ਭੁਲੱਕੜ ਕਿਸਾਨ
Bhulakad Kisan
ਇਕ ਕਿਸਾਨ ਸੀ, ਜਿਹੜਾ ਕਿ ਭੁਲੱਕੜ ਸੀ। ਉਹਦੇ ਕੋਲ ਛੇ ਖੋਤੇ ਸਨ। ਉਹ ਉਨ੍ਹਾਂ ਖੋਤਿਆਂ 'ਤੇ ਆਪਣੇ ਖੇਤ ਵਿਚਲੀ ਫ਼ਸਲ ਲੱਦ ਕੇ ਲੈ ਜਾਂਦਾ ਅਤੇ ਮੰਡੀ ਵਿਚ ਵੇਚਦਾ ਸੀ।
ਇਕ ਵਾਰ ਉਹਨੇ ਖੋਤਿਆਂ ’ਤੇ ਚੌਲਾਂ ਦੀਆਂ ਬੋਰੀਆਂ ਲੱਦੀਆਂ ਅਤੇ ਬਾਜ਼ਾਰ ਵੱਲ ਤੁਰ ਪਿਆ। ਉਹਨੇ ਮੰਡੀ ਵਿਚ ਚੌਲ ਵੇਚੇ ਅਤੇ ਸ਼ਾਮ ਨੂੰ ਘਰ ਵਾਪਸ ਪਰਤ ਆਇਆ। ਉਹ ਖ਼ੁਦ ਤਾਂ ਇਕ ਖੋਤੇ ਉੱਪਰ ਬਹਿ ਗਿਆ ਅਤੇ ਬਾਕੀ ਪੰਜਾਂ ਖੋਤਿਆਂ ਨੂੰ ਹੱਕ-ਹੱਕ ਕੇ ਅੱਗੇ ਤੋਰਦਾ ਆਇਆ।
ਵਿਚ ਉਹਨੇ ਸੋਚਿਆ ਕਿ ਖੋਤਿਆਂ ਦੀ ਗਿਣਤੀ ਕਰ ਲਈ ਜਾਵੇ, ਕਿਤੇ ਕੋਈ ਪਿੱਛੇ ਤਾਂ ਨਹੀਂ ਰਹਿ ਗਿਆ। ਉਂਜ ਵੀ ਮੇਰੀ ਘਰਵਾਲੀ ਮੈਨੂੰ ਭੁਲੱਕੜ ਕਹਿੰਦੀ ਰਹਿੰਦੀ ਹੈ , ਇਹ ਸੋਚ ਕੇ ਉਹਨੇ ਖੋਤਿਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ-ਇਕ...ਦੋ,ਤਿੰਨ ਚਾਰ ਪੰਜ...ਓਏ , ਪੰਜਹੀ ਖੋਤੇ। ਉਹਨੇ ਮੁੜ ਗਿਣਤੀ ਕੀਤੀ, ਫਿਰ ਤੀਸਰੀ ਵਾਰ ਵੀ ਗਿਣਤੀ ਕੀਤੀਓਏ ...ਪੰਜ ਹੀ ਖੋਤੇ...ਛੇਵਾਂ ਕਿਧਰ ਗਿਆ ?
ਉਹ ਗਿਣਤੀ ਕਰਦਾ ਰਿਹਾ ਅਤੇ ਪ੍ਰੇਸ਼ਾਨ ਹੁੰਦਾ ਰਿਹਾ। ਇਕ ਵਾਰ ਵੀ ਉਹਨੇ ਉਸ ਖੋਤੇ ਨੂੰ ਨਾ ਗਿਣਿਆ, ਜੀਹਦੇ ਉੱਤੇ ਉਹ ਖ਼ੁਦ ਬੈਠਾ ਸੀ ।
ਉਹ ਇਹ ਸੋਚ-ਸੋਚ ਕੇ ਬੜੀ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਕਿ ਆਖਿਰਕਾਰ ਛੇਵਾਂ ਖੋਤਾ ਗਿਆ ਤਾਂ ਗਿਆ ਕਿਥੇ ? ਉਹਨੂੰ ਯਾਦ ਸੀ, ਸਵੇਰੇ ਜਦੋਂ ਉਹ ਘਰੋਂ ਤੁਰਿਆ ਸੀ ਤਾਂ ਛੇ ਖੋਤੇ ਸਨ। ਆਖ਼ਿਰਕਾਰ ਛੇਵਾਂ ਕਿਥੇ ਚਲਾ ਗਿਆ ? ਬਾਜ਼ਾਰ ਕਾਫ਼ੀ ਪਿਛਾਂਹ ਰਹਿ ਗਿਆ ਸੀ। ਫਿਰ ਵੀ ਮੁੜ ਕੇ ਉਹ ਬਾਜ਼ਾਰ ਵੱਲ ਤੁਰ ਪਿਆ। ਰਸਤੇ ਵਿਚ ਉਹਨੇ ਕਈਆਂ ਰਾਹਗੀਰਾਂ ਕੋਲੋਂ ਵੀ ਪੁੱਛਿਆ ਕਿ ਆਸੇ-ਪਾਸੇ ਕੋਈ ਖੋਤਾ ਤਾਂ ਨਹੀਂ ਵੇਖਿਆ, ਪਰ ਹਰ ਵਿਅਕਤੀ ਨੇ ਇਹੋ ਜਵਾਬ ਦਿੱਤਾ ਕਿ ਕਿਤੇ ਕੋਈ ਖੋਤਾ ਨਜ਼ਰ ਨਹੀਂ ਆਇਆ।
ਉਹ ਵਿਚਾਰਾ ਉਦਾਸ ਹੋ ਗਿਆ ਅਤੇ ਖੋਤਾ ਨਾ ਮਿਲਣ ਦੀਆਂ ਸਾਰੀਆਂ ਉਮੀਦਾਂ ਛੱਡ ਕੇ ਮੁੜ ਘਰ ਵੱਲ ਤੁਰ ਪਿਆ।
ਜਦੋਂ ਉਹ ਘਰ ਪੁੱਜਾਤਾਂ ਕਾਫ਼ੀ ਰਾਤ ਹੋ ਗਈ ਸੀ। ਉਹਦੀ ਘਰਵਾਲੀ ਘਰ ਦੇ ਬਾਹਰ ਖਲੋਤੀ ਸੀ। ਉਹ ਆਪਣੇ ਘਰਵਾਲੇ ਨੂੰ ਵੇਖਦਿਆਂ ਹੀ ਸਮਝ ਗਈ ਕਿ ਉਹ ਕਾਫ਼ੀ ਪ੍ਰੇਸ਼ਾਨ ਹੈ, ਹੋਵੇ ਨਾ ਹੋਵੇ..ਅੱਜ ਵੀ ਕੁਝ ਭੁੱਲ ਆਇਆ ਹੈ । ਇਹ ਸੋਚ ਕੇ ਉਹਨੇ ਪੁੱਛਿਆ“ਕੀ ਗੱਲ ਏ ? ਪ੍ਰੇਸ਼ਾਨ ਨਜ਼ਰ ਆ ਰਹੇ ਹੋ।“
“ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆਹੈ ।ਕਿਸਾਨ ਬੋਲਿਆ-“ਮੇਰੇ ਛੇ ਖੋਤਿਆਂ ਵਿਚੋਂ ਇਕ ਖੋਤਾ ਕਿਤੇ ਗੁਆਚ ਗਿਆ ਹੈ । ਜਦੋਂ ਮੈਂ ਘਰੋਂ ਗਿਆ ਸਾਂ ਤਾਂ ਪੂਰੇ ਛੇ ਖੋਤੇ ਸਨ । ਪਰ ਜਦੋਂ ਬਾਜ਼ਾਰੋਂ ਵਾਪਸ ਆਇਆ ਤਾਂ ਮੈਂ ਰਾਹ ਵਿਚ ਖੋਤਿਆਂ ਦੀ ਗਿਣਤੀ ਕੀਤੀ ਤਾਂ ਇਕ ਖੋਤਾ ਘੱਟ ਸੀ। ਕਈ ਵਾਰ ਗਿਣਤੀ ਕੀਤੀ, ਪਰ ਪੰਜ ਹੀ ਖੋਤੇ ਸਨ। ਇਹ ਕਹਿ ਕੇ ਉਹ
ਉਸ ਖੋਤੇ ਤੋਂ ਹੇਠਾਂ ਉਤਰਿਆ, ਜੀਹਦੇ `ਤੇ ਉਹ ਕਾਫ਼ੀ ਦੇਰ ਤੋਂ ਬੈਠਾ ਹੋਇਆ ਸੀ।
ਇਹ ਸੁਣ ਕੇ ਉਹਦੀ ਘਰਵਾਲੀ ਨੂੰ ਬੜਾ ਗੁੱਸਾ ਆਇਆ। ਉਹਦੇ ਸਾਹਮਣੇ ਛੇ ਖੋਤੇ ਖਲੋਤੇ ਸਨ। ਉਹ ਸਮਝ ਗਈ ਕਿ ਕੀ ਹੋਇਆ ਹੋਵੇਗਾ।
ਆਖ਼ਿਰਕਾਰ ਉਹਨੂੰ ਗੁੱਸਾ ਆ ਗਿਆ-“ਤੁਸੀਂ ਤਾਂ ਨਿਰੇ ਮੂਰਖ ਹੋ। ਤੁਸੀਂ ਉਸ ਖੋਤੇ ਨੂੰ ਤਾਂ ਗਿਣਿਆ ਹੀ ਨਹੀਂ, ਜੀਹਦੇ 'ਤੇ ਬੈਠੇ ਹੋਏ ਸੀ। ਹੁਣ ਗਿਣਤੀ ਕਰੋ , ਪੂਰੇ ਛੇ ਹੀ ਹਨ।
ਕਿਸਾਨ ਦੀ ਸਮਝ ਵਿਚ ਆ ਗਿਆ ਕਿ ਛੇਵਾਂ ਖੋਤਾ ਨਾ ਲੱਭਣ ਦਾ ਕੀ ਕਾਰਨ ਸੀ।
ਉਹ ਸ਼ਰਮਿੰਦਾ ਜਿਹਾ ਆਪਣੀ ਘਰਵਾਲੀ ਨੂੰ ਵੇਖਦਾ ਰਿਹਾ। ਆਪਣੀ ਸ਼ਰਮਿੰਦਗੀ ਦੂਰ ਕਰਨ ਲਈ ਉਹਨੇ ਆਪਣੀ ਘਰਵਾਲੀ ਨੂੰ ਆਖਿਆ “ਵੇਖ, ਗੱਲ ਏਦਾਂ ਏ ਕਿ ਸਾਰੇ ਦਿਨ ਦੀ ਭੱਜ-ਦੌੜ ਕਰਕੇ ਮੈਂ ਏਨਾ ਥੱਕ ਜਾਂਦਾ ਹਾਂ ਕਿ ਮੈਨੂੰ ਸਾਰਾ ਕੁਝ ਯਾਦ ਨਹੀਂ ਰਹਿੰਦਾ।“
0 Comments