ਝਗੜਾਲੂ ਪ੍ਰਵਿਰਤੀ
Jhagdalu Pravriti
ਇਕ ਵਾਰ ਇਕ ਸ਼ਿਕਾਰੀ ਨੇ ਚਿੜੀ ਆਪਣੇ ਜਾਲ ਵਿਚ ਫਸਾਈ। ਉਹ ਉਹਨੂੰ ਆਪਣੇ ਘਰ ਲੈ ਆਇਆ ਅਤੇ ਉਹਨੂੰ ਆਪਣੀਆਂ ਮੁਰਗੀਆਂ ਵਾਲੇ ਪਿੰਜਰੇ ਵਿਚ ਡੱਕ ਦਿੱਤਾ। ਆਪਣੇ ਵਿਚਕਾਰ ਇਕ ਅਜਨਬੀ ਅਤੇ ਨਵੀਂ ਚਿੜੀ ਵੇਖ ਕੇ ਸਾਰੀਆਂ ਮੁਰਗੀਆਂ ਉਹਨੂੰ ਪ੍ਰੇਸ਼ਾਨ ਕਰਨ ਲੱਗ ਪਈਆਂ ਅਤੇ ਉਹਨੂੰ ਚੁੰਝਾਂ ਮਾਰਨ ਲੱਗ ਪਈਆਂ।
ਚਿੜੀ ਬਹੁਤ ਉਦਾਸ ਹੋ ਗਈ, ਪਰ ਉਹਦੀ ਸਮਝ ਵਿਚ ਇਹ ਨਾ ਆਇਆ ਕਿ ਉਹ ਕੀ ਕਰੇ ?ਉਹਨੇ ਮੁਰਗੀਆਂ ਨਾਲ ਦੋਸਤੀ ਵੀ ਕਰਨੀ ਚਾਹੀ, ਪਰ ਉਹ ਕਾਮਯਾਬ ਨਾ ਹੋ ਸਕੀ। ਮੁਰਗੀਆਂ ਉਹਦੇ ਨਾਲ ਦੋਸਤੀ ਨਹੀਂ ਸਨ ਕਰਨਾ ਚਾਹੁੰਦੀਆਂ। ਉਹ ਉਹਨੂੰ ਬਿਨਾਂ ਕਿਸੇ ਕਾਰਨ ਤੋਂ ਚੁੰਝਾਂ ਮਾਰਦੀਆਂ ਰਹਿੰਦੀਆਂ।
ਇਕ ਦਿਨ ਚਿੜੀ ਇਕ ਨੁੱਕਰ ਵਿਚ ਬੈਠੀ ਸੀ। ਤਦ ਉਹਨੇ ਤੱਕਿਆ ਕਿ ਸਾਰੀਆਂ ਮੁਰਗੀਆਂ ਆਪਸ ਵਿਚ ਲੜ ਰਹੀਆਂ ਹਨ।
ਚਿੜੀ ਨੇ ਸੋਚਿਆ-ਮੁਰਗੀਆਂ ਮੇਰੇ ਨਾਲ ਲੜਦੀਆਂ ਸਨ, ਇਹ ਗੱਲ ਤਾਂ ਸਮਝ ਵਿਚ ਆਉਂਦੀ ਹੈ, ਕਿਉਂਕਿ ਮੈਂ ਉਨ੍ਹਾਂ ਵਰਗੀ ਨਹੀਂ ਹਾਂ। ਪਰ ਇਹ ਆਪਸ ਵਿਚ ਹੀ ਲੜੀ ਜਾ ਰਹੀਆਂ ਹਨ, ਇਹ ਗੱਲ ਮੇਰੀ ਸਮਝ ਵਿਚ ਨਹੀਂ ਆ ਰਹੀ।
ਸਿੱਟਾ : ਝਗੜਾਲੂ ਬੇਗਾਨਿਆਂ ਨਾਲ ਹੀ ਨਹੀਂ, ਆਪਣਿਆਂ ਨਾਲ ਵੀ ਲੜ ਪੈਂਦੇ ਹਨ।
0 Comments