ਨੇਕੀ ਦੇ ਬਦਲੇ ਨੇਕੀ
Neki de Badle Neki
ਇਕ ਮਧੂਮੱਖੀ ਸੀ। ਇਕ ਵਾਰ ਉਹ ਉੱਡਦੀ ਹੋਈ ਤਲਾਬ ਦੇ ਉਪਰੋਂ ਲੰਘ ਰਹੀ ਸੀ। ਅਚਾਨਕ ਉਹ ਤਲਾਬ ਦੇ ਪਾਣੀ ਵਿਚ ਡਿੱਗ ਪਈ। ਉਸਦੇ ਖੰਭ ਗਿੱਲੇ ਹੋ ਗਏ ਤੇ ਉਹ ਗਿੱਲੇ ਖੰਭਾਂ ਨਾਲ ਉੱਡ ਨਹੀਂ ਸੀ ਸਕਦੀ।
ਉਸਦੀ ਮੌਤ ਨਿਸ਼ਚਿਤ ਸੀ।
ਤਲਾਬ ਦੇ ਕੋਲ ਦਰਖ਼ਤ ’ਤੇ ਇਕ ਕਬੂਤਰ ਬੈਠਾ ਸੀ। ਉਸਨੇ ਮਧੂਮੱਖੀ ਨੂੰ ਪਾਣੀ ਵਿਚ ਡੁੱਬਦਿਆਂ ਵੇਖਿਆ। ਕਬੂਤਰ ਨੇ ਦਰਖ਼ਤ ਤੋਂ ਇਕ ਪੱਤਾ ਤੋੜਿਆ ਤੇ ਪੱਤੇ ਨੂੰ ਆਪਣੀ ਚੁੰਝ ਨਾਲ ਮਰੋੜ ਕੇ ਤਲਾਬ ਵਿਚ ਮਧੂਮੱਖੀ ਕੋਲ ਸੁੱਟ ਦਿੱਤਾ। ਮਧੂਮੱਖੀ ਹੌਲੀ-ਹੌਲੀ ਉਸ ਪਤੇ ਉਪਰ ਚੜ੍ਹ ਗਈ ।
ਥੋੜ੍ਹੀ ਦੇਰ ਬਾਅਦ ਉਹਦੇ ਖੰਭ ਸੁੱਕ ਗਏ ਤੇ ਉਹ ਕਬੂਤਰ ਦਾ ਧੰਨਵਾਦ ਕਰਕੇ ਉੱਡ ਕੇ ਦੂਰ ਚਲੀ ਗਈ।
ਕੁਝ ਦਿਨ ਬਾਅਦ ਕਬੂਤਰ ’ਤੇ ਇਕ ਸੰਕਟ ਆਇਆ। ਉਹ ਇਕ ਦਰਖ਼ਤ ਦੀ ਟਾਹਣੀ 'ਤੇ ਅੱਖਾਂ ਬੰਦ ਕਰਕੇ ਸੁੱਤਾ ਹੋਇਆ ਸੀ। ਉਸ ਸਮੇਂ ਸ਼ਿਕਾਰੀ ਨੇ ਤੀਰ ਕਮਾਨ ਨਾਲ ਉਸ ’ਤੇ ਨਿਸ਼ਾਨਾ ਸੇਧਿਆ।
ਕਬੂਤਰ ਉਸ ਖ਼ਤਰੇ ਤੋਂ ਅਣਜਾਣ ਸੀ। ਪਰ ਮਧੂਮੱਖੀ ਨੇ ਸ਼ਿਕਾਰੀ ਨੂੰ ਨਿਸ਼ਾਨਾ ਲਾਉਂਦਿਆਂ ਵੇਖ ਲਿਆ ਸੀ। ਉਹ ਤੁਰੰਤ ਸ਼ਿਕਾਰੀ ਦੇ ਕੋਲ ਪਹੁੰਚੀ। ਅਤੇ ਉਸਦੇ ਹੱਥ ’ਤੇ ਡੰਗ ਮਾਰ ਦਿੱਤਾ। ਸ਼ਿਕਾਰੀ ਦਰਦ ਨਾਲ ਚੀਕਣ ਲੱਗ ਪਿਆ। ਉਸਦੀ ਚੀਕ ਸੁਣ ਕੇ ਕਬੂਤਰ ਦੀ ਨੀਂਦ ਖੁੱਲ੍ਹ ਗਈ। ਉਸਨੇ ਮਧੂਮੱਖੀ ਦਾ ਧੰਨਵਾਦ ਕੀਤਾ।
ਨੇਕੀ ਦੇ ਬਦਲੇ ਨੇਕੀ ਜ਼ਰੂਰ ਮਿਲਦੀ ਹੈ, ਭਾਵੇਂ ਕੁਝ ਦੇਰ ਬਾਅਦ ਹੀ ਕਿਉਂ ਨਾ ਮਿਲੇ।
0 Comments