ਘਮੰਡੀ ਦਾ ਸਿਰ ਨੀਵਾਂ
Ghamandi da Sir Niva
ਇਕ ਵਾਰ ਦੋ ਪਾਲਤੂ ਮੁਰਗੇ ਆਪਸ ਵਿਚ ਲੜਨ ਲੱਗ ਪਏ । ਦੋਵੇਂ ਹੀ ਆਪਣੇ-ਆਪਣੇ ਖੇਤਰਾਂ ਤੇ ਰਾਜੇ ਵਾਂਗ ਆਪਣਾ ਅਧਿਕਾਰ ਜਮਾਉਣਾ ਚਾਹੁੰਦੇ ਸਨ। ਝਗੜਾ ਏਨਾ ਜ਼ਿਆਦਾ ਵਧ ਗਿਆ ਕਿ ਦੋਵੇਂ ਬਹੁਤ ਬੁਰੀ ਤਰ੍ਹਾਂ ਆਪਸ ਵਿਚ ਗੁੱਥਮ-ਗੁੱਥਾ ਹੋ ਗਏ। ਦੋਵੇਂ ਹੀ ਆਪਣੇ ਨੁਕੀਲੇ ਪੰਜਿਆਂ ਨਾਲ ਇਕ-ਦੂਜੇ ਦਾ ਢਿੱਡ ਪਾੜ ਦੇਣਾ ਚਾਹੁੰਦੇ ਸਨ। ਲੜਾਈ ਦੌਰਾਨ ਦੋਵੇਂ ਮੁਰਗੇ ਹਵਾ ਵਿਚ ਉਪਰ ਉੱਡਦੇ, ਇਕ ਦੂਜੇ ਦੇ ਸਾਹਮਣੇ ਆਉਂਦੇ ਅਤੇ ਆਪਣੇ ਪੰਜਿਆਂ ਨਾਲ ਇਕ ਦੂਜੇ ਤੇ ਢਿੱਡ ਉੱਪਰ ਵਾਰ ਕਰਦੇ।
ਇਹ ਲੜਾਈ ਬਹੁਤ ਦੇਰ ਤਕ ਜਾਰੀ ਰਹੀ। ਇਕ ਮੁਰਗਾ ਤਾਂ ਏਨਾ ਜ਼ਿਆਦਾ ਜ਼ਖ਼ਮੀ ਹੋ ਗਿਆ ਕਿ ਉਹਨੇ ਮੈਦਾਨ ਹੀ ਛੱਡ ਦਿੱਤਾ। ਇਸ ’ਤੋਂ ਦੂਜਾ ਮੁਰਗਾ ਏਨਾ ਖ਼ੁਸ਼ ਹੋਇਆ ਕਿ ਉਹ ਇਕ ਇਮਾਰਤ ਦੀ ਛੱਤ 'ਤੇ ਚੜ੍ਹ ਗਿਆ ਤੇ ਚੀਕਣ ਲੱਗਾ ਪਿਆ-“ਮੈਂ ਜਿੱਤ ਗਿਆ। ਉਹ ਵੇਖੋ, ਉਹ ਡਰਪੋਕ ਭੱਜਾ ਜਾ ਰਿਹਾ ਹੈ ।
ਉਸ ਵਕਤ ਇਕ ਇੱਲ ਉਪਰ ਅਸਮਾਨ ਵਿਚ ਆਪਣੇ ਸ਼ਿਕਾਰ ਦੀ ਭਾਲ ਵਿਚ ਉੱਡ ਰਹੀ ਸੀ। ਉਹਨੇ ਥੱਲੇ ਮਕਾਨ ਦੀ ਛੱਤ 'ਤੇ ਮੁਰਗਾ ਖਲੋਤਾ ਵੇਖਿਆ। ਉਸ ਨੇ ਛੇਤੀ-ਛੇਤੀ ਮੁਰਗੇ ’ਤੇ ਝਪੱਟਾ ਮਾਰਿਆ ਅਤੇ ਉਹਨੂੰ ਆਪਣੇ ਖੂਨੀ ਪੰਜਿਆਂ ਵਿਚ ਦਬਾ ਕੇ ਉੱਡ ਗਈ। ਜ਼ਖ਼ਮੀ ਮੁਰਗੇ ਨੇ ਜਦੋਂ ਇੱਕ ਨੂੰ ਦੂਜੇ ਮੁਰਗੇ ਨੂੰ ਆਪਣੇ ਪੰਜਿਆਂ ਵਿਚ ਫਸਾ ਕੇ ਉੱਡਦੀ ਜਾਂਦੀ ਨੂੰ ਤੱਕਿਆ ਤਾਂ ਬੜਾ ਖੁਸ਼ ਹੋਇਆ ਤੇ ਮਨ ਹੀ ਮਨ ਕਹਿਣ ਲੱਗਾ-ਹੰਕਾਰ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ ।
0 Comments