ਜ਼ਿਦ ਦਾ ਨਤੀਜਾ
Jid da Natija
ਦੋ ਸ਼ਿਕਾਰੀ ਜਦੋਂ ਸਾਰਾ ਦਿਨ ਜੰਗਲ ਵਿਚ ਘੁੰਮਦੇ-ਘੁੰਮਦੇ ਥੱਕ ਗਏ ਤਾਂ ਇਕ ਪੁਰਾਣੇ ਤਲਾਬ ਦੇ ਕੰਢੇ ਆ ਕੇ ਆਰਾਮ ਕਰਨ ਲਈ ਬਹਿ ਗਏ । ਸ਼ਿਕਾਰ ਨਾ ਮਿਲਣ ਕਰਕੇ ਹਾਲਾਂਕਿ ਉਹ ਦੋਵੇਂ ਹੀ ਨਿਰਾਸ਼ ਸਨ ਪਰ ਇਕ ਸ਼ਿਕਾਰੀ ਜ਼ਿਆਦਾ ਹੀ ਨਿਰਾਸ਼ ਸੀ।
ਏਨੇ ਨੂੰ ਇਕ ਵਿਅਕਤੀ ਉਸ ਤਲਾਬ ਵਿਚੋਂ ਪੀਣ ਵਾਸਤੇ ਪਾਣੀ ਲੈਣ ਗਿਆ ਤਾਂ ਉਹਨੇ ਤਲਾਬ ਵਿਚ ਤੈਰ ਰਹੀਆਂ ਮੱਛੀਆਂ ਤੱਕੀਆਂ। ਮੱਛੀਆਂ ਨੂੰ ਵੇਖ ਕੇ ਉਹਦੇ ਮਨ ਵਿਚ ਤੁਰੰਤ ਇਕ ਖ਼ਿਆਲ ਆਇਆ ਅਤੇ ਉਹਦੀਆਂ ਅੱਖਾਂ ਵਿਚ ਚਮਕ ਆ ਗਈ।
ਉਹ ਵਿਅਕਤੀ ਪਾਣੀ ਲੈ ਕੇ ਵਾਪਸ ਆਪਣੇ ਦੋਸਤ ਚੰਦੁ ਕੋਲ ਗਿਆ ਅਤੇ ਕਹਿਣ ਲੱਗਾ-“ਭਰਾ ਚੰਦੂ ! ਏਨਾ ਨਿਰਾਸ਼ ਕਿਉਂ ਏਂ । ਕੰਮ-ਕਾਰ ਵਿਚ ਨੁਕਸਾਨ-ਲਾਭ ਤਾਂ ਹੁੰਦਾ ਹੀ ਰਹਿੰਦਾ ਹੈ । ਅੱਜ ਜੇਕਰ ਸ਼ਿਕਾਰ ਨਹੀਂ ਲੱਭਾ ਤਾਂ ਕੀ ਹੋਇਆ ।ਜਿਸ ਤਲਾਬ ਦੇ ਕੰਢੇ ਅਸੀਂ ਬੈਠੇ ਹਾਂ, ਉਹ ਮੱਛੀਆਂ ਨਾਲ ਭਰਿਆ ਪਿਆ ਹੈ। ਜਾਲ ਸੁੱਟੋ ਅਤੇ ਮੱਛੀਆਂ ਫੜ ਕੇ ਸ਼ਹਿਰ ਜਾ ਕੇ ਵੇਚ ਦੇਂਦੇ ਹਾਂ। ਇਸ ਤਰ੍ਹਾਂ ਆਪਣਾ ਧੰਦਾ ਵੀ ਕਾਫ਼ੀ ਚਲ ਪਵੇਗਾ।”
ਗੱਲ ਤਾਂ ਤੇਰੀ ਠੀਕ ਹੈ ਪਰ ਹੁਣ ਤਾਂ ਸ਼ਾਮ ਹੋ ਚੁੱਕੀ ਹੈ...ਕੱਲ ਸਵੇਰ ਤੋਂ ਹੀ ਮੱਛੀਆਂ ਫੜਨੀਆਂ ਸ਼ੁਰੂ ਕਰ ਦਿਆਂਗੇ ।”
ਤਲਾਬ ਵਿਚ ਤੈਰ ਰਹੀਆਂ ਮੱਛੀਆਂ ਨੇ ਇਨ੍ਹਾਂ ਦੋਹਾਂ ਸ਼ਿਕਾਰੀਆਂ ਦੀਆਂ ਗੱਲਾਂ ਸੁਣ ਲਈਆਂ ਸਨ।
ਜਾਨ ਕੀਹਨੂੰ ਪਿਆਰੀ ਨਹੀਂ ਹੁੰਦੀ ਅਤੇ ਮਰਨਾ ਕੌਣ ਚਾਹੁੰਦਾ ਹੈ। ਇਨਾਂ ਮੱਛੀਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਇਹ ਦੋਵੇਂ ਸ਼ਿਕਾਰੀ ਉਨ੍ਹਾਂ ਦੇ ਦੁਸ਼ਮਣ ਹਨ ਤਾਂ ਉਹ ਆਪਣੇ ਰਾਜੇ ਮਗਰਮੱਛ ਦੇ ਕੋਲ ਗਈਆਂ ਅਤੇ ਉਹਨੂੰ ਸਾਰੀ ਗੱਲ ਦੱਸ ਦਿੱਤੀ। ਉਨ੍ਹਾਂ ਨੇ ਇਹ ਸੁਝਾਅ ਦਿੱਤਾ ਕਿ ਸਾਨੂੰ ਰਾਤੋ-ਰਾਤ ਤਲਾਬ ਛੱਡ ਕੇ ਕਿਤੇ ਹੋਰ ਚਲੇ ਜਾਣਾ ਚਾਹੀਦਾ ਹੈ।
ਪਰ ਮਗਰਮੱਛ ਨੇ ਆਪਣੇ ਪੂਰਵਜਾਂ ਦਾ ਤਲਾਬ ਛੱਡ ਕੇ ਕਿਤੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ।
ਮਗਰਮੱਛ ਨੂੰ ਉਹਦੇ ਮੰਤਰੀਆਂ ਨੇ ਵੀ ਸਮਝਾਇਆ, ਪਰ ਰੂੜੀਵਾਦੀ ਮਗਰਮੱਛ ਨੇ ਸਾਫ਼ ਇਨਕਾਰ ਕਰ ਦਿੱਤਾ।
ਰਾਜੇ ਦਾ ਆਖ਼ਰੀ ਫ਼ੈਸਲਾ ਸੁਣ ਕੇ ਮੱਛੀਆਂ ਨੂੰ ਬਹੁਤ ਨਿਰਾਸ਼ਾ ਹੋਈ। ਉਹ ਸਾਰੀਆਂ ਮੰਤਰੀ ਵੱਲ ਵੇਖ ਰਹੀਆਂ ਸਨ। | ਉਨ੍ਹਾਂ ਨੂੰ ਪਤਾ ਸੀ ਕਿ ਮੰਤਰੀ ਬਹੁਤ ਅਕਲਮੰਦ ਹੈ । ਉਹ ਬਚਣ ਦਾ ਕੋਈ ਨਾ ਕੋਈ ਤਰੀਕਾ ਜ਼ਰੂਰ ਦੱਸੇਗਾ।
ਉਸ ਵਕਤ ਮੰਤਰੀ ਨੇ ਆਖਿਆ-‘ਇਸ ਵਕਤ ਅਸੀਂ ਬੜੀ ਵੱਡੀ ਮੁਸੀਬਤ ਵਿਚ ਹਾਂ। ਜੇਕਰ ਅਸੀਂ ਆਪਣੇ ਬਚਾਅ ਵਾਸਤੇ ਛੇਤੀ ਹੀ ਕੋਈ ਯਤਨ ਨਾ ਕੀਤਾ ਤਾਂ ਸ਼ਿਕਾਰੀ ਕੱਲ੍ਹ ਤਕ ਕਿਸੇ ਨੂੰ ਵੀ ਜੀਊਂਦਾ ਨਹੀਂ ਛੱਡਣਗੇ।
ਤਾਂ ਫਿਰ ਤੁਸੀਂ ਹੀ ਦੱਸੋ ਮੰਤਰੀ ਜੀ ਕਿ ਅਸੀਂ ਕੀ ਕਰੀਏ । ਇਕ ਮੱਛੀ ਬੜੀ ਨਿਰਾਸ਼ ਹੋ ਕੇ ਬੋਲੀ-“ਅਸੀਂ ਤਾਂ ਉਵੇਂ ਹੀ ਕਰਨ ਨੂੰ ਤਿਆਰ ਹਾਂ, ਜਿਵੇਂ ਤੁਸੀਂ ਕਹੋਗੇ ।”
‘ਤੁਹਾਡੇ ਵਿਚੋਂ ਜਿਹੜਾ ਜੀਊਣਾ ਚਾਹੁੰਦਾ ਹੈ, ਉਹ ਮੇਰੇ ਨਾਲ ਦੂਸਰੇ ਤਲਾਬ ਵਿਚ ਚੱਲੇ , ਮੈਂ ਉਸ ਨੂੰ ਉਥੋਂ ਤਕ ਸੁਰੱਖਿਅਤ ਪਹੁੰਚਾ ਦਿਆਂਗਾ।
ਸਾਰੀਆਂ ਮੱਛੀਆਂ ਦੋ ਹਿੱਸਿਆਂ ਵਿਚ ਵੰਡੀਆਂ ਗਈਆਂ । ਜਿਨ੍ਹਾਂ ਵਿਚੋਂ ਇਕ ਹਿੱਸਾ ਰਾਜੇ ਦਾ ਸਾਥ ਦੇਣ ਵਾਲਾ ਸੀ, ਦੂਜਾ ਹਿੱਸਾ ਮੰਤਰੀ ਨਾਲ ਜਾਣ ਨੂੰ ਤਿਆਰ ਹੋ ਗਿਆ।
ਮੰਤਰੀ ਨੇ ਉਸੇ ਵਕਤ ਕੁਝ ਵੱਡੇ-ਵੱਡੇ ਕੱਛੂਕੰਮਿਆਂ ਨੂੰ ਸੱਦਿਆ ਅਤੇ ਉਨਾਂ ਨੂੰ ਬੇਨਤੀ ਕੀਤੀ ਕਿ ਮੁਸੀਬਤ ਦੀ ਇਸ ਘੜੀ ਵਿਚ ਸਾਡਾ ਸਹਾਇਤਾ ਕਰੋ, ਨਹੀਂ ਤਾਂ ਸ਼ਿਕਾਰੀ ਸਾਨੂੰ ਮਾਰ ਦੇਣਗੇ। ਕੱਛੂਕੰਮਿਆਂ ਨੇ ਮੰਤਰੀ ਦੀ ਗੱਲ ਮੰਨ ਲਈ ਅਤੇ ਰਾਤੋ-ਰਾਤ ਮੱਛੀਆਂ ਨੂੰ ਆਪਣੀ ਪਿੱਠ 'ਤੇ ਲੱਦ ਕੇ ਨਾਲ ਵਾਲੇ ਤਲਾਬ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ।
ਰਾਜੇ ਨੇ ਆਪਣੇ ਮੰਤਰੀ ਅਤੇ ਆਪਣੀ ਪਰਜਾ ਨੂੰ ਜਾਂਦਿਆਂ ਤੱਕਿਆ ਤਾਂ ਉਹ ਬਹੁਤ ਦੁਖੀ ਹੋਇਆ। ਅਸਲ ਵਿਚ ਮੌਤ ਦਾ ਡਰ ਤਾਂ ਉਸ ਨੂੰ ਵੀ ਸਤਾ ਰਿਹਾ ਸੀ, ਪਰ ਉਹ ਆਪਣੇ ਪੁਸ਼ਤੈਨੀ ਤਲਾਬ ਨੂੰ ਛੱਡ ਕੇ ਕਿਤੇ ਨਹੀਂ ਸੀ ਜਾਣਾ ਚਾਹੁੰਦਾ।
ਸਵੇਰੇ ਉੱਠ ਕੇ ਉਨ੍ਹਾਂ ਦੋਹਾਂ ਸ਼ਿਕਾਰੀਆਂ ਨੇ ਤਲਾਬ ਵਿਚ ਆਪਣਾ ਜਾਲ ਸੁੱਟ ਕੇ ਮੁੱਛੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਇਕ-ਇਕ ਕਰਕੇ ਰਾਜੇ ਦੇ ਪੱਖ ਵਾਲੀਆਂ ਸਾਰੀਆਂ ਮੱਛੀਆਂ ਜਾਲ ਵਿਚ ਫਸਦੀਆਂ ਗਈਆਂ। ਇਸ ਤਰ੍ਹਾਂ ਇਕ ਰਾਜੇ ਦੀ ਜ਼ਿਦ ਅਤੇ ਰੁੜੀਵਾਦੀ ਸੋਚ ਕਾਰਨ ਤਲਾਬ ਵਿਚ ਬਚੀਆਂ ਮੱਛੀਆਂ ਆਪਣੀ ਜਾਨ ਤੋਂ ਹੱਥ ਧੋ ਬੈਠੀਆਂ।
0 Comments