀ ਵੀ ਚੋਰੀ ਕਰਕੇ ਲੈ ਗਏ । ਇਧਰ ਚੋਰ ਦੁਕਾਨ ਤੋਂ ਬਾਹਰ ਨਿਕਲੇ, ਉਧਰ ਜੌਹਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਵੇਖਦਿਆਂ ਹੀ ਵੇਖਦਿਆਂ ਸੁੱਤੇ ਹੋਏ ਸਾਰੇ ਲੋਕ ਜਾਗ ਗਏ। ਚੋਰ ਮਾਲ ਇਧਰ-ਉਧਰ ਸੁੱਟ ਕੇ ਲੋਕਾਂ ਦੀ ਭੀੜ ਵਿਚ ਸ਼ਾਮਿਲ ਹੋ ਗਏ। ਪਰ ਏਨੇ ਚਿਰ ਨੂੰ ਸਿਪਾਹੀਆਂ ਦੀ ਟੁਕੜੀ ਦੇ ਨਾਲ ਤੇਨਾਲੀਰਾਮ ਉਥੇ ਪਹੁੰਚ ਗਏ। ਅਤੇ ਸਿਪਾਹੀਆਂ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ।

ਤੇਨਾਲੀਰਾਮ ਨੇ ਆਖਿਆ-“ਸਾਰਿਆਂ ਦੀ ਤਲਾਸ਼ੀ ਲੈਣ ਦੀ ਜ਼ਰੂਰਤ ਨਹੀਂ ਹੈ, ਜਿਨ੍ਹਾਂ ਦੇ ਹੱਥ ਅਤੇ ਕੱਪੜੇ ਰੰਗੇ ਹੋਏ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ, ਉਹੀ ਚੋਰ ਹਨ।

ਇਸ ਤਰ੍ਹਾਂ ਚੋਰ ਫੜ ਲਏ ਗਏ। ਅਗਲੇ ਦਿਨ ਉਨ੍ਹਾਂ ਨੂੰ ਦਰਬਾਰ ਵਿਚ ਪੇਸ਼ ਕੀਤਾ ਗਿਆ। ਮਹਾਰਾਜ ਨੇ ਵੇਖਿਆ ਕਿ ਚੋਰਾਂ ਦੇ ਹੱਥ ਅਤੇ ਕੱਪੜੇ ਲਾਲ ਰੰਗ ਨਾਲ ਰੰਗੇ ਹੋਏ ਹਨ।

‘ਤੇਨਾਲੀਰਾਮ ! ਇਨ੍ਹਾਂ ਦੇ ਹੱਥਾਂ ਅਤੇ ਕੱਪੜਿਆਂ ਉੱਤੇ ਇਹ ਲਾਲ ਰੰਗ ਕਿੱਦਾਂ ਲੱਗਾ ਏ।''

“ਮਹਾਰਾਜ! ਤਿਜੌਰੀ ਵਿਚ ਮਾਲ ਰੱਖਣ ਤੋਂ ਪਹਿਲਾਂ ਉਹਨੂੰ ਲਾਲ ਰੰਗ ਨਾਲ ਰੰਗਿਆ ਗਿਆ ਸੀ। ਇਸੇ ਕਾਰਨ ਇਨ੍ਹਾਂ ਦੇ ਹੱਥ ਅਤੇ ਕੱਪੜਿਆਂ ਨੂੰ ਲਾਲ ਰੰਗ ਲੱਗ ਗਿਆ ਸੀ। ਇਸੇ ਨੂੰ ਕਹਿੰਦੇ ਹਨ ਚੋਰੀ ਕਰਦਿਆਂ ਰੰਗੇ ਹੱਥੀਂ ਫੜੇ ਜਾਣਾ।

“ਵਾਹ ! ਮਹਾਰਾਜ ਤੇਨਾਲੀਰਾਮ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਾ ਰਹਿ ਸਕੇ , ਫਿਰ ਉਨ੍ਹਾਂ ਨੇ ਚੋਰਾਂ ਨੂੰ ਸਾਰੀ ਉਮਰ ਲਈ ਜੇਲ੍ਹ ਵਿਚ ਸੁੱਟ ਦੇਣ ਦੀ ਸਜ਼ਾ ਸੁਣਾਈ ਤਾਂ ਜੋ ਉਹ ਸਾਰੀ ਉਮਰ ਚੋਰੀ ਨਾ ਕਰ ਸਕਣ।


Post a Comment

0 Comments