ਨੇਕੀ ਬਦਲੇ ਨੇਕੀ
Neki Badle Neki
ਇਕ ਮਧੂਮੱਖੀ ਸੀ। ਇਕ ਵਾਰ ਉਹ ਉੱਡਦੀ ਹੋਈ ਤਲਾਬ ਦੇ ਉਪਰ ਲੰਘ ਰਹੀ ਸੀ। ਅਚਾਨਕ ਉਹ ਤਲਾਬ ਦੇ ਪਾਣੀ ਵਿਚ ਡਿੱਗ ਪਈ। ਉਹਦੇ ਖੰਭ ਗਿੱਲੇ ਹੋ ਗਏ। ਹੁਣ ਉਹ ਉੱਡ ਨਹੀਂ ਸੀ ਸਕਦੀ। ਉਹਦੀ ਮੌਤ ਨਿਸ਼ਚਿਤ ਸੀ।
ਤਲਾਬ ਦੇ ਕੰਢੇ ਦਰਖ਼ਤ ’ਤੇ ਇਕ ਕਬੂਤਰ ਬੈਠਾ ਸੀ। ਉਹਨੇ ਮਧੂਮੱਖੀ ਨੂੰ ਪਾਣੀ 'ਚ ਡੁੱਬਦਿਆਂ ਵੇਖ ਲਿਆ। ਕਬੂਤਰ ਨੇ ਦਰਖ਼ਤ ਉੱਤੋਂ ਇਕ ਪੱਤਾ ਤੋੜਿਆ। ਉਹਨੇ ਪੱਤਾ ਆਪਣੀ ਚੁੰਝ ਵਿਚ ਫਸਾ ਕੇ ਤਲਾਬ ਵਿਚ ਡੁੱਬ ਰਹੀ ਮਧੂਮੱਖੀ ਦੇ ਨੇੜੇ ਸੁੱਟ ਦਿੱਤਾ। ਹੌਲੀ-ਹੌਲੀ ਮਧੁਮੱਖੀ ਉਸ ਪੱਤੇ ਉਪਰ ਚੜ੍ਹ ਗਈ।
ਥੋੜੀ ਦੇਰ ਵਿਚ ਉਹਦੇ ਖੰਭ ਸੁੱਕ ਗਏ । ਉਹਨੇ ਕਬੂਤਰ ਦਾ ਧੰਨਵਾਦ ਕੀਤਾ। ਫਿਰ ਉਹ ਉੱਡ ਕੇ ਦੂਰ ਚਲੀ ਗਈ।
ਕੁਝ ਦਿਨਾਂ ਬਾਅਦ ਕਬੁਤਰ ਇਕ ਮੁਸੀਬਤ ਵਿਚ ਫਸ ਗਿਆ। ਉਹ ਇਕ ਦਰਖ਼ਤ ਦੀ ਟਾਹਣੀ ’ਤੇ ਅੱਖਾਂ ਬੰਦ ਕਰਕੇ ਸੁੱਤਾ ਹੋਇਆ ਸੀ। ਤਦ ਇਕ ਸ਼ਿਕਾਰੀ ਨੇ ਤੀਰ ਕਮਾਨ ਨਾਲ ਉਹਦੇ ’ਤੇ ਨਿਸ਼ਾਨਾ ਲਾਇਆ।
ਕਬੂਤਰ ਇਸ ਖ਼ਤਰੇ ਤੋਂ ਅਣਜਾਣ ਸੀ। ਪਰ ਮਧੁਮੱਖੀ ਨੇ ਸ਼ਿਕਾਰੀ ਨੂੰ ਨਿਸ਼ਾਨਾ ਲਾਉਂਦਿਆਂ ਵੇਖ ਲਿਆ ਸੀ। ਉਹ ਉੱਡ ਕੇ ਸ਼ਿਕਾਰੀ ਦੇ ਕੋਲ ਗਈ। ਉਹਨੇ ਉਹਦੇ ਹੱਥ ’ਤੇ ਡੰਗ ਮਾਰ ਦਿੱਤਾ। ਸ਼ਿਕਾਰੀ ਦਰਦ ਨਾਲ ਕਰਾਹੁਣ ਲੱਗਾ। ਉਹਦੀ ਚੀਖ ਸੁਣ ਕੇ ਕਬੂਤਰ ਜਾਗ ਗਿਆ। ਉਹਨੇ ਮਧੂਮੱਖੀ ਦਾ ਧੰਨਵਾਦ ਕੀਤਾ।
0 Comments