ਲੂੰਮੜੀ ਅਤੇ ਹੰਸ
Lombdi ate Hans
ਕਿਸੇ ਜੰਗਲ ਵਿਚ ਇਕ ਬਹੁਤ ਹੀ ਚਲਾਕ ਲੂੰਮੜੀ ਰਹਿੰਦੀ ਸੀ। ਉਹਨੂੰ ਦੂਜਿਆਂ ਨੂੰ ਮੂਰਖ ਬਣਾਉਣ ਵਿਚ ਬਹੁਤ ਮਜ਼ਾ ਆਉਂਦਾ ਸੀ।
ਉਸ ਚਲਾਕ ਲੂੰਮੜੀ ਦੀ ਦੋਸਤੀ ਇਕ ਹੰਸ ਨਾਲ ਸੀ । ਪਰ ਵਿਚਾਰਾ ਹੰਸ ਬਹੁਤ ਹੀ ਸਿੱਧਾ-ਸਾਦਾ ਅਤੇ ਸੱਚਾ ਜਾਨਵਰ ਸੀ। ਇਕ ਦਿਨ ਲੂੰਮੜੀ ਨੇ ਸੋਚਿਆ ਕਿ ਕਿਉਂ ਨਾ ਹੰਸ ਨਾਲ ਥੋੜ੍ਹਾ ਜਿਹਾ ਹਾਸਾ-ਮਜ਼ਾਕ ਕੀਤਾ ਜਾਵੇ। ਇਹ ਸੋਚ ਕੇ ਉਹ ਹੰਸ ਕੋਲ ਗਈ ਤੇ ਉਹਨੂੰ ਆਪਣੇ ਘਰ ਰੋਟੀ ਖਾਣ ਵਾਸਤੇ ਸੱਦਾ ਦੇ ਦਿੱਤਾ।
“ਧੰਨਵਾਦ ! ਲੂੰਮੜੀ ਜੀ ਹੰਸ ਬੋਲਿਆ-“ਮੈਨੂੰ ਸੱਦਾ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ । ਮੈਂ ਜ਼ਰੂਰ ਆਵਾਂਗਾ।”
ਨਿਸ਼ਚਿਤ ਦਿਨ ਸਮੇਂ ਸਿਰ ਹੰਸ ਲੂੰਮੜੀ ਦੇ ਘਰ ਪਹੁੰਚ ਗਿਆ । ਜਦੋਂ ਰੋਟੀ ਦਾ ਵਕਤ ਆਇਆ ਤਾਂ ਜਿਵੇਂ ਪਹਿਲਾਂ ਤੋਂ ਹੀ ਯੋਜਨਾ ਬਣੀ ਹੋਈ ਸੀ, ਲੂੰਮੜੀ ਨੇ ਪਲੇਟਾਂ ਵਿਚ ਸੂਪ ਪਾਇਆ । ਲੂੰਮੜੀ ਵਾਸਤੇ ਤਾਂ ਪਲੇਟ ਵਿਚ ਸੂਪ ਪੀਣਾ ਕੋਈ ਮੁਸ਼ਕਿਲ ਕੰਮ ਨਹੀਂ ਸੀ ਪਰ ਵਿਚਾਰਾ ਹੰਸ ਆਪਣੀ ਚੁੰਝ ਦਾ ਸਿਰਫ਼ ਆਖ਼ਰੀ ਸਿਰਾ ਹੀ ਸੁਪ ਵਿਚ ਪਾ ਸਕਿਆ। ਹੰਸ ਭਲਾ ਚੁੰਝ ਨਾਲ ਸੁਪ ਕਿਵੇਂ ਪੀਂਦਾ। ਉਹ ਭੁੱਖਾ ਹੀ ਰਹਿ ਗਿਆ।
ਹੰਸ ਨੇ ਖ਼ੁਦ ਨੂੰ ਬਹੁਤ ਹੀ ਅਪਮਾਨਿਤ ਮਹਿਸੂਸ ਕੀਤਾ। ਉਹ ਸਮਝ ਗਿਆ ਕਿ ਲੂੰਮੜੀ ਨੇ ਉਹਦਾ ਮਜ਼ਾਕ ਉਡਾਉਣ ਲਈ ਹੀ ਇਹ ਸੱਦਾ ਪੱਤਰ ਦਿੱਤਾ ਸੀ।
ਉਧਰ ਲੂੰਮੜੀ ਨੇ ਮੁੜ ਮਜ਼ਾਕ ਸ਼ੁਰੂ ਕਰ ਦਿੱਤਾ-“ਕਿਉਂ, ਸੁਪ ਪਸੰਦ ਆਇਆ ਕਿ ਨਹੀਂ ?
ਧੰਨਵਾਦ ! ਹੰਸ ਬੋਲਿਆ-ਤੁਸੀਂ ਵੀ ਕਿਸੇ ਦਿਨ ਮੇਰੇ ਘਰ ਆਓ ਤੇ ਭੋਜਣ ਦਾ ਆਨੰਦ ਮਾਣੋ।
ਹੰਸ ਨੇ ਮਨ ਹੀ ਮਨ ਸੋਚ ਲਿਆ ਸੀ ਕਿ ਉਹ ਲੂੰਮੜੀ ਕੋਲੋਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵੇਗਾ। | ਅਗਲੇ ਹੀ ਦਿਨ ਲੂੰਮੜੀ ਹੰਸ ਦੇ ਘਰ ਪਹੁੰਚ ਗਈ।ਉਹ ਹੰਸ ਨੂੰ ਤੋਹਫ਼ੇ ਵਿਚ ਦੇਣ ਲਈ ਕੁਝ ਵੀ ਨਹੀਂ ਸੀ ਲਿਆਈ। “ਮੈਂ ਚੰਗੀ ਤਰ੍ਹਾਂ ਰੱਜ ਕੇ ਖਾਵਾਂਗੀ।’ ਲੂੰਮੜੀ ਨੇ ਸੋਚਿਆ।
ਹੰਸ ਨੇ ਵੀ ਭੋਜਨ ਵਿਚ ਸੂਪ ਹੀ ਤਿਆਰ ਕੀਤਾ ਸੀ। ਉਹਨੇ ਸੂਪ ਨੂੰ ਲੰਬੀ ਗਰਦਨ ਵਾਲੀ ਸੁਰਾਹੀ ਵਿਚ ਪਾਇਆ। ਹੰਸ ਤਾਂ ਆਪਣੀ ਲੰਬੀ ਚੁੰਝ ਸੁਰਾਹੀਦਾਰ ਭਾਂਡੇ ਵਿਚ ਪਾ ਕੇ ਕਾਫ਼ੀ ਮਜ਼ਾ ਲੈ ਕੇ ਸੁਪ ਪੀਤਾ। ਪਰ ਲੂੰਮੜੀ ਸੁਰਾਹੀ ਦੇ ਚਾਰੇ ਪਾਸੇ ਚੱਕਰ ਲਾ-ਲਾ ਕੇ ਇਹ ਵੇਖਦੀ ਰਹੀ ਕਿ ਉਹ ਸੁਪ ਕਿੰਝ ਪੀਵੇ ? ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਸੂਪ ਨਾ ਪੀ ਸਕੀ ਅਤੇ ਸਿਰਫ਼ ਸੁਰਾਹੀ ਨੂੰ ਬਾਹਰੋਂ ਹੀ ਚੱਟ ਸਕੀ। ਉਹਨੂੰ ਵੀ ਹੰਸ ਵਾਂਗ ਭੁੱਖਾ ਰਹਿਣਾ ਪਿਆ। ਇਸ ਤਰ੍ਹਾਂ ਹੰਸ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਲਿਆ।
0 Comments