ਹਿਰਨ ਦਾ ਬੱਚਾ ਅਤੇ ਬਾਰਾਂਸਿੰਗਾ
Hiran da Baccha ate Barasinga
ਇਕ ਦਿਨ ਇਕ ਹਿਰਨ ਦਾ ਬੱਚਾ ਅਤੇ ਇਕ ਬਾਰਾਂਸਿੰਗਾ ਦੋਵੇਂ ਕਿਸੇ ਜੰਗਲ ਵਿਚ ਇਕੱਠੇ ਘਾਹ ਚਰ ਰਹੇ ਸਨ। ਅਚਾਨਕ ਸ਼ਿਕਾਰੀ ਕੁੱਤਿਆਂ ਦਾ ਇਕ ਝੁੰਡ ਉਨ੍ਹਾਂ ਤੋਂ ਥੋੜੀ ਹੀ ਦੂਰੋਂ ਲੰਘਿਆ। ਬਾਰਾਂਸਿੰਗਾ ਤੁਰੰਤ ਝਾੜੀਆਂ ਦੇ ਮਗਰ ਲੁਕ ਗਿਆ ਅਤੇ ਹਿਰਨ ਦੇ ਬੱਚੇ ਨੂੰ ਵੀ ਇੰਜ ਹੀ ਕਰਨ ਲਈ ਆਖਿਆ। ਜਦੋਂ ਸ਼ਿਕਾਰੀ ਕੁੱਤੇ ਚਲੇ ਗਏ ਤਾਂ ਹਿਰਨ ਦੇ ਬੱਚੇ ਨੇ ਬਹੁਤ ਹੀ ਭੋਲੋਪਣ ਵਿਚ ਪੁੱਛਿਆ-“ਚਾਚਾ, ਤੁਸੀਂ ਇਨ੍ਹਾਂ ਕੁੱਤਿਆਂ ਨੂੰ ਵੇਖ ਕੇ ਡਰ ਕਿਉਂ ਗਏ ਸੀ ? ਜੇਕਰ ਤੁਸੀਂ ਉਨ੍ਹਾਂ ਨਾਲ ਲੜਨ ਵੀ ਲੱਗ ਪਵੋ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਹਾਰੋਗੇ ਨਹੀਂ। ਪਰਮਾਤਮਾ ਦੀ ਕ੍ਰਿਪਾ ਨਾਲ ਤੁਹਾਡੇ ਸਿੰਗ ਬਹੁਤ ਤਿੱਖੇ ਹਨ। ਤੁਹਾਡੇ ਲੰਬੇ ਲੰਬੇ ਪੈਰ ਹਨ। ਚਾਹੋ ਤਾਂ ਦੌੜ ਕੇ ਵੀ ਉਨ੍ਹਾਂ ਨੂੰ ਹਰਾ ਸਕਦੇ ਹੋ। ਤੁਹਾਡਾ ਸਰੀਰ ਵੀ ਕਈ ਗੁਣਾ ਵੱਡਾ ਹੈ। ਫਿਰ ਵੀ ਤੁਸੀਂ ਉਨ੍ਹਾਂ ਤੋਂ ਇਸ ਤਰਾਂ ਡਰ ਰਹੇ ਸੀ।
ਬਾਰਾਂਸਿੰਗੇ ਨੇ ਹਿਰਨ ਦੇ ਬੱਚੇ ਦੀ ਗੱਲ ਧਿਆਨ ਨਾਲ ਸੁਣੀ ਤੇ ਕਹਿਣ ਲੱਗਾ-ਵੇਖ ਪੁੱਤਰ, ਤੂੰ ਜੋ ਕਹਿ ਰਿਹਾ ਏਂ, ਉਹ ਬਿਲਕੁਲ ਸੱਚ ਹੈ। ਮੈਂ ਵੀ ਅਜਿਹਾ ਹੀ ਸੋਚਦਾ ਹਾਂ, ਪਰ ਸੱਚ ਤਾਂ ਇਹ ਹੈ ਕਿ ਸਾਡੇ ’ਚੋਂ ਜਦੋਂ ਵੀ ਕੋਈ ਇਨ੍ਹਾਂ ਸ਼ਿਕਾਰੀ ਕੁੱਤਿਆਂ ਦੇ ਹੱਥ ਆਇਆ ਹੈ, ਉਹ ਜੀਉਂਦਾ ਨਹੀਂ ਬਚਿਆ। ਇਹ ਉਹ ਡਰ ਹੈ ਜਿਹੜਾ ਪੀੜੀ-ਦਰ-ਪੀੜੀ ਤੁਰਦਾ ਆ ਰਿਹਾ ਹੈ। ਪੀੜਿਆਂ ਪੁਰਾਣਾ ਇਹ ਡਰ ਸਾਡੀਆਂ ਰਗਾਂ ਵਿਚ ਬਹਿ ਗਿਆ ਹੈ, ਸਾਡੀਆਂ ਕਿਰਿਆਵਾਂ ਵਿਚੋਂ ਝਲਕਦਾ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਜੰਗਲੀ ਜਾਨਵਰਾਂ ਦੇ ਸਾਹਮਣੇ ਆਉਂਦਿਆਂ ਹੀ ਅਸੀਂ ਹੁਸ਼ਿਆਰ ਹੋ ਜਾਂਦੇ ਹਾਂ ਅਤੇ ਆਪਣੇ ਬਚਣ ਦਾ ਕੋਈ ਨਾ ਕੋਈ ਜਤਨ ਕਰਨ ਲੱਗ ਜਾਂਦੇ ਹਾਂ।
ਸਿੱਟਾ : ਕਈ ਵਾਰ ਅਸੀਂ ਤਾਕਤਵਰ ਹੁੰਦਿਆਂ ਹੋਇਆਂ ਵੀ ਡਰਦੇ ਰਹਿੰਦੇ ਹਾਂ।
0 Comments