ਹੰਕਾਰੀ ਨੂੰ ਹਮੇਸ਼ਾ ਨੀਵਾਂ ਹੋਣਾ ਪੈਂਦਾ ਹੈ
Hankari nu Hamesha Niva Hona Penda Hai
ਪ੍ਰਾਚੀਨ ਕਾਲ ਦੀ ਗੱਲ ਹੈ। ਦੇਵਤਿਆਂ ਦੇ ਰਾਜਾ ਇੰਦਰ ਨੇ ਵਿਆਹ ਕਰਾਉਣ ਬਾਰੇ ਸੋਚ ਲਿਆ। ਉਸ ਨੇ ਸੋਚਿਆ ਕਿ ਇਹ ਵਿਆਹ ਏਨੀ ਸ਼ਾਨੋ-ਸ਼ੌਕਤ ਨਾਲ ਹੋਣਾ ਚਾਹੀਦਾ ਹੈ ਕਿ ਸਦੀਆਂ ਤਕ ਇਸਦੀ ਚਰਚਾ ਹੁੰਦੀ ਰਹੇ। ਇੰਜ ਤਦ ਹੀ ਹੋ ਸਕਦਾ ਸੀ, ਜੇਕਰ ਧਰਤੀ 'ਤੇ ਵੱਸਣ ਵਾਲੇ ਸਾਰੇ ਪਾਣੀ ਉਸਦੀ ਸ਼ਾਦੀ ਵਿਚ ਸ਼ਾਮਿਲ ਹੋਣ ਅਤੇ ਆਪਣੀਆਂ ਅੱਖਾਂ ਨਾਲ ਤੱਕਣ।
ਇਹ ਸੋਚ ਕੇ ਇੰਦਰਦੇਵ ਨੇ ਸਾਰੇ ਦੇਵੀ-ਦੇਵਤਿਆਂ ਦੇ ਨਾਲ-ਨਾਲ ਧਰਤੀ 'ਤੇ ਰਹਿਣ ਵਾਲੇ ਪ੍ਰਾਣੀਆਂ ਨੂੰ ਵੀ ਵਿਆਹ ਲਈ ਸੱਦਾ ਦੇ ਦਿੱਤਾ।
ਵਿਆਹ ਵਿਚ ਅਦਭੁੱਤ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ। ਉਸ ਖਾਣੇ ਦੀ ਖ਼ਾਸ ਗੱਲ ਇਹ ਸੀ ਕਿ ਉਥੇ ਹਰੇਕ ਪ੍ਰਾਣੀ ਦੀ ਇੱਛਾ ਮੁਤਾਬਕ ਖਾਣਾ ਸੀ। ਇਸ ਵਿਆਹ ਵਿਚ ਸਾਰੇ ਪ੍ਰਾਣੀ, ਭਾਵੇਂ ਉਹ ਚਾਰ ਪੈਰਾਂ ਵਾਲੇ ਸਨ ਜਾਂ ਦੋ ਪੈਰਾਂ ਵਾਲੇ , ਧਰਤੀ `ਤੇ ਤੁਰਨ ਵਾਲੇ ਜਾਂ ਰੇਂਗਣ ਵਾਲੇ ਜਾਂ ਅਸਮਾਨ ਵਿਚ ਉੱਡਣ ਵਾਲੇ, ਸਮੇਂ ਸਿਰ ਪਹੁੰਚ ਗਏ।
ਪਰ ਕੱਛੁਕੰਮਾ, ਜਿਹੜਾ ਆਪਣੀ ਹੌਲੀ ਚਾਲ ਕਰਕੇ ਪ੍ਰਸਿੱਧ ਹੈ, ਕਈ ਘੰਟੇ ਦੇਰ ਨਾਲ ਵਿਆਹ ਵਿਚ ਪੁੱਜਾ। ਉਸਦੀ ਦੇਰੀ ਕਰਕੇ ਸਾਰਾ ਪ੍ਰੋਗਰਾਮ ਰੁਕਿਆ ਹੋਇਆ ਸੀ। ਜਿਵੇਂ-ਜਿਵੇਂ ਸਮਾਂ ਲੰਘਦਾ ਜਾ ਰਿਹਾ ਸੀ, ਇੰਦਰਦੇਵ ਦਾ ਗੁੱਸਾ ਵੀ ਵਧਦਾ ਜਾ ਰਿਹਾ ਸੀ। ਜਿਵੇਂ ਹੀ ਕੱਛੂਕੁੰਮਾ ਉਥੇ ਪੁੱਜਾ, ਉਸੇ ਵਕਤ ਇੰਦਰਦੇਵ ਉਹਦੇ ’ਤੇ ਟੁੱਟ ਪਏ ।
“ਤੂੰ ਏਨੀ ਦੇਰ ਨਾਲ ਕਿਉਂ ਆਇਆ ਏਂ ?? ਇੰਦਰ ਦੇਵਤਾ ਨੂੰ ਗੁੱਸਾ ਆ ਗਿਆ-“ਅਸੀਂ ਸਾਰੇ ਤੈਨੂੰ ਉਡੀਕ ਰਹੇ ਹਾਂ। ਦੱਸ, ਤੈਨੂੰ ਇਥੇ ਪਹੁੰਚਣ ਵਿਚ ਦੇਰ ਕਿਵੇਂ ਹੋ ਗਈ।
ਬਜਾਇ ਇਸਦੇ ਕਿ ਕੱਛੂਕੁੰਮਾ ਦੇਰ ਨਾਲ ਆਉਣ ਲਈ ਮਾਫ਼ੀ ਮੰਗਦਾ, ਉਹ ਬੜੀ ਢੀਠਤਾਈ ਨਾਲ ਬੋਲਿਆ-“ਮੈਂ ਆਪਣੇ ਘਰ ਭਾਵ ਆਪਣੇ ਪਿਆਰੇ ਖੋਲ ਵਿਚ ਆਰਾਮ ਕਰ ਰਿਹਾ ਸਾਂ।
“ਕੀ ??? ਇੰਦਰ ਦੇਵਤਾ ਨੇ ਅੱਖਾਂ ਚੜਾ ਲਈਆਂ-“ਕੀ ਤੂੰ ਆਪਣੇ ਖੋਲ ਵਿਚ ਇੰਦਰ ਦੇ ਮਹੱਲ ਨਾਲੋਂ ਜ਼ਿਆਦਾ ਸੁਖੀ ਅਤੇ ਸੁਰੱਖਿਅਤ ਮਹਿਸੂਸ ਕਰਦਾ ਏਂ ? ਸੁਣ, ਓਏ ਮੂਰਖਾ! ਜੇਕਰ ਤੈਨੂੰ ਆਪਣਾ ਘਰ ਏਨਾ ਹੀ ਪਿਆ ਹੈ ਤਾਂ ਜਾ...ਅੱਜ ਤੋਂ ਤੂੰ ਜਿਥੇ ਵੀ ਜਾਵੇਂਗਾ, ਤੇਰਾ ਘਰ ਤੇਰੀ ਪਿੱਠ 'ਤੇ ਹੀ ਲੱਭਿਆ ਹੋਵੇਗਾ।
ਸਿੱਟਾ : ਹੰਕਾਰੀ ਨੂੰ ਹਮੇਸ਼ਾ ਨੀਵਾਂ ਹੋਣਾ ਪੈਂਦਾ ਹੈ।
0 Comments