Punjabi Moral Story on "Kise di Majburi da Faida nahi Udhauna Chahida ", "ਕਿਸੇ ਦੀ ਮਜਬੂਰੀ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ " for Kids.

ਕਿਸੇ ਦੀ ਮਜਬੂਰੀ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ 
Kise di Majburi da Faida nahi Udhauna Chahida 



ਇਕ ਵਾਰ ਇਕ ਬੁੱਢੀ ਔਰਤ, ਜੀਹਦੀ ਨਜ਼ਰ ਕਮਜ਼ੋਰ ਹੋ ਚੁੱਕੀ ਸੀ, ਇਕ ਅੱਖਾਂ ਵਾਲੇ ਡਾਕਟਰ ਕੋਲ ਗਈ। ਡਾਕਟਰ ਨੇ ਔਰਤ ਦੀ ਜਾਂਚ-ਪੜਤਾਲ ਕੀਤੀ ਅਤੇ ਅੱਖਾਂ ਦਾ ਅਪਰੇਸ਼ਨ ਕਰਕੇ ਉਹਨੂੰ ਘਰ ਭੇਜ ਦਿੱਤਾ। ਔਰਤ ਬੜੀ ਖੁਸ਼ ਸੀ ਕਿ ਡਾਕਟਰ ਕਿੰਨਾ ਚੰਗਾ ਹੈ ਕਿ ਉਸਨੇ ਉਹਦੇ ਘਰ ਆਕੇ ਮਲ੍ਹਮ-ਪੱਟੀ ਕਰਨ ਦਾ ਵਾਅਦਾ ਵੀ ਕੀਤਾ ਹੈ। ਉਹ ਡਾਕਟਰ ਦਾ ਧੰਨਵਾਦ ਕਰਕੇ ਆਪਣੇ ਘਰ ਵਾਪਸ ਆ ਗਈ। ਪਰ ਉਸ ਔਰਤ ਨੂੰ ਡਾਕਟਰ ਦੇ ਬਾਰੇ ਸਹੀ ਜਾਣਕਾਰੀ ਨਹੀਂ ਸੀ।

ਅਗਲੇ ਦਿਨ ਡਾਕਟਰ ਆਇਆ। ਉਸਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ। ਟਾਕਿਆਂ ਦੀ ਜਾਂਚ ਕੀਤੀ ਅਤੇ ਅੱਖਾਂ ’ਤੇ ਦਵਾਈ ਆਦਿ ਲਾਕੇ ਨਵੀਆਂ ਪੱਟੀਆਂ ਬੰਨ੍ਹ ਦਿੱਤੀਆਂ। ਜਦੋਂ ਤਕ ਔਰਤ ਦੀਆਂ ਅੱਖਾਂ 'ਤੇ ਪੱਟੀ ਬੱਝੀ ਰਹਿਣੀ ਸੀ, ਓਨਾ ਚਿਰ ਉਹ ਕੁਝ ਵੀ ਨਹੀਂ ਸੀ ਵੇਖ ਸਕਦੀ।

ਡਾਕਟਰ ਨੂੰ ਚੋਰੀ ਕਰਨ ਦੀ ਆਦਤ ਸੀ। ਉਹ ਇਸ ਔਰਤ ਦੀ ਬਿਮਾਰੀ ਦਾ ਨਜਾਇਜ਼ ਫ਼ਾਇਦਾ ਉਠਾ ਰਿਹਾ ਸੀ। ਉਹ ਹਰ ਰੋਜ਼ ਜਦੋਂ ਔਰਤ ਦੇ ਘਰ ਜਾਂਦਾ ਤਾਂ ਉਹਦੇ ਘਰ ਵਿਚੋਂ ਪਈ ਹੋਈ ਕੋਈ ਨਾ ਕੋਈ ਕੀਮਤੀ ਚੀਜ਼ ਚੱਕ ਕੇ ਲੈ ਜਾਂਦਾ।

ਅਖ਼ੀਰ ਵਿਚ ਉਹ ਦਿਨ ਵੀ ਆ ਗਿਆ, ਜਦੋਂ ਔਰਤ ਦੀਆਂ ਅੱਖਾਂ ਦਾ ਇਲਾਜ ਹੋ ਗਿਆ। ਡਾਕਟਰ ਨੇ ਆਪਣੀ ਫੀਸ ਮੰਗੀ। ਬੁੱਢੀ ਔਰਤ ਨੇ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ। ਉਹਦਾ ਕਹਿਣਾ ਸੀ ਕਿ ਉਹਦੀ ਨਜ਼ਰ ਪਹਿਲਾਂ ਨਾਲੋਂ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਉਹਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ।

ਡਾਕਟਰ ਮਾਮਲੇ ਨੂੰ ਅਦਾਲਤ ਵਿਚ ਲੈ ਗਿਆ। ਜੱਜ ਨੇ ਧਿਆਨ ਨਾਲ ਡਾਕਟਰ ਦੀਆਂ ਗੱਲਾਂ ਸੁਣੀਆਂ ਅਤੇ ਫਿਰ ਬੁੱਢੀ ਔਰਤ ਨੂੰ ਪੁੱਛਗਿੱਛ ਲਈ ਸੱਦਿਆ।

ਬੁੱਢੀ ਔਰਤ ਨੇ ਆਖਿਆ-“ਸਤਿਕਾਰਯੋਗ ਸੀਮਾਨ ਜੱਜ ਸਾਹਿਬ! ਇਹ ਗੱਲ ਠੀਕ ਹੈ ਕਿ ਇਸ ਡਾਕਟਰ ਨੇ ਮੇਰੀਆਂ ਅੱਖਾਂ ਦਾ ਇਲਾਜ ਕੀਤਾ ਸੀ। ਪਰ ਫੀਸ ਮੈਂ ਤਾਂ ਹੀ ਦਿਆਂਗੀ, ਜੇਕਰ ਇਹ ਮੇਰੀਆਂ ਅੱਖਾਂ ਦਾ ਪੂਰਾ ਇਲਾਜ ਕਰੇਗਾ। ਸ਼੍ਰੀਮਾਨ ਜੀ, ਇਲਾਜ ਤੋਂ ਪਹਿਲਾਂ ਮੈਂ ਆਪਣੇ ਘਰ ਵਿਚ ਪਈਆਂ ਸਾਰੀਆਂ ਕੀਮਤੀ ਚੀਜ਼ਾਂ ਵੇਖ ਸਕਦੀ ਸਾਂ। ਇਹ ਡਾਕਟਰ ਏਨਾ ਚੰਗਾ ਸੀ ਕਿ ਰੋਜ਼ ਮੇਰੇ ਘਰ ਆ ਕੇ ਮੇਰੀਆਂ ਅੱਖਾਂ ਦੀਆਂ ਪੱਟੀਆਂ ਬਦਲਦਾ ਸੀ। ਮੇਰੀਆਂ ਅੱਖਾਂ ਉੱਤੇ ਤਕਰੀਬਨ ਇਕ ਹਫ਼ਤਾ ਪੱਟੀਆਂ ਬੱਝੀਆਂ ਰਹੀਆਂ। ਪਰ ਜਦੋਂ ਅੱਖਾਂ ਤੋਂ ਪੱਟੀਆਂ ਖੋਲੀਆਂ ਤਾਂ ਮੈਨੂੰ ਆਪਣੇ ਘਰ ਵਿਚ ਕੋਈ ਵੀ ਕੀਮਤੀ ਵਸਤੂ ਨਜ਼ਰ ਨਾ ਆਈ।”

ਜੱਜ ਸਭ ਕੁਝ ਸਮਝ ਗਿਆ। ਉਹਨੇ ਅੱਖਾਂ ਵਾਲੇ ਡਾਕਟਰ ਨੂੰ ਝਿੜਕਿਆ ਅਤੇ ਉਹਨੂੰ ਔਰਤ ਦਾ ਸਾਰਾ ਸਮਾਨ ਵਾਪਸ ਕਰਨ ਲਈ ਹੁਕਮ ਦਿੱਤਾ।

ਸਿੱਟਾ : ਕਿਸੇ ਦੀ ਮਜਬੂਰੀ ਦਾ ਨਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ।


Post a Comment

0 Comments