ਕੰਜੂਸ ਅਤੇ ਸੋਨਾ
Kanjoos ate Sona
ਕਿਸੇ ਨਗਰ ਵਿਚ ਇਕ ਅਮੀਰ ਵਿਅਕਤੀ ਰਹਿੰਦਾ ਸੀ। ਉਹਦੇ ਕੋਲ ਬੇਸ਼ੁਮਾਰ ਧਨ-ਦੌਲਤ ਸੀ। ਪਰ ਉਹ ਬੇਹੱਦ ਕੰਜੂਸ ਵਿਅਕਤੀ ਸੀ। ਪਦਾਰਥਾਂ ਵਿਚੋਂ ਸਭ ਤੋਂ ਕੀਮਤੀ ਚੀਜ਼ ਸੋਨਾ ਤਾਂ ਉਹਨੂੰ ਬਹੁਤ ਹੀ ਪਿਆਰਾ ਸੀ। ਸੋਨੇ ਦੀ ਇਹ ਭੁੱਖ ਉਹਦੇ ਵਿਚ ਏਨੀ ਵਧ ਗਈ ਕਿ ਉਹਨੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਸੋਨੇ ਦੇ ਬਿਸਕੁਟ ਖ਼ਰੀਦ ਲਏ। ਉਹਨੇ ਸੋਨੇ ਦੇ ਬਿਸਕੁਟਾਂ ਨੂੰ ਪਿਘਲਾ ਕੇ ਸੋਨੇ ਦੀ ਇਕ ਵੱਡੀ ਇੱਟ ਤਿਆਰ ਕਰਵਾ ਲਈ। ਇਸ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਉਹਨੇ ਉਹ ਇੱਟ ਜ਼ਮੀਨ ਵਿਚ ਦੱਬ ਦਿੱਤੀ। ਕੁਝ ਦਿਨਾਂ ਬਾਅਦ ਉਹੀ ਵਿਅਕਤੀ ਉਸ ਇੱਟ ਬਾਰੇ ਸੋਚ-ਸੋਚ ਕੇ ਬਹੁਤ ਹੀ ਪ੍ਰੇਸ਼ਾਨ ਰਹਿਣ ਲੱਗ ਪਿਆ। ਉਹ ਪ੍ਰਤੀਦਿਨ ਉਥੇ ਜਾਂਦਾ, ਜਿਥੇ ਇੱਟ ਦੱਬੀ ਹੋਈ ਸੀ। ਉਹ ਉਸ ਜਗ੍ਹਾ ਨੂੰ ਪੁੱਟਦਾ ਅਤੇ ਆਪਣੀਆਂ ਅੱਖਾਂ ਨਾਲ ਸੋਨੇ ਦੀ ਇੱਟ ਵੇਖਣ ਤੋਂ ਬਾਅਦ ਵਾਪਸ ਘਰ ਆ ਜਾਂਦਾ। ਉਹ ਦਿਨ-ਰਾਤ ਸਿਰਫ਼ ਸੋਨੇ ਬਾਰੇ ਹੀ ਸੋਚਦਾ ਰਹਿੰਦਾ। ਇਸ ਸੋਨੇ ਦੇ ਚੱਕਰ ਵਿਚ ਉਹ ਆਪਣੀ ਘਰਵਾਲੀ, ਬੱਚਿਆਂ ਅਤੇ ਇਥੋਂ ਤਕ ਕਿ ਆਪਣਾ ਆਪ ਵੀ ਭੁੱਲ ਬੈਠਾ ਸੀ।
ਉਹਦਾ ਨਿੱਤ ਦਿਨ ਉਸ ਜਗਾ 'ਤੇ ਜਾਣਾ ਅਤੇ ਮਿੱਟੀ ਪੁੱਟ ਕੇ ਸੋਨੇ ਦੀ ਇੱਟ ਵੇਖਣਾ ਕਈ ਲੋਕਾਂ ਦੇ ਮਨ ਵਿਚ ਸ਼ੱਕ ਪੈਦਾ ਕਰਨ ਲੱਗ ਪਿਆ। ਉਨ੍ਹਾਂ 'ਚੋਂ ਇਕ ਚੋਰ ਵੀ ਸੀ। ਇਕ ਦਿਨ ਉਹ ਇਕ ਦਰਖ਼ਤ ਉਪਰ ਲੁਕ ਕੇ ਬਹਿ ਗਿਆ ਅਤੇ ਉਸ ਵਿਅਕਤੀ ਨੂੰ ਉਡੀਕਣ ਲੱਗਾ। ਉਹਨੇ ਚਾਰੇ ਪਾਸੇ ਧਿਆਨ ਨਾਲ ਤੱਕਿਆ ਅਤੇ ਫਿਰ ਮਿੱਟੀ ਪੁੱਟਣ ਲੱਗ ਪਿਆ। ਜਦੋਂ ਕਾਫ਼ੀ ਡੂੰਘਾ ਟੋਆ ਪੁੱਟਿਆ ਗਿਆ ਤਾਂ ਉਸ ਕੰਜੂਸ ਨੇ ਅੰਦਰ ਝਾਕ ਕੇ ਵੇਖਿਆ ਅਤੇ ਫਿਰ ਸੰਤੁਸ਼ਟ ਹੋ ਕੇ ਉਹਨੇ ਉਸ ਟੋਏ ਵਿਚ ਮਿੱਟੀ ਪਾ ਦਿੱਤੀ ਅਤੇ ਆਪਣੇ ਘਰ ਵਾਪਸ ਤੁਰ ਪਿਆ।
ਉਸ ਅਮੀਰ ਕੰਜੂਸ ਦੇ ਚਲੇ ਜਾਣ ਤੋਂ ਬਾਅਦ ਚੋਰ ਦਰਖ਼ਤ ਤੋਂ ਹੇਠਾਂ ਉਤਰਿਆ। ਉਹਨੇ ਉਸੇ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਤਸੁਕਤਾ ਨਾਲ ਟੋਏ ਵਿਚ ਵੇਖਣ ਲੱਗ ਪਿਆ। ਉਥੇ ਸੋਨੇ ਦੀ ਇੱਟ ਪਈ ਵੇਖ ਕੇ ਚੋਰ ਹੈਰਾਨ ਰਹਿ ਗਿਆ। ਉਹਨੇ ਛੇਤੀ-ਛੇਤੀ ਜ਼ਮੀਨ ਵਿਚ ਦੱਬੀ ਸੋਨੇ ਦੀ ਇੱਟ ਬਾਹਰ ਕੱਢੀ ਅਤੇ ਲੈ ਕੇ ਰਫੂ ਚੱਕਰ ਹੋ ਗਿਆ। ਅਗਲੇ ਦਿਨ ਆਪਣੀ ਆਦਤ ਅਨੁਸਾਰ ਕੰਜੂਸ ਵਿਅਕਤੀ ਉਸੇ ਥਾਂ 'ਤੇ ਪਹੁੰਚਿਆ ਅਤੇ ਉਹ ਮਿੱਟੀ ਪੁੱਟਣ ਲੱਗ ਪਿਆ। ਪਰ ਅੱਜ ਉਸ ਥਾਂ 'ਤੇ ਸੋਨੇ ਦੀ ਇੱਟ ਨਹੀਂ ਸੀ। ਉਹ ਹੈਰਾਨ ਰਹਿ ਗਿਆ। ਉਹਨੇ ਜਿਥੇ ਇੱਟ ਦੱਬੀ ਸੀ, ਉਸ ਥਾਂ ਨੂੰ ਚੰਗੀ ਤਰ੍ਹਾਂ ਪੁੱਟਿਆ। ਪਰ ਉਹਦੇ ਹੱਥ ਕੁਝ ਨਾ ਲੱਗਾ। ਬਹੁਤ ਦੇਰ ਬਾਅਦ ਉਹਦੀ ਸਮਝ ਵਿਚ ਆਇਆ ਕਿ ਸੋਨੇ ਦੀ ਇੱਟ ਕੋਈ ਚੋਰੀ ਕਰਕੇ ਲੈ ਗਿਆ ਹੈ। ਉਹਦੀ ਮਾਨਸਿਕ ਸਥਿਤੀ ਵਿਗੜ ਗਈ। ਉਹ ਆਪਣੇ ਕੱਪੜੇ ਪਾੜ-ਪਾੜ ਕੇ ਚੀਕਣ ਲੱਗ ਪਿਆ।
ਉਹਦਾ ਰੋਣਾ ਵੇਖ ਕੇ ਉਹਦਾ ਇਕ ਗੁਆਂਢੀ ਬੋਲਿਆ-"ਕਿਉਂ ਚੀਕਦਾ ਪਿਆ ਏਂ, ਤੇਰੇ ਕੋਲ ਜਿਹੜਾ ਧੰਨ ਸੀ, ਉਹ ਕਿਸੇ ਕੰਮ ਦਾ ਨਹੀਂ ਸੀ। ਤੂੰ ਸਿਰਫ਼ ਇਹ ਕਲਪਨਾ ਕਰਦਾ ਸੈਂ ਕਿ ਤੂੰ ਬਹੁਤ ਅਮੀਰ ਏ ਤੇ ਹੁਣ ਵੀ ਇਹੋ ਹੀ ਸੋਚ ਕਿ ਤੂੰ ਬਹੁਤ ਅਮੀਰ ਏ ਜਿਥੇ ਸੋਨਾ ਦੱਬਿਆ ਸੀ, ਉਥੇ ਇਕ ਪੱਥਰ ਰੱਖ ਆ ਅਤੇ ਸੋਚਦਾ ਰਹਿ ਕਿ ਸੋਨਾ ਪਿਆ ਹੋਇਆ ਹੈ।
ਸੋਨਾ ਮਿੱਟੀ ਚ ਦੱਬਿਆ ਹੋਇਆ ਕਿਸੇ ਵੀ ਕੰਮ ਦਾ ਨਹੀਂ ਸੀ ਤੇ ਨਾ ਹੀ ਕਿਸੇ ਦੇ ਕੰਮ ਆ ਰਿਹਾ ਸੀ। ਉਹ ਸੋਨਾ ਬਿਲਕੁਲ ਪੱਥਰ ਵਰਗਾ ਹੀ ਸੀ। ਤੂੰ ਪੈਸਾ ਸਿਰਫ਼ ਵੇਖਣ ਵਾਸਤੇ ਰੱਖਿਆ ਸੀ। ਜਾ, ਘਰ ਜਾ ਕੇ ਹੁਣ ਘਰਵਾਲੀ ਤੇ ਬੱਚਿਆਂ ਦੀ ਦੇਖਭਾਲ ਕਰ। ਉਹ ਸੋਨੇ ਨਾਲੋਂ ਜ਼ਿਆਦਾ ਮੁੱਲਵਾਨ ਹਨ।
0 Comments