ਨਿਰਦਈ ਕੋਲੋਂ ਤਰਸ ਦੀ ਉਮੀਦ ਨਾ ਕਰਿਓ
Nirdai Kolo Dharam di Umeed na Karo
ਇਕ ਯਾਤਰੀ ਕਿਸੇ ਪਿੰਡ ਦੀ ਸੜਕ ਤੋਂ ਲੰਘ ਰਿਹਾ ਸੀ। ਕੜਾਕੇ ਦੀ ਠੰਡ ਪੈ ਰਹੀ ਸੀ। ਯਾਤਰੀ ਨੇ ਅਚਾਨਕ ਰਸਤੇ ਵਿਚਲੀਆਂ ਝਾੜੀਆਂ ਦੇ ਹੋਠਾਂ ਇਕ ਸੱਪ ਠੰਡ ਵਿਚ ਠਰਦਾ ਹੋਇਆ ਤੱਕਿਆ। ਉਸਦਾ ਸਾਰਾ ਸਰੀਰ ਠੰਡ ਕਰਕੇ ਸੰਗੜਿਆ ਹੋਇਆ ਸੀ ਅਤੇ ਉਹ ਕਰੀਬ-ਕਰੀਬ ਮਰਨ ਵਾਲਾ ਹੀ ਸੀ।
ਯਾਤਰੀ ਦਇਆਵਾਨ ਸੀ। ਉਹਨੇ ਸੱਪ ਨੂੰ ਚੁੱਕ ਕੇ ਆਪਣੀ ਕਮੀਜ਼ ਦੀ ਜੇਬ ਵਿਚ ਰੱਖ ਲਿਆ ਤਾਂ ਕਿ ਉਹਦੇ ਸਰੀਰ ਦੀ ਗਰਮੀ ਨਾਲ ਸੱਪ ਦਾ ਸਰੀਰ ਗਰਮ ਹੋ ਜਾਵੇ ਅਤੇ ਉਹਨੂੰ ਨਵਾਂ ਜੀਵਨ ਮਿਲ ਸਕੇ।
ਕੁਝ ਦੇਰ ਤਕ ਤਾਂ ਸੱਪ ਕਮੀਜ਼ ਦੀ ਜੇਬ 'ਚ ਬਿਨਾਂ ਹਿੱਲਿਆਂ ਪਿਆ ਰਿਹਾ| ਪਰ ਹੌਲੀ-ਹੌਲੀ ਉਸ ਯਾਤਰੀ ਦੇ ਸਰੀਰ ਦੀ ਗਰਮੀ ਨਾਲ ਗਰਮ ਹੋ ਕੇ ਉਹ ਚੇਤੰਨ ਹੋ ਗਿਆ ਅਤੇ ਛੇਤੀ ਹੀ ਆਪਣੇ ਅਸਲੀ ਰੂਪ ਵਿਚ ਆ ਗਿਆ।
ਸੱਪ ਹੌਲੀ-ਹੌਲੀ ਕਮੀਜ਼ ਦੀ ਜੇਬ ਵਿਚੋਂ ਹੋ ਕੇ ਯਾਤਰੀ ਦੇ ਸਰੀਰ ਦੇ ਉਪਰ ਵਾਲੇ ਹਿੱਸੇ ਵੱਲ ਸਰਕਣ ਲੱਗ ਪਿਆ ਅਤੇ ਇਸ ਤੋਂ ਪਹਿਲਾਂ ਕਿ ਯਾਤਰੀ ਕੁਝ ਸਮਝ ਸਕਦਾ, ਸੱਪ ਨੇ ਯਾਤਰੀ ਦੀ ਛਾਤੀ ਵਿਚ ਆਪਣੇ ਜ਼ਹਿਰੀਲੇ ਦੰਦ ਮਾਰ ਦਿੱਤੇ।
ਯਾਤਰੀ ਚੀਕਣ ਲੱਗ ਪਿਆ-ਆਹ ! ਬੇਰਹਿਮ ਸੱਪ, ਕੀ ਮੇਰੀ ਸ਼ਰਾਫ਼ਤ ਦਾ ਇਹੋ ਤੋਹਫ਼ਾ ਹੈ? ਕੀ ਮੈਂ ਇਸੇ ਲਾਇਕ ਸਾਂ? ਤੂੰ ਵੀ ਉਨ੍ਹਾਂ ਮਤਲਬੀ ਪ੍ਰਾਣੀਆਂ ਵਿਚੋਂ ਏਂ, ਜਿਨ੍ਹਾਂ ਨਾਲ ਸਾਰੀ ਦੁਨੀਆ ਭਰੀ ਪਈ ਏ ਅਤੇ ਮੈਂ ਉਨ੍ਹਾਂ ਸਿੱਧੇ-ਸਾਦੇ ਲੋਕਾਂ ਵਿਚੋਂ ਹਾਂ, ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਭਲਾਈ ਦੇ ਕੰਮਾਂ ਕਰਕੇ ਇੰਜ ਆਪਣੀ ਜਾਨ ਗੁਆਉਣੀ ਪੈਂਦੀ ਹੈ।
ਸਿੱਟਾ : ਨਿਰਦਈ ਕੋਲੋਂ ਤਰਸ ਦੀ ਉਮੀਦ ਨਾ ਕਰਿਓ ।
0 Comments