ਮਤਲਬੀ ਦੋਸਤ ਕਿਸ ਕੰਮ ਦੇ
Matlabi Dost Kis Kam De
ਇਕ ਖ਼ਰਗੋਸ਼ ਸੀ। ਉਹਦੇ ਕਈ ਦੋਸਤ ਸਨ। ਘੋੜਾ, ਬਲਦ, ਬੱਕਰਾ,ਭੇਡ ਆਦਿ। ਪਰ ਉਹਦੀ ਦੋਸਤੀ ਕਿੰਨੀ ਸੱਚੀ ਹੈ , ਇਹ ਪਰਖਣ ਦਾ ਉਹਨੂੰ ਅਜੇ ਤਕ ਮੌਕਾ ਨਹੀਂ ਸੀ ਮਿਲਿਆ।
ਇਕ ਦਿਨ ਉਹਨੂੰ ਇਹ ਮੌਕਾ ਉਦੋਂ ਮਿਲਿਆ, ਜਦੋਂ ਉਹ ਖ਼ੁਦ ਮੁਸੀਬਤ ਵਿਚ ਫਸ ਗਿਆ। ਉਸ ਦਿਨ ਕੁਝ ਸ਼ਿਕਾਰੀ ਕੁੱਤੇ ਉਹਦੇ ਮਗਰ ਪੈ ਗਏ । ਇਹ ਵੇਖ ਕੇ ਖ਼ਰਗੋਸ਼ ਜਾਨ ਬਚਾਉਣ ਲਈ ਅੱਗੇ ਲੰਗ ਕੇ ਦੌੜ ਪਿਆ। ਭੱਜਦੇ ਵਕਤ ਉਹਦਾ ਸਾਹ ਫੁੱਲਣ ਲੱਗ ਪਿਆ। ਉਹ ਥੱਕ ਗਿਆ ਸੀ। ਜਦੋਂ ਹੋਰ ਜ਼ਿਆਦਾ ਨਾ ਦੌੜਿਆ ਗਿਆ ਤਾਂ ਕੁੱਤਿਆਂ ਤੋਂ ਬਚ ਕੇ ਉਹ ਝਾੜੀਆਂ ਵਿਚ ਵੜ ਗਿਆ ਅਤੇ ਉਥੇ ਹੀ ਲੁਕ ਕੇ ਬਹਿ ਗਿਆ । ਪਰ ਉਹਨੂੰ ਇਹ ਡਰ ਸਤਾ ਰਿਹਾ ਸੀ ਕਿ ਕੱਤੇ ਕਿਸੇ ਵੀ ਪਲ ਉਥੇ ਆ ਜਾਣਗੇ ਅਤੇ ਸੁੰਘਦੇ-ਸੁੰਘਦੇ ਉਹਨੂੰ ਲੱਭ ਲੈਣਗੇ।
ਉਹ ਸਮਝ ਗਿਆ ਕਿ ਜੇਕਰ ਸਮੇਂ ਸਿਰ ਉਹਦਾ ਕੋਈ ਦੋਸਤ ਨਾ ਪਹੁੰਚ ਸਕਿਆ ਤਾਂ ਉਹਦੀ ਮੌਤ ਪੱਕੀ ਹੈ । ਉਹ ਆਪਣੇ ਦੋਸਤਾਂ ਨੂੰ ਯਾਦ ਕਰਨ ਲੱਗਾ। ਜੇਕਰ ਘੋੜਾ ਆ ਗਿਆ ਤਾਂ ਉਹ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਦੌੜੇਗਾ। ਜੇਕਰ ਬਲਦ ਆ ਗਿਆ ਤਾਂ ਆਪਣੇ ਤਿੱਖੇ ਸਿੰਗਾਂ ਨਾਲ ਇਨਾਂ ਕੁੱਤਿਆਂ ਦੇ ਢਿੱਡ ਪਾੜ ਦੇਵੇਗਾ । ਜੇਕਰ ਭੇਡ ਆ ਗਈ ਤਾਂ ਉਹ ਟੱਕਰਾਂ ਮਾਰ-ਮਾਰ ਕੇ ਇਨ੍ਹਾਂ ਦੀ ਅਕਲ ਟਿਕਾਣੇ ਲਿਆ ਦੇਵੇਗੀ।
ਏਨੇ ਨੂੰ ਉਹਦੀ ਨਜ਼ਰ ਆਪਣੇ ਦੋਸਤ ਘੋੜੇ 'ਤੇ ਪਈ। ਉਹ ਦੌੜਦਾ ਹੋਇਆ ਉਧਰ ਹੀ ਆ ਰਿਹਾ ਸੀ।
ਖਰਗੋਸ਼ ਨੇ ਘੋੜੇ ਨੂੰ ਰੋਕਿਆ ਅਤੇ ਆਖਿਆ-“ਘੋੜੇ ਭਰਾ, ਕੁਝ ਸ਼ਿਕਾਰੀ ਕੁੱਤੇ ਮੇਰੇ ਮਗਰ ਪਏ ਹੋਏ ਹਨ। ਤੂੰ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਕਿਤੇ ਦੂਰ ਲੈ ਚੱਲ ਨਹੀਂ ਤਾਂ ਇਹ ਸ਼ਿਕਾਰੀ ਕੁੱਤੇ ਮੈਨੂੰ ਮਾਰ ਦੇਣਗੇ।”
ਘੋੜੇ ਨੇ ਆਖਿਆ-ਭਰਾਵਾ, ਮੈਂ ਤੇਰੀ ਮਦਦ ਜ਼ਰੂਰ ਕਰਦਾ, ਪਰ ਇਸ ਵਕਤ ਮੈਂ ਬਹੁਤ ਜਲਦੀ ਵਿਚ ਹਾਂ। ਔਹ ਵੇਖ, ਤੇਰਾ ਦੋਸਤ ਬਲਦ ਵੀ ਇਧਰ ਹੀ ਆ ਰਿਹਾ ਹੈ। ਤੂੰ ਉਹਨੂੰ ਕਹਿ, ਉਹ ਜ਼ਰੂਰ ਤੇਰੀ ਮਦਦ ਕਰੇਗਾ।'' ਏਨਾ ਕਹਿ ਕੇ ਘੋੜਾ ਦੌੜਦਾ ਹੋਇਆ ਚਲਾ ਗਿਆ।
ਖਰਗੋਸ਼ ਨੇ ਬਲਦ ਨੂੰ ਬੇਨਤੀ ਕੀਤੀ-ਬਲਦ ਦਾਦਾ, ਕੁਝ ਸ਼ਿਕਾਰੀ ਕੁੱਤੇ ਮੇਰਾ ਪਿੱਛਾ ਕਰ ਰਹੇ ਹਨ। ਕਿਰਪਾ ਕਰਕੇ ਤੁਸੀਂ ਮੈਨੂੰ ਆਪਣੀ ਪਿੱਠ 'ਤੇ ਬਿਠਾ ਲਉ ਅਤੇ ਕਿਤੇ ਦੂਰ ਲੈ ਚੱਲੋ, ਨਹੀਂ ਤਾਂ ਕੁੱਤੇ ਮੈਨੂੰ ਮਾਰ ਸੱਟਣਗੇ।
“ਖ਼ਰਗੋਸ਼ ਭਰਾ ! ਮੈਂ ਤੇਰੀ ਮਦਦ ਜ਼ਰੂਰ ਕਰਦਾ ਪਰ ਇਸ ਵਕਤ ਮੇਰੇ ਕੁਝ ਦੋਸਤ ਬੜੀ ਬੇਚੈਨੀ ਨਾਲ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ, ਇਸ ਲਈ ਮੈਂ ਉਥੇ ਜਾਣਾ ਹੈ। ਔਹ ਵੇਖ, ਤੇਰਾ ਮਿੱਤਰ ਬੱਕਰਾ ਇਧਰ ਹੀ ਆ ਰਿਹਾ ਹੈ। ਉਹਨੂੰ ਕਹਿ, ਉਹ ਜ਼ਰੂਰ ਤੇਰੀ ਮਦਦ ਕਰੇਗਾ।’’ ਏਨਾ ਕਹਿ ਕੇ ਬਲਦ ਵੀ ਚਲਾ ਗਿਆ।
ਖ਼ਰਗੋਸ਼ ਨੇ ਬੱਕਰੇ ਨੂੰ ਬੇਨਤੀ ਕੀਤੀ-ਬੱਕਰੇ ਚਾਚਾ, ਕੁਝ ਸ਼ਿਕਾਰੀ ਕੁੱਤੇ ਮੇਰਾ ਪਿੱਛਾ ਕਰ ਰਹੇ ਹਨ। ਤੂੰ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਕਿਤੇ ਦੂਰ ਲੈ ਚੱਲ, ਮੇਰੀ ਜਾਨ ਬਚ ਜਾਵੇਗੀ, ਨਹੀਂ ਤਾਂ ਉਹ ਮੈਨੂੰ ਮਾਰ ਦੇਣਗੇ।
ਬੱਕਰੇ ਨੇ ਆਖਿਆ-“ਪੁੱਤਰ, ਮੈਂ ਤੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਦੁਰ ਤਾਂ ਲੈ ਜਾਂਦਾ, ਪਰ ਮੇਰੀ ਪਿੱਠ ਖੁਰਦਰੀ ਹੈ । ਉਹਦੇ ’ਤੇ ਬਹਿਣ ਨਾਲ ਤੇਰੇ ਕੂਲੇ ਸਰੀਰ ਨੂੰ ਬਹੁਤ ਤਕਲੀਫ਼ ਹੋਵੇਗੀ। ਪਰ ਚਿੰਤਾ ਨਾ ਕਰੇ, ਔਹ ਵੇਖ ਤੇਰੀ ਦੋਸਤ ਭੇਡ ਇਧਰ ਹੀ ਆਰਹੀ ਹੈ। ਉਹਨੂੰ ਕਹੇਂਗਾ ਤਾਂ ਉਹ ਜ਼ਰੂਰ ਤੇਰੀ ਮਦਦ ਕਰੇਗੀ।” ਏਨਾ ਕਹਿ ਕੇ ਬੱਕਰਾ ਵੀ ਚਲਾ ਗਿਆ।
ਖਰਗੋਸ਼ ਨੇ ਭੇਡ ਨੂੰ ਵੀ ਮਦਦ ਲਈ ਬੇਨਤੀ ਕੀਤੀ ਪਰ ਉਹਨੇ ਵੀ ਖਰਗੋਸ਼ ਨੂੰ ਬਹਾਨਾ ਬਣਾ ਕੇ ਆਪਣਾ ਪਿੱਛਾ ਛੁਡਾ ਲਿਆ।
ਇਸ ਤਰ੍ਹਾਂ ਖਰਗੋਸ਼ ਦੇ ਸਾਰੇ ਦੋਸਤ ਉਥੋਂ ਚਲੇ ਗਏ। ਖਰਗੋਸ਼ ਨੇ ਸਾਰਿਆਂ ਅੱਗੇ ਮਦਦ ਲਈ ਬੇਨਤੀ ਕੀਤੀ, ਪਰ ਕਿਸੇ ਨੇ ਉਹਦੀ ਮਦਦ ਨਾ ਕੀਤੀ। ਸਾਰੇ ਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਚਲੇ ਗਏ ।
ਖਰਗੋਸ਼ ਨੇ ਮਨ ਹੀ ਮਨ ਆਖਿਆ-ਚੰਗੇ ਦਿਨਾਂ 'ਚ ਮੇਰੇ ਕਈ ਮਿੱਤਰ ਸਨ। ਪਰ ਅੱਜ ਮੁਸੀਬਤ ਦੀ ਘੜੀ ਵਿਚ ਮੇਰਾ ਕੋਈ ਵੀ ਦੋਸਤ ਮੇਰੇ ਕੰਮ ਨਹੀਂ ਆ ਰਿਹਾ। ਮੇਰੇ ਸਾਰੇ ਦੋਸਤ ਸਿਰਫ਼ ਚੰਗੇ ਦਿਨਾਂ ਦੇ ਹੀ ਦੋਸਤ ਹਨ।'
ਥੋੜੀ ਦੇਰ ਵਿਚ ਉਹਨੂੰ ਲੱਭਦੇ ਹੋਏ ਸ਼ਿਕਾਰੀ ਕੁੱਤੇ ਵੀ ਉਥੇ ਆ ਗਏ। ਉਨ੍ਹਾਂ ਨੇ ਵਿਚਾਰੇ ਖ਼ਰਗੋਸ਼ ਨੂੰ ਮਾਰ ਸੁੱਟਿਆ। ਅਫ਼ਸੋਸ ਦੀ ਗੱਲ ਹੈ ਕਿ ਏਨੇ ਦੋਸਤ ਹੁੰਦੇ ਹੋਏ ਵੀ ਖਰਗੋਸ਼ ਬੇ-ਮੌਤ ਮਾਰਿਆ ਗਿਆ ।
0 Comments