ਕਥਨੀ ਨਾਲੋਂ ਕਰਨੀ ਭਲੀ
Kathni Nalo Karni Bhali
ਇਕ ਵਿਅਕਤੀ ਜਦੋਂ ਪੂਰੇ ਵਿਸ਼ਵ ਦੀ ਯਾਤਰਾ ਕਰਕੇ ਘਰ ਵਾਪਸ ਪਰਤਿਆ ਤਾਂ ਲੋਕਾਂ ਦੀ ਭੀੜ ਨੇ ਉਸ ਨੂੰ ਘੇਰ ਲਿਆ। ਇਹ ਸਿਲਸਿਲਾ ਕਈ ਦਿਨਾਂ ਤੋਂ ਜਾਰੀ ਸੀ। ਉਹ ਵਿਅਕਤੀ ਆਪਣੀ ਯਾਤਰਾ ਦੇ ਅਨੁਭਵ ਬੜੇ ਵਧਾ-ਚੜਾਅ ਕੇ ਸੁਣਾ ਰਿਹਾ ਸੀ। ਕਿਉਂਕਿ ਉਹਦੇ ਕਸਬੇ ਦੇ ਲੋਕ ਵਿਦੇਸ਼ ਤਾਂ ਕੀ ਕਦੀ ਕਸਬੇ ਤੋਂ ਬਾਹਰ ਵੀ ਨਹੀਂ ਸਨ ਗਏ। ਇਸ ਲਈ ਉਹਦੀਆਂ ਗੱਲਾਂ ਸੱਚ ਸਮਝ ਰਹੇ ਸਨ। ਇਹ ਗੱਲਾਂ ਸੁਣਾਉਂਦਿਆਂ ਉਹ ਵਿਅਕਤੀ ਹੋਰ ਉਤਸ਼ਾਹਿਤ ਹੋ ਗਿਆ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਪਾਂ ਸੁਣਾਉਣ ਲੱਗ ਪਿਆ। ਇਕ ਵਕਤ ਆਇਆ ਕਿ ਸੁਣਨ ਵਾਲੇ ਉਹਦੀ ਗੱਪਬਾਜ਼ੀ ਸੁਣਦੇ-ਸੁਣਦੇ ਪੇਸ਼ਾਨ ਹੋ ਗਏ।
ਇਕ ਵਾਰ ਉਹ ਗੱਪ ਸੁਣਾ ਰਿਹਾ ਸੀ ਕਿ ਕਿਵੇਂ ਉਹਨੇ ਖੇਡ ਦੇ ਮੈਦਾਨ ਵਿਚ ਸਭ ਤੋਂ ਲੰਬੀ ਛਾਲ ਮਾਰੀ। ਉਹਨੇ ਆਖਿਆ-“ਭਰਾਵੋ! ਮੈਂ ਜਿਹੜੀ ਛਾਲ ਮਾਰੀ ਸੀ, ਉਹ ਸ਼ਾਇਦ ਹੀ ਕਿਸੇ ਨੇ ਵੇਖੀ ਅਤੇ ਸੁਣੀ ਹੋਵੇ। ਇਥੋਂ ਤਕ ਕਿ ਦੇਸ਼ ਦੇ ਕਈ ਨੌਜਵਾਨ ਖਿਡਾਰੀ ਮੇਰੇ ਰਿਕਾਰਡ ਦੇ ਆਸ-ਪਾਸ ਵੀ ਨਹੀਂ ਸਨ ਪਹੁੰਚ ਸਕੇ। ਉਹਨੇ ਸੁਣਨ ਵਾਲਿਆਂ ਦੀਆਂ ਅੱਖਾਂ ਵਿਚ ਅਵਿਸ਼ਵਾਸ ਦੇ ਚਿੰਨ੍ਹ ਵੇਖੇ ਤਾਂ ਆਖਣ ਲੱਗਾ-“ਜੇਕਰ ਤੁਹਾਨੂੰ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਆਉਂਦਾ ਤਾਂ ਉਥੇ ਜਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ।??
ਇਕ ਸਰੋਤਾ, ਜਿਹੜਾ ਕਿ ਉਸ ਵਿਅਕਤੀ ਦੀਆਂ ਗੱਪਾਂ ਸੁਣ ਸੁਣ ਕੇ ਅੱਕ ਗਿਆ ਸੀ, ਬੋਲਿਆ-"ਸਾਨੂੰ ਕੀ ਲੋੜ ਏ, ਏਡੀ ਦੂਰ ਜਾ ਕੇ ਤੇਰੇ ਪ੍ਰਦਰਸ਼ਨ ਬਾਰੇ ਸਬੂਤ ਇਕੱਠੇ ਕਰਨ ਦੀ। ਤੂੰ ਇਹ ਸਮਝ ਲੈ ਕਿ ਅਸੀਂ ਹੁਣ ਵੀ ਉਥੇ ਹੀ ਬੈਠੇ ਹਾਂ। ਬਸ, ਤੂੰ ਛਾਲ ਮਾਰ ਕੇ ਆਪਣਾ ਪ੍ਰਦਰਸ਼ਨ ਇਕ ਵਾਰ ਮੁੜ ਦੁਹਰਾ ਦੇ। ਅਸੀਂ ਵਿਸ਼ਵਾਸ ਕਰ ਲਵਾਂਗੇ।
ਸਿੱਟਾ: ਕਥਨੀ ਨਹੀਂ ‘ਕਰਨੀ ਵਿਅਕਤੀ ਦਾ ਪ੍ਰਮਾਣ ਹੁੰਦੀ ਹੈ ।
0 Comments